ਪੰਜਾਬੀ ਦੇ ਚਮਤਕਾਰੀ ਲੇਖਕ (ਕਿਸ਼ਤ 5)

ਯਾਦਵਿੰਦਰ ਸਿੱਧੂ ਦਾ ਪੇਂਡੂ ਸ਼ੇਰਜੀਤ ਸਿੱਧੂ ਇਕ ਵਾਰ ਦੋ ਲੇਖ ਲੈ ਕੇ ਮੇਰੇ ਦਫਤਰ ਆਇਆ ਛਪਣ ਲਈ।ਮੈਂ ਸਰਸਰੀ ਜਿਹੀ ਨਿਗਾਹ ਮਾਰੀ। ਲੇਖ ਪੰਜਾਬੀ ਫਿਲਮਾਂ ਵਾਲਿਆਂ ਬਾਰੇ ਸੀ।ਦਿਲਚਸਪ ਸੀ। ਮੈਂ ਉਹਨੂੰ ਛਾਪਣ ਦਾ ਵਾਅਦਾ ਕਰ ਦਿੱਤਾ। ਜਦੋਂ ਮੈਂ ਦੂਜੇ ਲੇਖ ’ਤੇ ਨਿਗਾਹ ਮਾਰੀ ਤਾਂ ਉਸ ਉੱਤੇ ਸ਼ੇਰਜੀਤ ਦੀ ਬਜਾਏ ਕਿਸੇ ਕੁੜੀ ਦਾ ਨਾਮ ਸੀ। ਸੈਕਸੀ ਜਿਹਾ ਨਾਮ।ਮੇਰੇ ਪੁੱਛਣ ’ਤੇ ਉਹਨੇ ਦੱਸਿਆ ਕਿ ਕਿਸੇ ਦੋਸਤ ਕੁੜੀ ਦਾ ਹੈ। ਇੰਡੀਆ ਰਹਿੰਦੀ ਹੈ ਤੇ ਨਵੀਂ ਨਵੀਂ ਲਿਖਣ ਲੱਗੀ ਹੈ। ਮੈਂ ਬਾਅਦ ਵਿਚ ਜਦੋਂ ਮੈਡਮ ਦਾ ਲੇਖ ਪੜ੍ਹ ਰਿਹਾ ਸੀ ਤਾਂ ਮੈਨੂੰ ਲੱਗਾ ਕਿ ਉਹ ਲੇਖ ਪਹਿਲਾਂ ਵੀ ਕਿਧਰੇ ਪੜ੍ਹਿਆ ਹੈ। ਫਿਰ ਇਹ ਸੋਚਿਆ ਕਿ ਸ਼ਾਇਦ ਮੇਰਾ ਭੁਲੇਖਾ ਹੋਵੇਗਾ।ਲੇਖ ਕੰਪੋਜ਼ ਕਰਕੇ ਜਦੋਂ ਪਰੂਫਰੀਡਿੰਗ ਕਰਨ ਲੱਗਾ ਤਾਂ ਫੇਰ ਮੇਰੇ ਮਨ ਵਿਚ ਆਇਆ ਕਿ ਜ਼ਰੂਰ ਕਿਤੇ ਪੜ੍ਹਿਆ ਹੈ। ਮੈਂ ਕੁਝ ਮੈਗਜ਼ੀਨ ਫਰੋਲੇ ਤਾਂ ‘ਕਲਾਕਾਰ’ ਮੈਗਜ਼ੀਨ ਵਿਚ ਮੈਨੂੰ ਉਹ ਲੇਖ ਮਿਲ ਗਿਆ, ਪਰ ਉਥੇ ਲੇਖਕ ਦਾ ਨਾਮ ਹੋਰ ਸੀ ਤੇ ਉਹ ਲੇਖਕ ਵੀ ਇੰਗਲੈਂਡ ਦਾ ਸੀ। ਮੈਂ ਸ਼ੇਰਜੀਤ ਨੂੰ ਇਸ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ, “ਮੇਰਾ ਲੇਖ ਭਲਾਂ ਰਹਿਣ ਦੇਈਂ। ਪਰ ਤੂੰ ਉਹਦਾ ਛਾਪ ਦੇਈ। ਪੰਜਾਬੀ ਦੇ ਸੰਪਾਦਕ ਤਾਂ ਬੰਦਾ ਖਾਹ ਕੇ ਡਕਾਰ ਨਾ ਮਾਰਨ। ਤੈਥੋਂ ਐਨੀ ਗੱਲ ਨਹੀਂ ਸਾਂਭ ਹੁੰਦੀ।”
“ਪਰ ਜੀਹਦਾ ਲੇਖ ਹੈ। ਉਹ ਨਾ ਪਿਟੂਗਾ?”
“ਇਥੇ ਬੜ੍ਹਾ ਪਤਾ ਲੱਗਦੈ। ਅੰਨ੍ਹੀਂ ਨੂੰ ਬੋਲ੍ਹਾ ਧੂਹੀ ਫਿਰਦੈ।”
ਖੈਰ, ਮੈਂ ਲੇਖ ਵਿਚ ਕਾਫੀ ਸਾਰਾ ਫੇਰ ਬਦਲ ਕਰ ਦਿੱਤਾ। ਕੁਦਰਤੀ ਇਕ ਲੁੱਚਾ ਜਿਹਾ ਚੁਟਕਲਾ ਫਿੱਟ ਹੁੰਦਾ ਸੀ ਉਹ ਵੀ ਨਾਲ ਲਿਖ ਦਿੱਤਾ।ਲੇਖ ਦੇ ਥੱਲੇ ਲੇਖਕਾ ਦਾ ਫੋਨ ਨੰਬਰ ਵੀ ਲਿਖਿਆ ਹੋਇਆ ਸੀ, ਜੋ ਸ਼ੇਰਜੀਤ ਮੇਰੇ ਕੋਲ ਲਿਆਉਣ ਤੋਂ ਪਹਿਲਾਂ ਪੈਨ ਨਾਲ ਕੱਟ ਲਿਆਇਆ ਸੀ। ਮੈਨੂੰ ਹਾਸਾ ਆਇਆ ਕਿ ਸ਼ੇਰਜੀਤ ਦਾਈਆਂ ਤੋਂ ਢਿੱਡ ਲਕੋ ਰਿਹਾ ਹੈ! ਉਹਨਾਂ ਦਿਨਾਂ ਵਿਚ ਕਲਪਨਾ ਚਾਵਲਾ ਅਜੇ ਸੱਜਰੀ ਹੀ ਮਰੀ ਸੀ। ਉਸਦੀ ਖਬਰ ਕੰਪੋਜ਼ ਕਰਦਿਆਂ ਮੇਰੇ ਦਿਮਾਗ ਵਿਚ ਖਿਆਲ ਆਇਆ ਕਿ ਯਾਰ ਹੁਣ ਤਾਂ ਪੁਲਾੜ ਵਿਚ ਜਗ੍ਹਾ ਖਾਲੀ ਹੈ ਕਿਉਂਕਿ ਨਾ ਨਵੀਂ ਬੀਬੀ ਛੱਡੀਏ।ਮੈਂ ਉਸ ਲੇਖਕਾ ਦਾ ਲੇਖ ਚੁੱਕਿਆ ਤੇ ਪੁੱਠਾ ਕਰਕੇ ਟੇਬਲ ਲੈਂਪ ਮੂਹਰੇ ਕੀਤਾ ਤਾਂ ਮਿਟੇ ਹੋਣ ਦੇ ਬਾਵਜੂਦ ਵੀ ਸਾਰੇ ਹਿੰਦਸੇ ਉਘੜ ਆਏ। ਨੰਬਰ ਨੋਟ ਕਰਕੇ ਮੈਂ ਲੇਖਕਾਂ ਨੂੰ ਫੋਨ ਲਾ ਲਿਆ।ਅੱਧੇ ਘੰਟੇ ਦੀ ਗੱਲਬਾਤ ਦੌਰਾਨ ਲੇਖਕਾ ਨੂੰ ਚੰਗੇ ਖੰਭ ਲਾਏ। ਉਹਦੀ ਫੋਟੋ ਮੰਗੀ ਤੇ ਇਸ਼ਾਰੇ ਨਾਲ ਇਹ ਵੀ ਕਿਹਾ ਕਿ ਅੱਗੇ ਤੋਂ ਕੁਝ ਆਪਣਾ ਲਿਖ ਕੇ ਭੇਜੇ।ਪਰ ਉਹਨੂੰ ਸਮਝ ਨਾ ਆਈ ਕਿ ਉਸਦੀ ਚੋਰੀ ਫੜ੍ਹੀ ਗਈ ਹੈ। ਅਗਲੇ ਦਿਨ ਫੋਟੋ ਅਤੇ ਚਾਰ ਪੰਜ ਰਚਨਾਵਾਂ ਈ-ਮੇਲ ਰਾਹੀਂ ਆ ਗਈਆਂ।ਮੇਰੇ ਹੱਲਾਸ਼ੇਰੀ ਦੇਣ ਤੇ ਮਾਂ ਦੀ ਧੀ ਨੇ ‘ਕਲਾਕਾਰ’ ਦੇ ਉਸੇ ਅੰਕ ਨੂੰ ਹੀ ਵਾਢਾ ਧਰ ਦਿੱਤਾ ਸੀ ਤੇ ਇਕ ਇਕ ਕਰਕੇ ਸਾਰੇ ਲੇਖ, ਕਹਾਣੀਆਂ, ਕਵਿਤਾਵਾਂ ਚੋਰੀ ਕਰ ਲਈਆਂ ਸਨ।ਉਹਦੇ ਦਿਮਾਗ ਵਿਚ ਇਹ ਨਹੀਂ ਆਇਆ ਕਿ ਕਿਸੇ ਹੋਰ ਮੈਗਜ਼ੀਨ ਨੂੰ ਮੂੰਹ ਮਾਰ ਲਵੇ।ਲੇਖ ਫੋਟੋ ਅਤੇ ਫੋਨ ਨੰਬਰ ਸਮੇਤ ਜਦੋਂ ਛਪਿਆ ਤਾਂ ਲੇਖਕਾਂ ਨੂੰ ਇੰਗਲੈਂਡ ਤੋਂ ਨੌਜਵਾਨ ਪਾਠਕਾਂ ਦੇ ਫੋਨ ਜਾਣ ਲੱਗ ਪਏ।
ਦੋ ਕੁ ਹਫਤੇ ਬਾਅਦ ਮੈਨੂੰ ਲੇਖਕਾ ਦਾ ਖਿਆਲ ਆਇਆ ਕਿ ਥਰਮਾ ਮੀਟਰ ਲਾ ਕੇ ਲੇਖਕਾ ਦਾ ਤਾਪਮਾਨ ਚੈਕ ਕਰੀਏ। ਮੈਂ ਖੁਦ ਹੀ ਫਰਜੀ ਨਾਮ ਦੱਸ ਕੇ ਪਾਠਕ ਬਣ ਕੇ ਲੇਖਕਾ ਨੂੰ ਫੋਨ ਕਰ ਦਿੱਤਾ। ਲੇਖਕਾ ਬੈਨਸਨ ਦੀ ਆਤਿਸ਼ਬਾਜ਼ੀ ਵਾਂਗੂੰ ਬੋਤਲ ’ਚੋਂ ਉੱਡ ਉੱਡ ਜਾਵੇ।ਠੱਕ ਠੱਕ ਗੱਲਾਂ ਦੇ ਐਸੇ ਸ਼ੌਟ ਮਾਰੇ ਜਿਵੇਂ ਸਾਨੀਆ ਮਿਰਜ਼ਾ ਟੈਨਿਸ ਖੇਡਦੀ ਹੁੰਦੀ ਹੈ। ਪਹਿਲਾਂ ਤਾਂ ਉਹਨੂੰ ਚੁਟਕਲਾ ਸੁਣਾਇਆ ਜੋ ਮੈਂ ਕੋਲੋਂ ਪਾਇਆ ਸੀ। ਚੁਟਕਲਾ ਸੁਣ ਕੇ ਉਹ ਖਿੜ ਖਿੜ ਹੱਸੀ। ਕਿਉਂਕਿ ਚੁਟਕਲਾ ਉਸਨੇ ਪਹਿਲੀ ਵਾਰ ਸੁਣਿਆ ਸੀ। ਫੇਰ ਬਣਾ ਸੁਆਰ ਕੇ ਆਖਣ ਲੱਗੀ, “ਮੈਂ ਤਾਂ ਏਦਾਂ ਹੀ ਖੁੱਲ੍ਹਾ ਡੁੱਲ੍ਹਾ ਜਿਹਾ ਤਸਲੀਮਾ ਨਸਰੀਨ (ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਤਸਲੀਮਾ ਨੇ ਕੀ ਲਿਖਿਆ ਹੈ।) ਵਾਂਗੂੰ ਬੇਬਾਕੀ ਨਾਲ ਲਿਖ ਦਿੰਦੀ ਆਂ।”
“ਦੇਖਿਉ ਕਿਤੇ ਫਤਵਾ ਲੱਗ ਕੇ ਦੇਸ਼ ਨਿਕਾਲਾ ਨਾ ਹੋ ਜੋ?”
“ਫੇਰ ਤੁਹਾਡੇ ਵਰਗੇ ਮੇਰੇ ਪਾਠਕ ਜੋ ਹੈਗਾ ਆ ਬਾਹਰਲੇ ਮੁਲਖਾਂ ’ਚ ਸਾਭਣ ਵਾਲੇ।ਮੈਨੂੰ ਤਾਂ ਬਲਰਾਜ ਸਿੱਧੂ ਵੀ ਕਹਿੰਦਾ ਸੀ ਕਿ ਮੇਰੀ ਵਾਰਤਕ ਅੰਮ੍ਰਿਤਾ ਪ੍ਰੀਤਮ ਤੇ ਅਜੀਤ ਕੌਰ ਦੇ ਟੱਕਰਦੀ ਐ।ਕਹਾਣੀ ’ਚ ਮੈਂ ਵੀਨਾ ਵਰਮਾ ਨੂੰ ਪਿਛੇ ਛੱਡਗੀ। ਦੇਖਿਉ ਮੇਰੀਆਂ ਗਜ਼ਲਾਂ ਛਪਣਗੀਆਂ ਹੁਣ ਲੋਕ ਸੁਖਵਿੰਦਰ ਅੰਮ੍ਰਿਤ ਨੂੰ ਭੁੱਲ ਜਾਣਗੇ।…” ਇਉਂ ਲੇਖਕਾਂ ਨੇ ਡਰਬੀ ਰੇਸ ਕੋਰਸ ਦੇ ਘੋੜੇ ਕਿੰਗਫਿਸ਼ਰ ਵਾਲੀ ਸਪੀਡ ਨਾਲ ਪੌਣਾ ਘੰਟਾ ਐਸੇ ਫੈਂਟਰ ਛੱਡੇ ਕਿ ਮੈਂ ਦੋ ਤਿੰਨ ਵਾਰ ਤਾਂ ਕੁਰਸੀ ’ਤੇ ਬੈਠਾ ਡਿੱਗਣ ਹੀ ਲੱਗਾ ਸੀ। ਜੇ ਮੈਂ ਉਦੋਂ ਉਸਨੂੰ ਆਪਣਾ ਸਹੀ ਨਾਮ ਦੱਸ ਦਿੰਦਾ ਤਾਂ ਉਸਨੇ ਪਾਣੀ ਪਾਣੀ ਹੋ ਜਾਣਾ ਸੀ। ਪਰ ਮੈਂ ਉਹਦਾ ਭਰਮ ਬਣਿਆ ਹੀ ਰਹਿਣ ਦਿੱਤਾ। 
ਜਦੋਂ ਮੈਂ ਪੁੱਛਿਆ ਕਿ ਐਡਾ ਖੂਬਸੂਰਤ ਲੇਖ ਲਿਖਿਆ ਕਿਥੇ ਬੈਠ ਕੇ ਸੀ ਤਾਂ ਲੇਖਕਾ ਦਾ ਜੁਆਬ ਸੀ, “ਡਲਹੌਜੀ।” ਦੇਖੋ ਪੰਜਾਬੀ ਦੇ ਲੇਖਕਾਂ ਦਾ ਕਿੰਨਾ ਸਟੈਂਡਰਡ ਹਾਈ ਹੈ, ਚੋਰੀ ਦਾ ਲੇਖ ਲਿਖਣ ਲਈ ਵੀ ਡਲਹੌਜੀ ਤੋਂ ਨੇੜ੍ਹੇ ਨਹੀਂ ਖੜ੍ਹਦੇ।ਅਗਰ ਉਸਨੇ ਆਪਣੀ ਕੋਈ ਮੌਲਿਕ ਰਚਨਾ ਕਰਨੀ ਹੁੰਦਾ ਉਹ ਇੰਦਰਲੋਕ ਇੰਦਰ ਦੇ ਅਖਾੜੇ ਵਿਚ ਜਾ ਕੇ ਕਰਦੀ।
ਮੈਂ ਆਪਣੇ ਕੋਲੋਂ ਲਿਖ ਕੇ ਦੋ ਤਿੰਨ ਲੇਖ ਉਹਦੇ ਨਾਮ ਹੇਠ ਛਾਪੇ ਤਾਂ ਲੇਖਕਾ ਅਸਮਾਨੀ ਉਡਾਰੀਆਂ ਮਾਰਨ ਲੱਗ ਪਈ।ਉਹਨੇ ਰੱਬ ਨੂੰ ਯੱਬ ਦੱਸਣਾ ਸ਼ੁਰੂ ਕਰ ਦਿੱਤਾ।ਉਹਨੂੰ ਕਿਸੇ ਪ੍ਰਸੰਸਕ ਨੇ ਇੰਗਲੈਂਡ ਤੋਂ ਮੋਬਾਇਲ ਫੋਨ ਵੀ ਭੇਜ ਦਿੱਤਾ।ਸ਼ੇਰਜੀਤ ਨਾਲ ਵੀ ਉਸਦਾ ਰਵਈਆ ਬਦਲ ਗਿਆ। ਸ਼ੇਰਜੀਤ ਮੈਨੂੰ ਕਹਿਣ ਲੱਗਾ, “ਅਸਮਾਨ ’ਤੇ ਤਾਂ ਚਾੜ੍ਹ ਦਿੱਤੀ ਐ। ਹੁਣ ਹੇਠਾਂ ਕਿਵੇਂ ਲਾਵੇਗਾ?”
“ਹੇਠਾਂ ਨ੍ਹੀਂ ਹੁਣ ਇਹ ਲਹਿਣੀ।ਇਹ ਤਾਂ ਹੁਣ ਕਲਪਨਾ ਚਾਵਲਾ ਦੀ ਥਾਂ ਅੰਤਰਰਿਕਸ਼ ’ਚ ਹੀ ਰਹੂਗੀ। ਜਿਦਣ ਇਹਦਾ ਸਪੇਸਸ਼ਿਪ ਹਾਦਸਾਗ੍ਰਸਤ ਹੋਇਆ ਉਦਣ ਧਰਤੀ ’ਤੇ ਆਊ।” ਕਹਿ ਕੇ ਮੈਂ ਹੱਸ ਪਿਆ।
ਉਹ ਲੇਖਕਾ ਥੱਮਜ਼ਅੱਪ ਵੀ ਕਿਤੇ ਵਰ੍ਹੇ ਛਮਾਹੀ ਸ਼ਹਿਰ ਗਈ ਪੀਂਦੀ ਹੁੰਦੀ ਸੀ ਤੇ ਹੁਣ ਫਰੈਂਚ ਵਾਈਨ ਤੋਂ ਥੱਲੇ ਗੱਲ ਨਹੀਂ ਕਰਦੀ। ਹੁਣ ਉਹਨੂੰ ਕੁਲੂ ਮਨਾਲੀ ਦੇ ਸਾਰੇ ਹੋਟਲਾਂ ਦੀ ਰੇਟ ਲਿਸਟ ਯਾਦ ਹੈ। ਇਕ ਮਾਸਕ ਮੈਗਜ਼ੀਨ ਵਿਚ ਛਪਣ ਲਈ ਉਹ ਜਿਸ ਸੰਪਾਦਕ ਦੀਆਂ ਮਿੰਨਤਾਂ ਕਰਦੀ ਹੁੰਦੀ ਸੀ। ਰਚਨਾ ਮੰਗਣ ’ਤੇ ਉਸ ਸੰਪਾਦਕ ਨੂੰ ਉਸਦਾ ਜੁਆਬ ਸੀ, “ਮਾੜੇ ਮੋਟੇ ਮੈਗਜ਼ੀਨਾਂ ’ਚ ਨ੍ਹੀਂ ਮੈਂ ਛਪਦੀ ਹੁੰਦੀ। ਮੇਰੇ ਲੇਖ ਤਾਂ ਇੰਗਲੈਂਡ ’ਚ ਛਪਦੇ ਨੇ।”
ਸੰਪਾਦਕ ਦੋਸਤ ਨੇ ਉਚੇਚਾ ਫੋਨ ਕਰਕੇ ਇਹ ਗੱਲ ਦੱਸੀ ਤੇ ਪੱਛਣ ਲੱਗਾ, “ਯਾਰ ਤੁਸੀਂ ਲੇਖਕਾਂ ਨੂੰ ਟੀਕਾ ਲਾਉਣ ਵੇਲੇ ਦਵਾਈ ਕਿਹੜੀ ਭਰਦੇ ਹੁੰਦੇ ਓ?”
ਇੰਡੀਆ ਗਏ ਨੇ ਮੈਂ ਉਹਦੇ ਦੁੱਧ ਵਰਗੇ ਦਰਸ਼ਨ ਕਰਨੇ ਚਾਹੇ ਤਾਂ ਉਹਨੇ ਮੈਨੂੰ ਜਲੰਧਰ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਬੁਲਾਇਆ, “ਇਕੱਲਾ ਆਈਂ” ਸਖਤ ਲਹਿਜ਼ੇ ਵਿਚ ਕਿਹਾ।
“ਹੋਰ ਮੈਂ ਕਿਹੜਾ ਨਾਲ ਮਿਲਟਰੀ ਲਿਆਉਣੀ ਐ।”
ਇਹ ਤਾਂ ਮੈਂ ਆਪਣੀ ਚੁਸਤੀ ਨਾਲ ਬਚ ਗਿਆ। ਵਰਨਾ ਉਹਨੇ ਤਾਂ ਮੇਰਾ ਮੀਟਰ ਘੁੰਮਾਉਣ ਦੀ ਪੂਰੀ ਸਕੀਮ ਬਣਾਈ ਹੋਈ ਸੀ।ਹੁਣ ਤਾਂ ਉਸ ਲੇਖਕਾਂ ਦੀ ਇਹ ਹਾਲਤ ਹੋ ਗਈ ਹੈ ਕਿ ਜੇ ਦੂਰਬੀਨ ਲੈ ਕੇ ਵੀ ਦੇਖੀਏ ਤਾਂ ਵੀ ਨਜ਼ਰ ਨਹੀਂ ਆਉਂਦੀ।
ਪੰਜਾਬੀ ਦਾ ਕਵੀਦਰਬਾਰ ਹੋਵੇ ਤਾਂ ਇਕ ਗੱਲ ਮਜ਼ੇਦਾਰ ਦੇਖਣ ਨੂੰ ਮਿਲਦੀ ਹੈ। ਕਵੀ ਨੂੰ ਆਪਣੀ ਕਵਿਤਾ ਸੁਣਾਉਣ ਬਾਅਦ ਜ਼ਰੂਰੀ ਕੰਮ ਪੈ ਜਾਂਦਾ ਹੈ ਤੇ ਉਸਨੇ ਜਲਦੀ ਘਰੇ ਜਾਣਾ ਹੁੰਦਾ ਹੈ।ਕਵੀਆਂ ਦੀ ਇਸ ਆਦਤ ਬਾਰੇ ਤਾਂ ਪੰਜਾਬੀ ਵਿਚ ਕਿਸੇ ਨੇ ਚੁਟਕਲਾ ਵੀ ਘੜ੍ਹ ਲਿਆ ਹੈ।ਦੋ ਵਿਅਕਤੀ ਅੱਗੜ-ਪਿਛੜ ਭੱਜੇ ਜਾ ਰਹੇ ਹੁੰਦੇ ਹਨ।ਪਿਛਲਾ ਉੱਚੀ ਉੱਚੀ ‘ਫੜ੍ਹੋ ਫੜ੍ਹੋ’ ਬੋਲ ਰਿਹਾ ਹੁੰਦਾ ਹੈ। ਉਸ ਨੂੰ ਕੋਈ ਹੋਰ ਵਿਅਕਤੀ ਰੋਕ ਕੇ ਕਾਰਨ ਪੁੱਛਦਾ ਹੈ ਤਾਂ ਅੱਗੋ ਉਹ ਜੁਆਬ ਦਿੰਦਾ ਹੈ, “ਯਾਰ ਉਹ ਆਪਣੀ ਕਵਿਤਾ ਸੁਣਾ ਗਿਆ ਤੇ ਹੁਣ ਮੇਰੀ ਸੁਣਦਾ ਨਹੀਂ।”
ਇਸ ਨਾਲ ਮਿਲਦੀ ਜੁਲਦੀ ਸੁਰਜੀਤ ਪਾਤਰ ਨੇ ਇਕ ਵਾਰ ਹੱਢਬੀਤੀ ਸੁਣਾਈ। ਉਹ ਤੇ ਕੁਝ ਕਵੀ ਮੁਸ਼ਾਇਰੇ ਤੋਂ ਆ ਰਹੇ ਸੀ।ਰਸਤੇ ਵਿਚ ਮੁਸ਼ਾਇਰੇ ਵਿਚੋਂ ਮਿਲੇ ਪੈਸਿਆਂ ਦੀ ਬੋਤਲ ਲੈ ਕੇ ਪੀਣ ਖੜ੍ਹ ਗਏ। ਪੁਲਸ ਵਾਲੇ ਫੜ੍ਹ ਕੇ ਲੈ ਗਏ।ਉਹ ਜਾ ਕੇ ਐਸ ਐਚ ਓ ਨੂੰ ਕਹਿਣ ਲੱਗੇ ਅਸੀਂ ਕਵੀ ਹਾਂ।ਕਵੀ ਦਰਬਾਰ ’ਚੋਂ ਆਏ ਸੀ। ਸੋਚਿਆ ਘਰਾਂ ਨੂੰ ਜਾਣ ਤੋਂ ਪਹਿਲਾਂ ਘੁੱਟ ਘੁੱਟ ਪੀ ਚੱਲੀਏ।
ਇਹ ਸੁਣ ਕੇ ਐਸ. ਐਚ. ਓ. ਮੁਣਸ਼ੀ ਨੂੰ ਕਹਿਣ ਲੱਗਾ, “ਦਰਵਾਜ਼ਾ ਬੰਦ ਕਰ ਮੁਣਸ਼ੀ, ਭੱਜ ਨਾ ਜਾਣ। ਮੇਰੀ ਡਾਇਰੀ ਲਿਆ, ਇਹਨਾਂ ਨੂੰ ਕਵਿਤਾਵਾਂ ਸੁਣਾਈਏ।”
ਲੇਖਕਾਂ ਅਤੇ ਸ਼ਰਾਬ ਦਾ ਸੱਗੀ ਪਰਾਂਦੇ ਵਾਲਾ ਸਾਥ ਹੁੰਦਾ ਹੈ।ਇਕ ਵਾਰ ਗੀਤਕਾਰ ਗੁਰਦੇਵ ਮਾਨ ਹੋਰੀਂ ਮੁਸ਼ਾਇਰੇ ਤੋਂ ਆਏ ਤੇ ਸ਼ਰਾਬ ਦੀ ਬੋਤਲ ਲੈ ਕੇ ਰਸਤੇ ਵਿਚ ਪੈਂਦੀ ਕਿਸੇ ਦੀ ਮੋਟਰ ’ਤੇ ਬੈਠ ਗਏ। ਪੀਣ ਲਈ ਗਿਲਾਸ ਨਾ ਲੱਭਣ। ਫਿਰ ਸਲਾਹ ਹੋਈ।ਮਸ਼ਕ ਵੀ ਚਮੜੇ ਦੀ ਹੁੰਦੀ ਹੈ ਤੇ ਜੁੱਤੀਆਂ ਵੀ ਚਮੜੇ ਦੀਆਂ। ਚਲੋ ਜੁੱਤੀਆਂ ’ਚ ਸ਼ਰਾਬ ਪਾ ਕੇ ਪੀਓ। ਤੇ ਇੰਝ ਹੀ ਕੀਤਾ ਗਿਆ।
ਸਾਡੀ ਦਲੀਪ ਕੌਰ ਟਿਵਾਣਾ ਲਿਖਦੀ ਹੈ। ਮੈਂ ਕਹਾਣੀ ਲਿਖੀ। ਮੈਨੂੰ ਲੱਗਿਆ ਮੈਂ ਕਹਾਣੀ ਲਿਖ ਸਕਦੀ ਹਾਂ। ਉਹੇ ਜਿਹੀਆਂ ਅੱਠ ਨੌ ਕਹਾਣੀਆਂ ਹੋਰ ਲਿਖੀਆਂ। ਕਿਤਾਬ ਛਾਪ ਲਈ ਮੈਂ ਲੇਖਿਕਾ ਬਣ ਗਈ। ਲੇਖਕ ਬਣਨਾ ਕਿਹੜੀ ਔਖੀ ਗੱਲ ਹੈ? ਪਰ ਹੁਣ ਤਾਂ ਲੇਖਕ ਬਣਨਾ ਹੋਰ ਵੀ ਸੌਖਾ ਹੋ ਗਿਆ ਹੈ। ਤੁਹਾਨੂੰ ਕਿਤਾਬ ਲਿਖਣ ਦੀ ਵੀ ਜ਼ਰੂਰਤ ਨਹੀਂ। ਕੋਈ ਵੀ ਅਖਬਾਰ ਜਾਂ ਮੈਗਜ਼ੀਨ ਚੁੱਕੋ। ਉਸ ਵਿਚ ਕਿਸੇ ਲੇਖਕ ਦੀ ਰਚਨਾ ਪੜ੍ਹੋ ਤੇ ਅਖਬਾਰ ਨੂੰ ਚਿੱਠੀ ਲਿਖ ਦੇਉ ਰਚਨਾ ਬੜ੍ਹੀ ਵਧੀਆ ਸੀ। ਤੁਹਾਨੂੰ ਇਹ ਵੀ ਲਿਖਣ ਦੀ ਜ਼ਰੂਰਤ ਨਹੀਂ ਕਿ ਉਹ ਕਿਉਂ ਵਧੀਆ ਸੀ ਜਾਂ ਉਸ ਦੇ ਕੀ ਗੁਣ ਹਨ। ਤੁਹਾਡੀ ਚਿੱਠੀ ਛਪ ਜਾਵੇਗੀ। ਇਹੋ ਜਿਹੀਆਂ ਉਪਰੋ-ਥਲੀ ਦੋ ਤਿੰਨ ਚਿੱਠੀਆਂ ਛਪਵਾਉ। ਤੁਸੀਂ ਲੇਖਕ ਬਣ ਗਏ।
ਇੰਝ ਹੀ ਇਕ ਵਾਰ ਇਕ ਸਵਿਟਜ਼ਰਲੈਂਡ ਰਹਿੰਦੇ ਬੰਦੇ ਸਤਪਾਲ ਸਿੰਘ ਸਤ ਦਾ ਪਾਠਕਾਂ ਦੇ ਪੱਤਰ ਵਿਚ ਖਤ ਛਪ ਗਿਆ। ਉਹਦਾ ਹੌਂਸਲਾ ਖੁੱਲ੍ਹ ਗਿਆ। ਡੰਗਰ ਦਾ ਮੂੰਹ ਮੇਰੇ ਵੱਲ ਹੋ ਗਿਆ, ਜਿਵੇਂ ਮੈਂ ਉਹਦੀ ਕੁੜੀ ਕੱਢ ਲਈ ਹੁੰਦੀ ਹੈ ਤੇ ਉਹਨੇ ਕਸਮ ਖਾਹ ਲਈ ਮੇਰੇ ਖਿਲਾਫ ਲਿਖਣ ਦੀ।ਲੱਚਰ ਲਿਖਦੈ, ਲੱਚਰ ਲਿਖਦੈ ਕਰੀ ਜਾਇਆ ਕਰੇ।ਪਹਿਲਾਂ ਤਾਂ ਮੈਂ ਇਹ ਕਹਿ ਕੇ ਨਜ਼ਰਅੰਦਾਜ਼ ਕਰਦਾ ਰਿਹਾ ਕਿ, ‘Creator is always greater than Critric.’ ਫਿਰ ਉਹ ਰਚਨਾ ਦੀ ਆਲੋਚਨਾ ਬਜਾਏ ਥੋੜ੍ਹਾ ਪਰਸਨਲ ਹੋਣ ਲੱਗ ਪਿਆ।ਮੈਨੂੰ ਯਾਰ ਦੋਸਤ ਕਹਿਣ ਲੱਗੇ, “ਨੱਥ ਪਾ ਇਹਨੂੰ ਇਹ ਤਾਂ ਤੇਰੇ ਸਿੰਗ ਮਾਰੂ।ਨਾਲੇ ਉਹ ਆਹ ਇਕ ਲੇਖਕ ਦੀ ਤਰੀਫ ਕਰੀ ਜਾਂਦੈ ਤੇ ਉਹ ਲੇਖਕ ਵੀ ਗੰਦ ਚੰਗਾ ਵੱਢਦਾ ਹੈ। ਇਹ ਇਕੱਲਾ ਤੈਨੂੰ ਲੱਚਰ ਆਖੀ ਜਾਂਦਾ ਹੈ। ਫਿਰ ਆਹ ਦੇਖ ਇਹ ਲੇਖਕ ਉਸ ਕੋਲ ਜਾ ਕੇ ਠਹਿਰ ਰਿਹਾ ਹੈ। ਗੱਲ ਸਮਝ ਆਈ?”
ਮੈਂ ਸਮਝ ਗਿਆ।ਮੇਰਾ ਇਕ ਪਾਠਕ ਸਵਿਟਜ਼ਰਲੈਂਡ ਰਹਿੰਦਾ ਸੀ। ਕੁਦਰਤੀ ਉਹਦਾ ਫੋਨ ਆ ਗਿਆ ਤੇ ਮੈਂ ਚਿੱਠੀਆਂ ਵਾਲੇ ਬਾਬੇ ਬਾਰੇ ਉਸਨੂੰ ਪੜਤਾਲ ਕਰਨ ਲਈ ਕਿਹਾ। ਅੱਗੋਂ ਉਹ ਸਤ ਸਾਹਿਬ ਨੂੰ ਜਾਣਦਾ ਸੀ ਤੇ ਬਾਬੇ ਦਾ ਉਹਨੇ ਸਾਰਾ ਜੀਵਨ ਬਿਓਰਾ ਤੇ ਜਨਮ ਪੱਤਰੀ ਮੈਨੂੰ ਸੁਣਾ ਦਿੱਤੀ, “ਦੇਖ ਲੈ ਬਾਈ ਕਹੇਂ ਤਾਂ ਸਰਵਿਸ ਕਰ ਦਿੰਦੇ ਹਾਂ?”
ਮੈਂ ਉਸ ਨੂੰ ਹਟਾਇਆ, “ਨਹੀਂ ਤੁਸੀਂ ਨਾ ਕੁਝ ਕਰਿਓ। ਇਲਜ਼ਾਮ ਮੇਰੇ ਸਿਰ ’ਤੇ ਹੀ ਆ ਜਾਣੈ, ਆਪਾਂ ਗੁੰਡਾਗਰਦੀ ਨ੍ਹੀਂ ਕਰਨੀ। ਦਿਮਾਗ ਨਾਲ ਹੀ ਢਾਵਾਂਗੇ ਇਹਨੂੰ। ਜਦੋਂ ਅੜਿਕੇ ਆਇਆ ਦਰਸ਼ਣ ਡੇਲੋਂ ਵਾਂਗੂ ਕੇਲਾ ਖੁਆ ਕੇ ਉਹਦਾ ਇਨਕਾਉਂਟਰ ਮੈਂ ਹੀ ਕਰੂੰ। ਹੁਣ ਉਹ ਚਿੱਠੀਆਂ ਛਾਪ ਕੇ ਆਪਣੇ ਆਪਨੂੰ ਲੇਖਕ ਸਮਝਣ ਲੱਗ ਪਿਐ। ਚਾਮ੍ਹਲਿਆ ਹੋਇਆ ਹੈ। ਹੁਣ ਉਹ ਕੋਈ ਗਲਤੀ ਜ਼ਰੂਰ ਕਰੇਗਾ ਤੇ ਫੇਰ ਪੁੱਤ ਬਣਾਵਾਂਗੇ।”
ਇਕ ਦਿਨ ਐਵੇਂ ਬੈਠਾ ਬੈਠਾ ਮੈਂ ਬਲੈਕ ਲੇਬਲ ਦੀ ਪੂਰੀ ਬੋਤਲ ਪੀ ਗਿਆ। ਬੋਤਲ ਪੀ ਕੇ ਖਿਆਲ ਆਇਆ ਕਿ ਬੋਤਲ ਤਾਂ ਪੀ ਲਈ ਮਨਾ ਹੁਣ ਖੇੜਨੀ ਕੀਹਦੇ ’ਤੇ ਹੈ? ਕਿਸੇ ਲੇਖਕ ਨੂੰ ਫੜ੍ਹਨ ਦੇ ਮਕਸਦ ਨਾਲ ਮੈਂ ਅਖਬਾਰ ਖੋਲ੍ਹਿਆ ਤਾਂ ਪਾਠਕਾਂ ਦੇ ਪੱਤਰਾਂ ਵਾਲਾ ਸਫਾ ਸਾਹਮਣੇ ਆ ਗਿਆ।ਜਿਸ ਵਿਚ ਸਵਿਟਜ਼ਰਲੈਂਡ ਵਾਲੇ ਬਾਬੇ ਸਤਪਾਲ ਸਤ ਦੀ ਰਚਨਾ ਸੀ। ਮੈਨੂੰ ਸ਼ਿਕਾਰ ਲੱਭ ਗਿਆ।ਉਸ ਬਾਬੇ ਨੇ ਮੇਰੀ ਨਿੰਦਿਆ ਵਾਲੇ ਖਤ ਵਿਚ ਕਿਸੇ ਭੁਪਿੰਦਰ ਸਿੰਘ ਦੀ ਕਵਿਤਾ ਦੀ ਤਾਰੀਫ ਕੀਤੀ ਹੋਈ ਸੀ।ਮੈਂ ਰਿਕਾਡਰ ਫੋਨ ਨਾਲ ਲਾਇਆ ਤੇ ਭੁਪਿੰਦਰ ਸਿੰਘ ਬਣ ਕੇ ਸਵਿਟਜ਼ਰਲੈਂਡ ਫੋਨ ਲਾ ਲਿਆ।ਬਾਬਾ ਜੀ ਨੂੰ ਫੂਕ ਛਕਾਈ ਤੇ ਉਹ ਸਾਰਾ ਕੁਝ ਬਕਾ ਲਿਆ ਜੋ ਮੈਂ ਸੁਣਨਾ ਚਾਹੁੰਦਾ ਸੀ। ਬਾਬਾ ਜੋਤਿਸ਼ੀਆਂ ਦੇ ਤੋਤੇ ਵਾਂਗੂੰ ਬੋਲੇ। ਜਦੋਂ ਬਾਬੇ ਨੇ ਸਾਰਾ ਕੁਝ ਉਗਲ ਦਿੱਤਾ ਤਾਂ ਮੈਂ ਫੋਨ ਰੱਖ ਕੇ ਪਹਿਲਾਂ ਰਿਕਾਡਿੰਗ ਚੈਕ ਕੀਤੀ। ਫੇਰ ਬਾਬੇ ਨੂੰ ਦੁਬਾਰਾ ਫੋਨ ਲਾ ਲਿਆ। ਜਦੋਂ ਬਾਬੇ ਨੂੰ ਆਪਣਾ ਅਸਲੀ ਨਾਮ ਦੱਸਿਆ ਤਾਂ ਉਹਨੂੰ ਸੱਪ ਸੁੰਘ ਗਿਆ।ਪਹਿਲਾਂ ਰੱਜ ਕੇ ਗਾਲ੍ਹ ਵਰਾਈ। ਅਠਾਰਾਂ ਪੌਂਡ ਬੋਤਲ ਵਾਲੇ ਖਰੇ ਕੀਤੇ। ਬਾਬੇ ਨੇ ਸਾਰੇ ਮੈਗਜ਼ੀਨ ਵਿਚੋਂ ਸਭ ਤੋਂ ਪਹਿਲਾਂ ਮੇਰੀ ਅੱਠ ਸਫਿਆਂ ਦੀ ਕਹਾਣੀ ਪੜ੍ਹੀ ਸੀ ਤੇ ਇਥੋਂ ਤੱਕ ਕਿ ਆਪਣੇ ਚਹੇਤੇ ਲੇਖਕ ਦੀ ਇਕ ਸਫੇ ਦੀ ਰਚਨਾ ਵੀ ਨਹੀਂ ਸੀ ਪੜ੍ਹੀ।
ਮੈਂ ਉਹਨੂੰ ਪੈ ਨਿਕਲਿਆ, “ਜਦ ਤੈਨੂੰ ਪਤੈ ਮੈਂ ਲੁੱਚਾਂ, ਅਸ਼ਲੀਲ ਕਹਾਣੀਆਂ ਲਿਖਦਾਂ। ਤੂੰ ਮੇਰੀ ਕਹਾਣੀ ਕਿਉਂ ਪੜ੍ਹੀ? ਨਾਲੇ ਤੇਰਾ ਬੰਦਾ ਵੀ ਅਸ਼ਲੀਲ ਲਿਖਦਾ ਤੂੰ ਉਹਦੇ ਬਾਰੇ ਇਕ ਅੱਖਰ ਨਹੀਂ ਲਿਖਿਆ।”
“ਉਹਨੂੰ ਮੈਂ ਉਂਝ ਦੱਸ ਦਿੱਤਾ ਸੀ। ਉਹ ਕਹਿੰਦਾ ਕਦੇ ਕਦੇ ਲਿਖਣਾ ਪੈ ਜਾਂਦੈ।”
“ਆਹੋ ਤੋਪ ਨਾਲ ਬੰਨ੍ਹਿਆ ਹੁੰਦੈ ਉਹਨੂੰ… ਲਿਖਣਾ ਪੈ ਜਾਂਦੈ।”
“ਉਹ ਤਾਂ ਮੈਨੂੰ ਕਹਿੰਦਾ ਸੀ ਤੂੰ ਬਹੁਤ ਪੜ੍ਹਿਆਂ ਹੋਇਆ ਲੇਖਕ ਹੈਂ?”
“ਪੜ੍ਹਿਆ ਤਾਂ ਹੈਗਾਂ।ਪਰ ਮੈਂ ਅੜਬ ਜੱਟ ਵੀ ਆਂ।ਬਾਦਲ ਨੇ ਐਲਾਨ ਕਰਵਾ ਦਿੱਤਾ ਕਿ ਪੁਲਿਸ ਮਹਿਕਮਾ ਆਮ ਨਾਗਰਿਕ ਨੂੰ ਸ਼੍ਰੀ ਮਾਨ ਜੀ ਆਖ ਕੇ ਸੰਬੋਧਨ ਕਰਿਆ ਕਰੇਗਾ। ਰਾਏਕੋਟ ਠਾਣੇ ਵਿਚ ਇਕ ਬੰਦਾ ਆਪਣੇ ਮਕਾਨ ਮਾਲਕ ਦੀ ਵਧੀਕੀ ਵਿਰੁੱਧ ਸ਼ਿਕਾਇਤ ਦੀ ਅਰਜ਼ੀ ਲਿਖ ਲਿਆਇਆ। ਮੁਣਸ਼ੀ ਨੇ ਬਿਨਾ ਪੜ੍ਹਿਆਂ ਕਹਿ ਦਿੱਤਾ, ਠੀਕ ਨਹੀਂ ਦੁਬਾਰਾ ਲਿਖ ਕੇ ਲਿਆ। ਉਹ ਬੰਦਾ ਦੁਬਾਰਾ ਲਿਖ ਲਿਆਇਆ। ਮੁਣਸ਼ੀ ਨੇ ਫੇਰ ਆਖ ਦਿੱਤਾ ਸਹੀ ਕਰਕੇ ਲਿਆ। ਉਹ ਬੰਦਾ ਕਹਿੰਦਾ ਤੁਸੀਂ ਆਪ ਹੀ ਲਿਖ ਲਊ ਜਿਵੇਂ ਲਿਖਣੀ ਹੈ।ਮੁਣਸ਼ੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਉਸ ਨੂੰ ਕਹਿ ਦਿੱਤਾ, ਔਹ ਮੁੰਡਾ ਰਾਇਟਰ ਹੈ। ਉਸ ਤੋਂ ਲਿਖਾ ਕੇ ਲਿਆ। ਉਸ ਬੰਦੇ ਨੇ ਮੇਰੇ ਕੋਲ ਆ ਕੇ ਦਰਖਾਸਤ ਲਿਖਣ ਦੀ ਬੇਨਤੀ ਕੀਤੀ। ਮੈਂ ਉਸਨੂੰ ਸਮਝਾਇਆ ਕਿ ਇਹਦੇ ਨਾਲ ਹਜ਼ਾਰ ਪੰਜ ਸੌ ਨੱਥੀ ਕਰ, ਇਹੀ ਠੀਕ ਹੋ ਜਾਣੀ ਹੈ। ਉਹ ਬੰਦਾ ਮੁਣਸ਼ੀ ਨੂੰ ਜਾ ਕੇ ਕਹਿਣ ਲੱਗਿਆ, ਤੁਸੀਂ ਮੈਥੋਂ ਰਿਸ਼ਵਤ ਮੰਗਦੇ ਹੋ। ਮੈਂ ਵਿਜੀਲੈਂਸ ਕੋਲ ਤੁਹਾਡੀ ਸ਼ਿਕਾਇਤ ਕਰਾਂਗਾ।ਮੂਹਰਿਆਂ ਮੁਣਸ਼ੀ ਗੁੱਸੇ ਵਿਚ ਆ ਕੇ ਕੁਰਸੀ ਤੋਂ ਖੜ੍ਹਾ ਹੋ ਗਿਆ, ਗੱਲ ਸੁਣ ਉਏ ਭੈਣ ਦੇਣਿਆ ਸ਼੍ਰੀ ਮਾਨਾ, ਮੈਂ ਤੈਥੋਂ ਕਦੋਂ ਰਿਸ਼ਵਤ ਮੰਗੀ ਹੈ? ਉਹੀ ਗੱਲ ਬਾਬਾ ਮੈਂ ਤੇਰੇ ਨਾਲ ਕੀਤੀ ਹੈ। ਪਹਿਲਾ ਤੂੰ ਜੱਟ ਬਲਰਾਜ ਸਿੱਧੂ ਨੂੰ ਸੁਣਿਐ, ਹੁਣ ਰਾਇਟਰ ਬਲਰਾਜ ਸਿੱਧੂ ਨੂੰ ਸੁਣ। ਆਪਦੇ ਪੂਜਨੀਕ ਲੇਖਕ ਨੂੰ ਮੇਰੇ ਵੱਲੋਂ ਇਕ ਕਹਾਣੀ ਸੁਣਾ ਦੇਈ, ਸਮਝਦਾਰ ਹੋਇਆ ਆਪੇ ਸਮਝ ਜਾਊ। ਇਕ ਰਾਜਕੁਮਾਰੀ ਦੀ ਕਿਸੇ ਰਾਜਕੁਮਾਰ ਨਾਲ ਚਿਰਾਂ ਦੀ ਸੀਟੀ ਜਿਹੀ ਰਲਦੀ ਸੀ। ਉਥੇ ਨਵਾਂ ਰਾਜਕੁਮਾਰ ਆ ਜਾਂਦਾ ਹੈ।ਰਾਜਕੁਮਾਰੀ ਦਾ ਝੁਕਾਅ ਨਵੇਂ ਰਾਜਕੁਮਾਰ ਵੱਲ ਹੋ ਜਾਂਦਾ ਹੈ। ਪੁਰਾਣੇ ਰਾਜਕੁਮਾਰ ਨੂੰ ਜਲਣ ਹੁੰਦੀ ਹੈ। ਉਹ ਆਪਣੇ ਸਿਪਾਹੀਆਂ ਨਾਲ ਮਿਲਕੇ ਨਵੇਂ ਰਾਜਕੁਮਾਰ ਨੂੰ ਇਕ ਕਿਲ੍ਹੇ ਵਿਚ ਕੈਦ ਕਰਵਾ ਦਿੰਦਾ ਹੈ ਤਾਂ ਕਿ ਨਵਾਂ ਰਾਜਕੁਮਾਰ ਰਾਜਕੁਮਾਰੀ ਨੂੰ ਨਾ ਮਿਲ ਸਕੇ। ਕੈਦ ਹੋਇਆ ਰਾਜਕੁਮਾਰ ਕਿਲ੍ਹੇ ਦਾ ਇਕ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਦਾ ਹੈ।ਪੁਰਾਣੇ ਰਾਜਕੁਮਾਰ ਦੇ ਸਿਪਾਹੀ ਬਾਹਰੋਂ ਜ਼ੋਰ ਮਾਰ ਕੇ ਉਸਨੂੰ ਖੁੱਲ੍ਹਣ ਨਹੀਂ ਦਿੰਦੇ। ਨਵਾਂ ਰਾਜਕੁਮਾਰ ਦੂਜਾ ਬੂਹਾ ਅਜ਼ਮਾਉਂਦਾ ਹੈ। ਸਿਪਾਹੀ ਉਸਨੂੰ ਵੀ ਡੱਕ ਲੈਂਦੇ ਹਨ। ਇਉਂ ਰਾਜਕੁਮਾਰ ਇਕ ਇਕ ਕਰਕੇ ਸੌ ਦੇ ਸੌ ਦਰਵਾਜ਼ੇ ਖੋਲ੍ਹਣ ਦੇ ਯਤਨ ਕਰਦਾ ਹੈ। ਸਭ ਡੱਕ ਲਏ ਜਾਂਦੇ ਹਨ। ਕੈਦੀ ਰਾਜਕੁਮਾਰ ਛੱਤ ਪਾੜ੍ਹ ਕੇ ਰਾਜਕੁਮਾਰੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਪੁਰਾਣਾ ਰਾਜਕੁਮਾਰ ਤੇ ਉਸਦੇ ਸਿਪਾਹੀ ਕਿਲ੍ਹੇ ਦੇ ਦਰਵਾਜ਼ਿਆਂ ਨੂੰ ਢੂਹੀਆਂ ਲਾ ਕੇ ਖੜ੍ਹੇ ਰਹਿ ਜਾਂਦੇ ਹਨ।”
“ਕਹਾਣੀ ਤਾਂ ਵਧੀਆ ਹੈ, ਪਰ ਇਹਦਾ ਮੈਨੂੰ ਸੁਣਾਉਣ ਦਾ ਕੀ ਮਤਲਬ?”
“ਮਤਲਬ ‘ਉਹ’ ਤੇ ਤੇਰੇ ਵਰਗੇ ਛਪਣ ਵਾਲੇ ਅਖਬਾਰਾਂ ਵਿਚ ਤਾਂ ਮੈਨੂੰ ਬੰਦ ਕਰਵਾ ਲਉਂਗੇ। ਮੈਂ ਆਪਣੀ ਵੈਬਸਾਇਟ ਬਣਾ ਕੇ ਰਚਨਾਵਾਂ ਉਹਦੇ ਉੱਤੇ ਨਸ਼ਰ ਕਰ ਦੇਊ।ਫੜ੍ਹ ਲਿਉ ਫੇਰ ਮੇਰੀ ਪੂਛ।ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕਹਾਣੀ ਦੀ ਆਲੋਚਨਾ ਕਿਉਂ ਕੀਤੀ।ਫਰੀਡਮ ਔਫ ਸਪੀਚ ਹੈ। ਪਾਠਕ ਨੂੰ ਹੱਕ ਬਣਦਾ ਹੈ ਉਹ ਆਪਣੇ ਅਜ਼ਾਦੀ ਨਾਲ ਵਿਚਾਰ ਦੇਵੇ। ਪਰ ਇਹ ਨਹੀਂ ਕਿ ਇਕ ਗੱਲ ਲਈ ਤੁਸੀਂ ਇਕ ਨੂੰ ਨਿੰਦੋ ਤੇ ਦੂਜੇ ਨੂੰ ਸਹਾਰੋ। ਨਿਰਪੱਖ ਹੋ ਕੇ ਲਿਖੋ। ਉਹਦੇ ਬਾਰੇ ਵੀ ਲਿਖੋ।”
“ਉਹਨੇ ਗੁੱਸੇ ਹੋ ਜਾਣੈ।”
“ਮੈਂ ਕਿਹੜਾ ਪਿਆਰ ਕਰੂੰ ਤੇ ਗਲ ’ਚ ਵਰਮਾਲਾ ਪਾਊ?”
ਬਾਬੇ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ ਤੇ ਮੁੜਕੇ ਨਾ ਚਿੱਠੀ ਲਿਖਣ ਦਾ ਵਾਅਦਾ ਕੀਤਾ।
ਮੇਰੇ ਫੋਨ ਕੱਟਦਿਆਂ ਉਸਦੇ ਚਹੇਤੇ ਲੇਖਕ ਦਾ ਆਸਟਰੀਆ ਤੋਂ ਫੋਨ ਆ ਗਿਆ, “ਤੈਨੂੰ ਪਤੈ ਬਾਬਾ ਹਾਰਟ ਦਾ ਮਰੀਜ਼ ਐ। ਤੈਨੂੰ ਉਹਨੂੰ ਧਮਕਾਉਣਾ ਨਹੀਂ ਸੀ ਚਾਹੀਦਾ। ਉਹ ਬਹੁਤ ਡਰਿਆ ਹੋਇਐ।”
“ਹਾਰਟ ਦੇ ਮਰੀਜ਼ ਨੂੰ ਪੰਗੇ ਨ੍ਹੀਂ ਲੈਣੇ ਚਾਹੀਦੇ। ਤੂੰ ਵੀ ਮੇਰੇ ਮਨੋਂ ਉਤਰ ਗਿਐਂ। ਮੈਨੂੰ ਮੂਹ ’ਤੇ ਸਰਾਉਂਦਾਂ ਤੇ ਪਿੱਠ ਪਿਛੇ ਨਿੰਦਦੈਂ।ਦੋਸਤ ਉਹ ਜੋ ਮੂੰਹ ’ਤੇ ਨਿੰਦੇ ਪਿੱਠ ਪਿਛੇ ਸਰਾਹੇ।”
ਉਸ ਤੋਂ ਬਾਅਦ ਵਿਚ ਬਾਬੇ ਦੀ ਅੱਜ ਤੱਕ ਚਿੱਠੀ ਲਿਖਣ ਦੀ ਜ਼ੁਅਰਤ ਨਹੀਂ ਪਈ। ਉਸ ਦੋਗਲੇ ਲੇਖਕ ਬਾਰੇ ਮੇਰੇ ਮਨ ਵਿਚ ਘ੍ਰਿਣਾ ਆ ਗਈ।ਜਿਸ ਕਰਕੇ ਕਈ ਵਾਰ ਉਹਦੇ ਤਖੱਲਸ ਵਿਚ ਲੱਗਦੇ ਕੱਕੇ ਦੀ ਬਜਾਏ ਮੇਰੇ ਮੂੰਹੋਂ ਘੱਗਾ ਹੀ ਉਚਾਰਿਆ ਜਾਂਦਾ ਹੈ।
ਇਹ ਉਹੀ ਲੇਖਕ ਸੀ ਜਿਸਦਾ ਮੈਨੂੰ ਉਸ ਵੇਲੇ ਪਹਿਲੀ ਵਾਰ ਫੋਨ ਆਇਆ ਸੀ, ਜਦੋਂ ਹਾਲੇ ਮੇਰੀਆਂ ਇਕ ਜਾਂ ਦੋ ਕਹਾਣੀਆਂ ਹੀ ਛਪੀਆਂ ਸਨ।ਉਸ ਦੇ ਦੱਸਣ ਮੁਤਾਬਕ ਉਸਨੂੰ ਮੇਰੀਆਂ ਕਹਾਣੀਆਂ ਬੜੀਆਂ ਪਸੰਦ ਆਈਆਂ ਸਨ।ਮੇਰੇ ਤੋਂ ਪਹਿਲਾਂ ਦਾ ਲਿਖਦਾ ਹੋਣ ਕਰਕੇ ਤੇ ਪਿਛਿਉਂ ਮੇਰੇ ਇਲਾਕੇ ਦਾ ਹੋਣ ਕਰਕੇ ਮੈਂ ਉਸ ਦਾ ਸਤਿਕਾਰ ਕਰਨ ਲੱਗ ਪਿਆ ਸੀ।ਉਹਦੇ ਹੀ ਪਿੰਡ ਦਾ ਇਕ ਸਾਹਿਤਕਾਰ ਕਰਮਜੀਤ ਕੁੱਸਾ ਬੜਾ ਮਸ਼ਹੂਰ ਹੋਇਆ ਸੀ। ਕਾਫੀ ਦੇਰ ਤਾਂ ਮੈਂ ਇਸ ਲੇਖਕ ਨੂੰ ਕਰਮਜੀਤ ਵਾਲਾ ਕਰੈਡਿਟ ਹੀ ਭੁਲੇਖੇ ਨਾਲ ਦਿੰਦਾ ਰਿਹਾ। 
“ਮੇਰੀ ਕਹਾਣੀ ਪੜ੍ਹੀ? ਕਿਵੇਂ ਲੱਗੀ?”
ਉਹਦੇ ਪ੍ਰਸ਼ਨ ਦੇ ਜੁਆਬ ਵਿਚ ਮੈਂ ਕਿਹਾ ਸੀ, “ਤੇਰੀ ਪੇਂਡੂ ਬੋਲੀ ਤੇ ਸ਼ੈਲੀ ਵਧੀਆ ਹੈ। ਮੈਨੂੰ ਪਿੰਡਾਂ ਵਿਚ ਰਹਿਣ ਦਾ ਮੌਕਾ ਨਹੀਂ ਮਿਲਿਆ। ਇੰਗਲੈਂਡ ਵਿਚ ਉਡਾਰ ਹੋਇਆ ਹਾਂ। ਮੇਰੇ ਵਿਚ ਇਹ ਕਮੀ ਹੈ।ਪਰ ਤੇਰੀ ਕਹਾਣੀ ਵਿਧਾ ’ਤੇ ਗਰਿਪ ਢਿੱਲੀ ਹੈ। ਤੂੰ ਇਧਰ ਧਿਆਨ ਦੇਵੀਂ।”
ਇਸ ਗੱਲ ਦਾ ਉਸਨੂੰ ਬੁਰਾ ਲੱਗਾ ਸੀ ਤੇ ਉਹ ਮੈਨੂੰ ਆਪਣੀਆਂ ਰਚਨਾਵਾਂ ਗਿਣਾਉਣ ਲੱਗ ਪਿਆ ਸੀ। ਮੈਂ ਉਸਨੂੰ ਕਿਹਾ ਕਿ ਤੂੰ ਵਿਚਾਰ ਪੁੱਛਿਐ। ਮੈਂ ਸੁਹਿਰਦ ਹੋ ਕੇ ਆਪਣਾ ਵਿਚਾਰ ਦਿੱਤਾ।ਨਾਲੇ ਐਨੀ ਵਾਟ ਤੁਰਨ ਵਾਲਾ ਤਾਂ ਬੈਸਟ ਅਥਲੀਟ ਬਣ ਜਾਂਦੈ ਤੇ ਤੈਨੂੰ ਤੁਰਨਾ ਵੀ ਨਹੀਂ…
“ਬਾਈ ਮੇਰਾ ਗੋਤ ਵੀ ਬਰਾੜ ਹੈ ਤੇ ਤੂੰ ਸਿੱਧੂ।”(ਇਥੇ ਉਸਨੇ ਝੂਠ ਬੋਲਿਆ ਸੀ।) 
“ਫੇਰ ਕੀ ਹੋਇਐ? ਮੈਂ ਕੁਨਬਾਪ੍ਰਸਤ ਨਹੀਂ। ਜੇ ਇਹੀ ਰਚਨਾ ਮੇਰੇ ਸਕੇ ਭਰਾ ਨੇ ਲਿਖੀ ਹੁੰਦੀ ਤਾਂ ਫੇਰ ਵੀ ਮੇਰਾ ਵਿਚਾਰ ਇਹੀ ਰਹਿਣਾ ਸੀ।”
ਉਸ ਖਬਤੀ ਵੱਲੋਂ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹ ਫੋਨ ਕਰਦਾ ਤੇ ਮੈਨੂੰ ਪੰਪ ਭਰਦਾ। ਉਹਦੇ ਫੋਨ ਰੱਖਣ ’ਤੇ ਮੈਂ ਦਿਮਾਗ ਦੀ ਟੂਟੀ ਢਿੱਲੀ ਕਰਕੇ ਉਹਦੇ ਵੱਲੋਂ ਭਰੀ ਹਵਾ ਕੱਢ ਦਿੰਦਾ।ਇਹ ਫੋਨ ਕਰਨ ਦਾ ਉਸਨੂੰ ਜਨੂੰਨ ਹੈ। ਲੇਖਕਾਂ ਨੂੰ ਫੋਨ ਕਰਕੇ ਪੰਪ ਮਾਰਨ ਪਿਛੇ ਉਸਦਾ ਮਕਸਦ ਕੇਵਲ ਇਹ ਹੁੰਦਾ ਹੈ ਕਿ ਅਗਲਾ ਭਾਜੀ ਮੋੜੇ। ਬਦਲੇ ਵਿਚ ਉਸਦੀ ਪ੍ਰਸੰਸਾ ਕਰੇ। ਅਖਬਾਰਾਂ ਵਿਚ ਉਸ ਬਾਰੇ ਲਿਖੇ। ਲੇਖਕਾਂ ਨਾਲ ਉਸ ਦੀ ਉਮਰ ਦੇ ਹਿਸਾਬ ਨਾਲ ਉਹ ਰਿਸ਼ਤੇਦਾਰੀ ਗੰਢ ਲੈਂਦਾ ਹੈ। ਚੁਸਤ ਉਸ ਤੋਂ ਪਾਸਾ ਵੱਟ ਲੈਂਦਾ ਹੈ ਤੇ ਭੋਲਾ ਉਸ ਦੇ ਖਿਲਾਰੇ ਚੋਗ ਨੂੰ ਚੁਗ ਲੈਂਦਾ ਹੈ।ਜਿਵੇਂ ਨਿਆਣਾ ਮਿੱਠੀ ਗੋਲੀ ਚੂਸਦਾ ਰਹਿੰਦਾ ਹੈ, ਇਉਂ ਲੇਖਕ ਦਿਨ ਰਾਤ ਉਹਦੀ ਪ੍ਰਸੰਸਾ ਕਰਦਾ ਨਹੀਂ ਥੱਕਦਾ। ਉਸਦਾ ਨਾਮ ਆਪਣੀਆਂ ਰਚਨਾਵਾਂ ਵਿਚ ਮਾਣ ਨਾਲ ਸ਼ਾਮਿਲ ਕਰਦਾ ਹੈ। ਉਸਦੀਆਂ ਰਚਨਵਾਂ ਬਾਰੇ ਵਧਾ ਚੜ੍ਹਾ ਕੇ ਲਿਖਦਾ ਹੈ। ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਫਲਾਨੇ ਲੇਖਕ ਨੇ ਜਿੰਨਾ ਮੇਰੇ ਬਾਰੇ ਲਿਖ ਕੇ ਮੇਰੀਆਂ ਸਿਫਤਾਂ ਦੇ ਪੁੱਲ ਉਸਰਨੇ ਸੀ। ਉਸਾਰ ਚੁੱਕਾ ਹੈ। ਹੁਣ ਉਸਦਾ ਸੀਮਿੰਟ ਖਤਮ ਹੈ ਤਾਂ ਇਸਦੀਆਂ ਉਸ ਲੇਖਕ ਨਾਲ ਦੂਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੋਈ ਹੋਰ ਲੇਖਕ ਇਸਦਾ ਅਗਲਾ ਸ਼ਿਕਾਰ ਹੁੰਦਾ ਹੈ। ਇੰਝ ਹੀ ਕਦੇ ਉਸਦੀ ਸਾਡੇ ਬ੍ਰਮਿੰਘਮ ਦੇ ਇਕ ਹਾਸਰਸ ਦੇ ਕਵੀ ਸਤਿਕਾਰਯੋਗ ਤੇਜਾ ਸਿੰਘ ਤੇਜ ਜੀ ਕੋਟਲੇਵਾਲੇ ਨਾਲ ਨੇੜਤਾ ਬਣੀ ਸੀ।ਪਰ ਹੁਣ ਸ਼ਾਇਦ ਲੰਮੇ ਅਰਸੇ ਤੋਂ ਉਸ ਬਜੁਰਗ ਕਵੀ ਨੂੰ ਕਦੇ ਫੋਨ ਵੀ ਨਹੀਂ ਕੀਤਾ। ਉਹਨੇ ‘ਨਿੱਤ ਨਵੇਂ ਮਿੱਤ, ਪੁਰਾਣੇ ਕੀਹਦੇ ਚਿੱਤ’ ਵਾਲੀ ਨੀਤੀ ਅਪਣਾਈ ਹੋਈ ਹੈ। ਪਾਠਕਾਂ ਨੂੰ ਵੀ ਇਹ ਇਸੇ ਤਰ੍ਹਾਂ ਐਕਸਪੋਲਾਇਟ ਕਰਨ ਦੀ ਹੱਦ ਤੱਕ ਜਾਂਦਾ ਹੈ।ਇੰਡੀਆ ਗਿਆ ਇਹ ਕਾਰ ਚਲਾਉਂਦਾ ਤਾਂ ਹੁੰਦਾ ਹੈ ਮਾਰੂਤੀ। ਉਹ ਵੀ ਦੇਵ ਥਰੀਕਿਆਂ ਵਾਲੇ ਨੂੰ ਪੰਜਾਬ ਸਰਕਾਰ ਦੀ ਦਿੱਤੀ ਮੰਗਵੀ ਤੇ ਲਿਖੂਗਾ ਮੈਂ ਸਕੋਰਪੀਉ ਵਿਚ ਗਿਆ ਸੀ।ਚਰਚਾ ਦਾ ਰੱਜ ਕੇ ਭੁੱਖਾ ਹੈ। ਇਸਦਾ ਬਸ ਚੱਲੇ ਤਾਂ ਇਹ ਆਪਣੇ ਛਿੱਕ ਮਾਰਨ ਦੀ ਖਬਰ ਵੀ ਲਵਾਏ।
ਮੈਨੂੰ ਕਈ ਵਾਰ ਇਸ ਲੇਖਕ ਦੇ ਫੋਨ ਆ ਚੁੱਕੇ ਸਨ ਤੇ ਮੈਂ ਇਕ ਵਾਰ ਵੀ ਉਸਨੂੰ ਫੋਨ ਨਹੀਂ ਸੀ ਕੀਤਾ। ਇਸਨੇ ਗਿਲਾ ਕੀਤਾ, “ਮੈਂ ਤੈਨੂੰ ਐਨੇ ਫੋਨ ਕਰ’ਤੇ, ਤੂੰ ਕਦੇ ਫੋਨ ਨਹੀਂ ਕੀਤਾ?” 
“ਮੇਰੀ ਆਦਤ ਹੈ। ਮੈਂ ਤਾਂ ਕਦੇ ਗਰਲ ਫਰੈਂਡ ਨੂੰ ਆਪ ਬਿਨਾ ਵਜ੍ਹਾ ਫੋਨ ਨਹੀਂ ਕੀਤਾ।”
ਇਸ ਲੇਖਕ ਦੀਆਂ ਇਕ ਦੋ ਫੋਨ ਕਾਲਾਂ ਤੋਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਬੰਦਾ ਫੁਕਰਾ, ਸਿਰੇ ਦਾ ਗੱਪੀ ਅਤੇ ਭਰਮ ਪਾਲਣ ਦਾ ਸ਼ੌਂਕੀਨ ਹੈ।ਇਕ ਵਾਰ ਉਸਨੂੰ ਖੁਸ਼ਫਹਿਮੀ ਹੋ ਗਈ ਕਿ ਗੁਰਦਾਸ ਮਾਨ ਦਾ ਲਿਖਿਆ ਤੇ ਗਾਇਆ ਗੀਤ, ‘ਟੀਵੀ ਉੱਤੇ ਦੇਖੀ ਜਾਉ ਬਲਾਉਂਜ਼ ਚੱਡੀਆਂ।’ ਉਸ ਦਾ ਲਿਖਿਆ ਹੋਇਆ ਹੈ।ਇਹ ਖੁਸ਼ਫਹਿਮੀ ਸਾਂਝੀ ਕਰਨ ਲਈ ਇਹਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਗੀਤ ਗੁਰਦਾਸ ਮਾਨ ਨੇ ਰਿਕਾਰਡ ਕਰਵਾਇਆ ਹੈ ਤੇ ਮਨਜੀਤ ਮਾਨ ਨੇ ਅੱਜ ਹੀ ਉਸਨੂੰ ਕੈਸਟ ਦੀ ਕਾਪੀ ਭੇਜੀ ਹੈ। ਮੈਂ ਮੁਬਾਰਕਬਾਦ ਦੇ ਕੇ ਗੀਤ ਪੁੱਛਿਆ। ਉਸ ਦੇ ਗੀਤ ਦੇ ਬੋਲ ਦੱਸਣ ’ਤੇ ਮੈਂ ਉਸਨੂੰ ਪ੍ਰਸ਼ਨ ਕੀਤਾ ਕਿ ਗੀਤ ਉੱਤੇ ਤੇਰਾ ਨਾਮ ਤਾਂ ਕਿਧਰੇ ਹੈ ਨਹੀਂ। ਇਸਦਾ ਜੁਆਬ ਸੀ, “ਮੈਂ ਗੁਰਦਾਸ ਮਾਨ ਨੂੰ ਕਿਹਾ ਤੂੰ ਆਪਦਾ ਨਾਮ ਪਾ ਲੈ ਗੀਤ ਚੱਲ ਜਾਊਗਾ।” 
ਮੈਂ ਹੱਸ ਕੇ ਟਿੱਚਰ ਕੀਤੀ, “ਯਾਰ ਜ਼ਿਆਦੇ ਹੋ ਗਿਐ, ਥੋੜ੍ਹਾ ਘੱਟ ਕਰ ਲੈ।” ਅੱਗੋਂ ਉਹ ਠੁੱਸ ਜਿਹਾ ਹੋ ਗਿਆ ਤੇ ਉਸਨੇ ਗੱਲ ਬਦਲ ਦਿੱਤੀ।ਇਵੇਂ ਹੀ ਇਸਨੂੰ ਇਕ ਹੋਰ ਵਹਿਮ ਹੈ ਕਿ ਫਿਲਮਾਂ ਵਾਲੇ ਉਸਦੇ ਨਾਵਲਾਂ ਉੱਤੇ ਫਿਲਮ ਬਣਾਉਣ ਲਈ ਤਰਲੋਮੱਛੀ ਹੋਏ ਪਏ ਹਨ। ਦਸ ਬਾਰਾਂ ਸਾਲ ਹੋ ਗਏ ਉਸ ਦੇ ਨਾਵਲ ਉੱਤੇ ਫਿਲਮ ਬਣਦਿਆਂ ਪਰ ਅਜੇ ਤੱਕ ਮੁਕੰਮਲ ਨਹੀਂ ਹੋਈ। ਐਨਾ ਸਮਾਂ ਤਾਂ ਮੁਗਲ-ਏ-ਆਜ਼ਮ ਅਤੇ ਟਾਇਟੈਨਿਕ ਨੂੰ ਵੀ ਨਹੀਂ ਸੀ ਲੱਗਿਆ, ਜਿੰਨਾ ਇਸ ਲੇਖਕ ਦੀ ਬਲੌਕਬਸਟਰ ਨੂੰ ਬਣਨ ਵਿਚ ਲੱਗ ਰਿਹਾ ਹੈ।ਇਸੇ ਪ੍ਰਕਾਰ ਉਸਨੂੰ ਇਕ ਹੋਰ ਵਹਿਮ ਦੇ ਭਰਿੰਡ ਨੇ ਡੰਗਿਆ ਹੋਇਆ ਹੈ ਕਿ ਅੰਗਰੇਜ਼ੀ ਸਾਹਿਤ ਵਾਲੇ ਉਸਦਾ ਸਾਹਿਤ ਪੜ੍ਹਣ ਲਈ ਸਾਰੇ ਕੰਮ ਛੱਡੀ ਬੈਠੇ ਹਨ।ਦਸ ਬਾਰਾਂ ਸਾਲਾਂ ਤੋਂ ਹੀ ਮੈਂ ਉਸ ਤੋਂ ਸੁਣਦਾ ਆ ਰਿਹਾ ਹਾਂ ਕਿ ਉਸਦੇ ਨਾਵਲਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਹੋ ਰਿਹਾ ਹੈ। ਅੱਜ ਤੱਕ ਕੋਈ ਅਨੁਵਾਦ ਸਾਹਮਣੇ ਨਹੀਂ ਆਇਆ।ਸ਼ਾਇਦ ਅਨੁਵਾਦਕ ਕਲਮਾਂ ਘੜ੍ਹਦੇ ਹੋਣਗੇ? ਆਪਣੀਆਂ ਮੁਲਾਕਾਤਾਂ, ਜੋ ਆਮ ਤੌਰ ਉੱਤੇ ਉਸਦੀਆਂ ਖੁਦ ਹੀ ਲਿਖੀਆਂ ਹੋਈਆਂ ਹੁੰਦੀਆਂ ਹਨ। ਉਹਨਾਂ ਵਿਚ ਵੀ ਉਹ ਅਕਸਰ ਭੋਲਾ ਜਿਹਾ ਮੂੰਹ ਬਣਾ ਕੇ ਵੱਡਾ ਸਾਰਾ ਬੰਬ ਸਿੱਟ ਜਾਂਦਾ ਹੈ। ਇਕ ਇੰਟਰਵਿਊ ਵਿਚ ਉਸਨੇ ਦੱਸਿਆ ਕਿ ਉਸਨੇ 16-17 ਕੰਪਿਊਟਰ ਦੀਆਂ ਡਿਗਰੀਆਂ ਕੀਤੀਆਂ ਹੋਈਆਂ ਹਨ।ਇਸ ਨੇ ਬਿੱਲ ਗੇਟਸ ਵੀ ਇਹ ਆਖ ਕੇ ਭੁੰਜੇ ਲਾਹ ਦਿੱਤਾ।ਇਕ ਡਿਗਰੀ ਕਰਨ ਨੂੰ ਤਿੰਨ ਸਾਲ ਲੱਗੇ ਤੇ ਡੀਹ ਸਾਲਾਂ ਵਿਚ ਦੱਸ ਡਿਗਰੀਆਂ ਹੁੰਦੀਆਂ ਹਨ।ਗੱਪ ਮਾਰਨ ਦੀ ਬਿਮਾਰੀ ਦੀ ਵੀ ਕੋਈ ਹੱਦ ਹੁੰਦੀ ਹੈ। ਇਕ ਇੰਟਰਵਿਊ ਵਿਚ ਇਸ ਨੇ ਤਿੰਨ ਚਾਰ ਲਾਇਬ੍ਰੇਰੀਆਂ ਪੜ੍ਹਨ ਦਾ ਦਾਵਾ ਕੀਤਾ ਹੈ।ਕਿਸੇ ਮੁਲਾਕਾਤ ਵਿਚ ਉਹ ਏਅਰਪੋਰਟ ’ਤੇ ਦੁਭਾਸੀਏ ਦੀ ਨੌਕਰੀ ਕਰਦਾ ਹੁੰਦਾ ਹੈ ਤੇ ਕਿਸੇ ਵਿਚ ਜਰਮਨ ਬਾਰਡਰ ਪੁਲਿਸ ਵਿਚ ਅਫਸਰ।ਅਗਰ ਉਹ ਸੱਚੀਂ ਦੁਭਾਸ਼ੀਏ ਦੀ ਨੌਕਰੀ ਕਰਦਾ ਹੁੰਦਾ ਤਾਂ ਉਸਨੂੰ ਸਥਾਨਕ ਭਾਸ਼ਾ ਦਾ ਭਰਪੂਰ ਗਿਆਨ ਹੋਣਾ ਚਾਹੀਦਾ ਹੈ ਤੇ ਜੇ ਇਹ ਹੁੰਦਾ ਤਾਂ ਸਭ ਤੋਂ ਪਹਿਲਾਂ ਉਹਨੇ ਆਪਣੀਆਂ ਹੀ ਰਚਨਾਵਾਂ ਡੱਚ ਵਿਚ ਅਨੁਵਾਦ ਕਰ ਲੈਣੀਆਂ ਸਨ ਜਾਂ ਡੱਚ ਵਿਚ ਮੌਲਿਕ ਰਚਨਾਵਾਂ ਰਚ ਲਿੱਤੀਆਂ ਹੁੰਦੀਆਂ।ਝੂਠ ਨੰਬਰ ਦੋ ਪੁਲਿਸ ਦੀ ਨੌਕਰ ਦੇ ਤਜ਼ਰਬੇ ਬਾਰੇ ਉਸ ਤੋਂ ਅੱਜ ਤੱਕ ਇਕ ਅੱਖਰ ਨਹੀਂ ਲਿਖ ਹੋਇਆ। ਪੁਲਿਸ ਦੀ ਵਧੀਆ ਨੌਕਰੀ ਛੱਡ ਕੇ ਉਹ ਇੰਗਲੈਂਡ ਧੱਕੇ ਖਾਣ ਉਦੋਂ ਆਇਆ ਹੈ, ਜਦੋਂ ਇਥੇ ਬੇਰੋਜ਼ਗਾਰੀ ਜ਼ੋਰਾਂ ’ਤੇ ਹੈ। 
ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਅਣਲੱਗ’ ਛਪਿਆ ਤਾਂ ਇਸ ਨੇ ਫੋਨ ਕਰਕੇ ਮੈਥੋਂ ਪੜ੍ਹਨ ਲਈ ਉਸਦੀ ਕਾਪੀ ਮੰਗੀ। ਮੈਂ ਕਿਤਾਬ ਭੇਜ ਦਿੱਤੀ। ਇਸ ਦਾ ਫੋਨ ਆਇਆ ਤੇ ਇਸ ਨੂੰ ਹੋਰ ਭਰਮ ਨੇ ਡੱਸ ਲਿਆ ਸੀ। ਪੰਜਾਬ ਦੀ ਇਕ ਨਾਮਾਵਰ ਆਲੋਚਕਾ ਇਸਦੀ ਘਰਵਾਲੀ ਹੈ ਤੇ ਇਹ ਮੇਰੀ ਕਿਤਾਬ ਉੱਤੇ ਉਸ ਤੋਂ ਪਰਚਾ ਲਿਖਵਾਏਗਾ। ਇਤਫਾਕਨ ਮੈਂ ਆਲੋਚਕਾ ਅਤੇ ਉਸ ਦੇ ਘਰਵਾਲੇ ਨੂੰ ਜਾਣਦਾ ਸੀ। ਮੈਂ ਇਸ ਨੂੰ ਜੁਆਬ ਦਿੱਤਾ ਕਿ ਮੈਂ ਮੁੱਖਬੰਦ ਨਹੀਂ ਲਿਖਵਾਇਆ, ਪਰਚੇ ਕਿਥੋਂ ਲਿਖਵਾਉਣੇ ਹਨ। ਪਰਚਾ ਲਿਖਵਾਉਣਾ ਹੋਇਆ ਤਾਂ ਮੈਂ ਰਜਨੀਸ਼ ਬਹਾਦਰ ਤੋਂ ਲਿਖਵਾ ਲਊਂ। ਨਹੀਂ ਹਜ਼ਾਰ ਰੁਪਈਆ ਮੂੰਹ ’ਤੇ ਮਾਰ ਕੇ ਜਿਹੜੇ ਮਰਜ਼ੀ ਆਲੋਚਕ ਤੋਂ ਜੋ ਮਰਜ਼ੀ ਲਿਖਵਾ ਲਵੋਂ।ਪ੍ਰਵਾਸੀ ਲੇਖਕਾਂ ਬਾਰੇ ਲਿਖਣਾ ਤਾਂ ਉਹ ਇੰਝ ਮਾਣ ਸਮਝਦੇ ਹਨ ਜਿਵੇਂ ਪੁਰਾਣਿਆਂ ਸਮਿਆਂ ਵਿਚ ਛੋਟੇ ਮੋਟੇ ਰਾਜੇ ਬਾਦਸ਼ਾਹਾਂ ਨਾਲ ਆਪਣੀਆਂ ਕੰਨਿਆਵਾਂ ਦਾ ਰਿਸ਼ਤਾ ਕਰਨ ਵਿਚ ਫਖਰ ਮਹਿਸੂਸ ਕਰਿਆ ਕਰਦੇ ਸਨ।ਫਿਰ ਇਹ ਮਹਾਸ਼ਯ ਆਪਣੇ ਪਾਠਕਾਂ ਕੋਲ ਮੇਰੇ ਬਾਰੇ ਇਹ ਕਹਿਣ ਲੱਗ ਪਿਆ ਕਿ ਬਲਰਾਜ ਸਿੱਧੂ ਨੇ ਆਪਣੀ ਕਿਤਾਬ ਮੈਨੂੰ ਰਿਵੀਉ ਕਰਨ ਲਈ ਭੇਜੀ ਮੈਂ ਕਿਤਾਬ ਦੇਖਦਿਆਂ ਸਿੱਟ ਦਿੱਤੀ ਕਿ ਮੈਂ ਐਨੀ ਗੰਦੀ ਕਿਤਾਬ ਬਾਰੇ ਨਹੀਂ ਲਿਖ ਸਕਦਾ। ਕਮਾਲ ਦੀ ਗੱਲ ਹੈ ਕਿ ਮੈਨੂੰ ਪੂਰੇ ਪੰਜਾਬੀ ਜਗਤ ਵਿਚ ਕੇਵਲ ਇਕ ਇਹੀ ਰਿਵੀਉਕਾਰ ਮਿਲਿਆ ਸੀ।ਮੇਰੇ ਬਾਰੇ ਇਕ ਵੀ ਪੰਜਾਬੀ ਦਾ ਲੇਖਕ, ਆਲੋਚਕ ਜਾਂ ਰਿਵੀਉਕਾਰ ਕਹਿ ਦੇਵੇ ਕਿ ਮੈਂ ਉਸਨੂੰ ਆਪਣੀ ਕਿਤਾਬ ਦਾ ਰਿਵੀਉ ਜਾਂ ਆਪਣੀ ਕਿਸੇ ਰਚਨਾ ਬਾਰੇ ਲਿਖਣ ਲਈ ਕਿਹਾ ਹੋਵੇ ਤਾਂ, ਮੈਂ ਸਦਾ ਲਈ ਲਿਖਣਾ ਛੱਡ ਦੇਉਂ!!! ਬਾਕੀ ਰਿਵੀਉਕਾਰ ਬਣਨ ਦੇ ਸੌਂਕੀਨ ਇਸ ਲੇਖਕ ਨੂੰ ਵੀ ਮੈਂ ਚੈਂਲਿਜ ਕਰਕੇ ਆਖਦਾਂ ਕਿ ਕਹਾਣੀ ਲਿਖਣ ਦੀਆਂ ਅੱਠ ਤਕਨੀਕਾਂ ਹੁੰਦੀਆਂ ਹਨ। ਉਹ ਅੱਠਾਂ ਵਿਚੋਂ ਕੇਵਲ ਚਾਰਾਂ ਦੇ ਨਾਮ ਹੀ ਗਿਣਾ ਦੇਵੇ। 
ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਗਿਆ ਕਿ ਮੈਂ ਉਸਨੂੰ ਜ਼ਿਆਦਾ ਮੂੰਹ ਨਹੀਂ ਲਾਉਂਦਾ ਤਾਂ ਇਸਦੀਆਂ ਮੇਰੇ ਤੋਂ ਦੂਰੀਆਂ ਬਣਦੀਆਂ ਗਈਆਂ। ਸੁੱਖੀ ਸਮੁੰਦਰੀ ਨਾਲ ਵੀ ਇਹਦੀ ਇਹੋ ਡਾਇਲਾਗਬਾਜ਼ੀ ਸੀ, ਜੋ ਮੇਰੇ ਨਾਲ।ਪਹਿਲਾਂ ਇਸਨੇ ਬੂਟਾ ਸਿੰਘ ਸ਼ਾਦ ਦਾ ਸਟਾਇਲ ਚੋਰੀ ਕੀਤਾ।ਨਾਵਲ ਦਾ ਕਾਂਡ ਸ਼ੁਰੂ ਹੋਣ ਤੋਂ ਪਹਿਲਾਂ ਗੀਤ ਦੀਆਂ ਲਾਇਨਾਂ ਲਿਖਣੀਆਂ ਜਿਨ੍ਹਾਂ ਦਾ ਰਚਨਾ ਨਾਲ ਕੋਈ ਸਬੰਧ ਨਹੀਂ। ਫਿਰ ਸੁੱਖੀ ਖਾੜਕੂਵਾਦ ਉੱਤੇ ਕਹਾਣੀਆਂ ਲਿਖਣ ਲੱਗਾ ਤਾਂ ਉਹਦਾ ਵਿਸ਼ਾ ਚੋਰੀ ਕਰ ਲਿਆ ਗਿਆ।ਇਸ ਲੇਖਕ ਦਾ ਤਾਂ ਉਹ ਹਾਲ ਹੈ ਗੰਗਾ ਗਏ ਤਾਂ ਗੰਗਾ ਰਾਮ, ਯਮੁਨਾ ਗਏ ਤਾਂ ਯਮੁਨਾ ਦਾਸ।ਜੇ ਰੇਵ ਪੰਜਾਮੀਆਂ ਦਾ ਰਿਵਾਜ਼ ਚੱਲਿਆ ਤਾਂ ਰੇਵ ਪੰਜਾਮੀ ਪਾ ਲਈ। ਜੇ ਫਰਾਕ ਸੂਟ ਚੱਲੇ ਤਾਂ ਫਰਾਕ ਸੂਟ ਪਾ ਲਿਆ। ਜੇ ਫਿੱਸ਼ ਕੱਟ ਲਾਚੇ ਚੱਲ ਪਏ ਤਾਂ ਉਹ ਪਾ ਲਏ। ਇਸ ਨੇ ਆਪਣੀ ਵੱਖਰੀ ਕੋਈ ਲਾਇਨ ਨਹੀਂ ਫੜ੍ਹੀ ਹੈ। ਉਧਰ ਅਸੀਂ ਗੂਚੀ ਵਰਸਾਚੀ ਵਾਂਗ ਆਪਣਾ ਫੈਸ਼ਨ ਆਪਣਾ ਬ੍ਰੈਂਡ ਚਲਾਇਆ ਹੈ ਤੇ ਉਹੀ ਰੱਖਿਆ ਹੈ।
ਬੂਟਾ ਸਿੰਘ ਸ਼ਾਦ ਨਾਲ ਨੇੜਤਾ ਗੰਢਣ ਪਿਛੇ ਇਸ ਲੇਖਕ ਦਾ ਸਵਾਰਥ ਕੇਵਲ ਐਨਾ ਸੀ ਕਿ ਸ਼ਾਇਦ ਸ਼ਾਦ ਉਸਦੇ ਨਾਵਲਾਂ ਉੱਤੇ ਫਿਲਮ ਬਣਾ ਦੇਵੇਗਾ। ਫਿਲਮਾਂ ਬਣਾਉਂਣਾ ਖੇਡ ਹੁੰਦੀ ਜਾਂ ਸ਼ਾਦ ਕੋਲ ਜਾਦੂ ਦੀ ਛੜੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਹ ਅਪਣੇ ਨਾਵਲਾਂ ਉੱਤੇ ਨਾ ਫਿਲਮਾਂ ਬਣਾ ਲੈਂਦਾ। ਇੰਡੀਆ ਦੇ ਪੱਤਰਕਾਰ ਗਾਇਕਾਂ ਤੋਂ ਇਸ਼ਤਿਆਰ ਲੈਣ ਦੀ ਗਰਜ਼ ਨਾਲ ਦੋ ਕੁ ਕਾਲਮ ਦਾ ਉਨ੍ਹਾਂ ਬਾਰੇ ਲੇਖ ਲਿਖ ਦਿੰਦੇ ਹਨ। ਜੋ ਲਗਭਗ ਸਾਰੇ ਗਾਇਕਾਂ ਬਾਰੇ ਇਕ ਹੀ ਹੁੰਦਾ ਹੈ। ਇਸ ਲੇਖਕ ਦੇ ਮਨ ਵਿਚ ਗੀਤ ਰਿਕਾਰਡ ਕਰਵਾਉਣ ਦੀ ਸੁਲਘਦੀ ਚਿੰਗਿਆਰੀ ਨੇ ਵੀ ਗਾਇਕਾ ਨਾਲ ਇਸਨੂੰ ਨੇੜਤਾ ਬਣਾਉਣ ਲਈ ਮਜ਼ਬੂਰ ਕੀਤਾ। ਸੰਗੀਤ ਬਾਰੇ ਇੱਲ-ਕੁਕੜ ਨਾ ਜਾਣਦੇ ਹੋਣ ਦੇ ਬਾਵਜੂਦ ਇਹ ਗਾਇਕ ਦਾ ਖਿਦਮਤਗਾਰ ਬਣ ਕੇ ਪ੍ਰਸੰਸਾਮਈ ਲੇਖ ਲਿਖਣ ਲੱਗ ਜਾਂਦਾ ਹੈ।ਇਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਹੈ ਕਿ ਜਿਸ ਬਾਰੇ ਇਹ ਲਿਖ ਰਿਹਾ ਹੁੰਦਾ ਹੈ ਉਸ ਗਾਇਕ ਨੇ ਕੀ ਚੰਦ ਚਾੜ੍ਹੇ ਹਨ, ਉਸਦਾ ਮਾਰਕੀਟ ਵਿਚ ਕੀ ਰੈਪੂਟੇਸ਼ਨ ਹੈ ਤੇ ਉਸ ਵਿਚ ਕਿੰਨਾ ਕੁ ਦਮ ਹੈ, ਸੰਗੀਤ ਦਾ ਉਸਨੂੰ ਕਿੰਨਾ ਕੁ ਗਿਆਨ ਹੈ, ਵਗੈਰਾ… ਅੱਗੋਂ ਜਿਵੇਂ ਲੰਡੇ ਨੂੰ ਮੀਣਾ ਸੌ ਵਲ੍ਹ ਪਾ ਕੇ ਟੱਕਰਾ ਹੈ, ਜਿਹੋ ਜਿਹਾ ਮੇਰਾ ਫੱਤੂ ਉਹੋ ਜਿਹੇ ਫੱਤੂ ਦੇ ਮੁਲਾਹਜੇ। ਉਹਦੇ ਪਸੰਦਿਦਾ ਕਿਸੇ ਗਾਇਕ ਨੇ ਚਮਕੀਲੇ ਦੇ ਬੋਲ ਤੇ ਤਰਜ਼ਾਂ ਚੋਰੀ ਕੀਤੀਆਂ ਹੁੰਦੀਆਂ ਹਨ ਤੇ ਕਿਸੇ ਹਾਕਮ ਬਖਤੜੀ ਵਰਗੇ ਨੇ ਬਲਦੇਵ ਮਸਤਾਨੇ ਵਰਗਿਆਂ ਦਾ ਗੀਤ ਚੋਰੀ ਕਰਕੇ ਆਪਣੇ ਨਾਮ ’ਤੇ ਰਿਕਾਰਡ ਕਰਵਾਇਆ ਹੁੰਦਾ ਹੈ। ਗੀਤ ਵਿਚ ਮਸਤਾਨਾ ਸ਼ਬਦ ਵੀ ਉਹ ਕੱਟਦੇ ਨਹੀਂ ਕਿਉਂਕਿ ਉਹਨਾਂ ਨੂੰ ਇਲਮ ਨਹੀਂ ਹੁੰਦਾ ਕਿ ਮਸਤਾਨਾ ਸ਼ਬਦ ਹੈ ਜਾਂ ਗੀਤਕਾਰ ਦਾ ਤਖੱਲਸ।
ਵਧੀਆ ਲੇਖਕ ਦਾ ਗੁਣ ਹੁੰਦਾ ਹੈ ਕਿ ਉਹ ਰਾਜਨੀਤੀ ਵਿਚ ਨਹੀਂ ਪੈਂਦਾ ਤੇ ਆਪਣੀ ਕਲਾ ਦੇ ਵਿਕਾਸ ਉੱਤੇ ਸਮਾਂ ਅਤੇ ਮਿਹਨਤ ਖਰਚਦਾ ਹੈ। ਪਰ ਅੱਜਕੱਲ੍ਹ ਇੰਗਲੈਂਡ ਦੀ ਧਰਤੀ ਨੂੰ ਭਾਗ ਲਾ ਰਹੇ ਸਾਡੇ ਇਸ ਲੇਖਕ ਦਾ ਬਹੁਤ ਸਮਾਂ ਸਟੰਟ ਪਲੈਨਿੰਗ ਉੱਤੇ ਖਰਚ ਹੁੰਦਾ ਹੈ। ਜੇ ਦੋ ਕੁ ਮਹੀਨੇ ਇਸ ਲੇਖਕ ਦੀ ਕੋਈ ਰਚਨਾ ਨਾ ਛਪੇ ਤਾਂ ਉਸਦੇ ਪਾਠਕ ਮਰਨ ਵਾਲੇ ਹੋ ਜਾਂਦੇ ਹਨ। ਲੇਖਕ ਨੂੰ ਲੇਖ ਲਿਖਕੇ ਦੱਸਣਾ ਪੈਂਦਾ ਹੈ ਕਿ ਉਹ ਹਾਜਰ ਹੈ। ਹਾਜਰ ਹੈ ਵੀ ਉਹ ਇੰਝ ਕਹਿੰਦਾ ਹੈ ਜਿਵੇਂ ਮਾਸਟਰ ਨੇ ਸਕੂਲ ਵਿਚ ਰੋਲ ਨੰਬਰ ਬੋਲਿਆ ਹੁੰਦਾ ਹੈ ਤੇ ਵਿਦਿਆਰਥੀ ਅੱਗੋ ਬੋਲਦਾ ਹੈ, “ਹਾਜ਼ਰ ਹਾਂ ਜੀ।” ਪੰਜਾਬੀ ਸਾਹਿਤ ਵਿਚ ਵਾਕਈ ਇਸ ਲੇਖਕ ਦੇ ਨਾਲ ਦਾ ਕੋਈ ਹੋਰ ਮਸਖਰਾ ਜਾਂ ਅਜੂਬਾ ਨਹੀਂ ਹੈ।ਲੰਡਨ ਵੱਲ ਰਹਿੰਦੇ ਇਸ ਲੇਖਕ ਨੇ ਤਾਂ ਰਚਨਾਵਾਂ ਦੀ ਫਰੀ ਹੋਮ ਡਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਸਦਾ ਵਿਚਾਰ ਹੈ ਕਿ ਪੀਜ਼ੇ ਵਾਂਗ ਸੱਜਰੀ ਤੇ ਤੱਤੀ ਤੱਤੀ ਰਚਨਾ ਪਾਠਕ ਤੱਕ ਪਹੁੰਚਣੀ ਚਾਹੀਦੀ ਹੈ। ਇਕੋ ਸਮੇਂ ਉਹਦੀ ਰਚਨਾ ਅਖਬਾਰ ਵਿਚ ਛੱਪਣ ਜਾਂਦੀ ਹੈ ਤੇ ਉਸੇ ਸਮੇਂ ਉਸਦੇ ਚਹੇਤੇ ਪਾਠਕਾਂ ਕੋਲ। ਇਸ ਨਾਲ ਉਸ ਲੇਖਕ ਨੂੰ ਇਹ ਫਾਇਦਾ ਹੁੰਦਾ ਹੈ ਕਿ ਜਦ ਤੱਕ ਰਚਨਾ ਅਖਬਾਰ ਵਿਚ ਛਪਦੀ ਹੈ ਉਹ ਆਪਣੇ ਪਾਠਕ ਨੂੰ ਰਚਨਾ ਪੜ੍ਹਾ ਕੇ ਉਸ ਬਾਰੇ ਚਿੱਠੀ ਵੀ ਅਖਬਾਰ ਨੂੰ ਕੱਢਵਾ ਚੁੱਕਿਆ ਹੁੰਦਾ ਹੈ।ਅਖਬਾਰ ਦੀ ਅਗਲੀ ਅਡੀਸ਼ਨ ਵਿਚ ਉਸ ਚਿੱਠੀ ਨੂੰ ਢੁਕਵਾ ਥਾਂ ਦਿਵਾਉਣ ਲਈ ਇਹਦੇ ਵਧੀਆ ਆਇਡੀਆ ਭਲਾਂ ਕੋਈ ਹੋ ਸਕਦਾ ਹੈ।
ਵੀਨਸ ਟੀਵੀ ਉੱਤੇ ਇਸ ਲੇਖਕ ਦੀ ਇੰਟਰਵਿਉ ਕਰਦਿਆਂ ਭੋਲੀ ਮੁਲਾਕਾਤੀ, ਰੂਪਦਵਿੰਦਰ ਕੌਰ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਹਾਂ ਜੀ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਬਹੁਤ ਪੜ੍ਹਿਆ ਜਾਂਦਾ ਹੈ, ਲੋਕਾਂ ਦੇ ਬਹੁਤ ਫੋਨ ਆਏ ਕਿ ਤੁਹਾਨੂੰ ਇੰਟਰਵਿਉ ਕੀਤਾ ਜਾਵੇ। ਹੁਣ ਇਸ ਬਿਆਨ ਵਿਚੋਂ ਤਿੰਨ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ। ਇਕ ਤਾਂ ਰੂਪਦਵਿੰਦਰ ਕੌਰ ਨੇ ਉਸਨੂੰ ਖੁਦ ਨਹੀਂ ਪੜ੍ਹਿਆਂ ਕਿਉਂਕਿ ਉਸਦੀ ਰਚਨਾ ਬਾਰੇ ਕੋਈ ਸਵਾਲ ਨਹੀਂ ਕਰ ਸਕੀ।ਉਸ ਨੇ ਆਏ ਫੋਨ ਕਾਲਾਂ ਤੋਂ ਆਪਣੀ ਰਾਏ ਕਾਇਮ ਕਰ ਲਿੱਤੀ।ਦੂਜਾ ਮੀਡੀਏ ਵਿਚ ਰਹਿਣ ਦੀ ਬਾਵਜੂਦ ਰੂਪਦਵਿੰਦਰ ਕੌਰ ਨੂੰ ਸਟੰਟਬਾਜ਼ੀਆਂ ਅਤੇ ਸ਼ੜਯੰਤਰਾਂ ਦਾ ਇਲਮ ਨਹੀਂ। ਤੀਜਾ ਫੋਨ ਆਏ ਨਹੀਂ ਬਲਕਿ ਰੂਪਦਵਿੰਦਰ ਕੌਰ ਦਾ ਨੰਬਰ ਦੇ ਕੇ ਕਰਵਾਏ ਗਏ। ਕੀ ਮੈਂ ਝੂਠ ਬੋਲਿਐ?… ਕੀ ਮੈਂ ਕੂਫਰ ਤੋਲਿਆ?… ਹੋ ਕੋਈ ਨਾ ਬਈ ਕੋਈ ਨਾ…!!!

ਬਾਕੀ ਅਗਲੇ ਹਫ਼ਤੇ....

Print this post

No comments: