ਪੰਜਾਬੀ ਦੇ ਚਮਤਕਾਰੀ ਲੇਖਕ (ਕਿਸ਼ਤ 6)
ਪੰਜਾਬੀ ਕਹਾਣੀਕਾਰ ਬਲਰਾਜ ਸਿੱਧੂ ਨੂੰ ਮੇਰੇ ਨਾਲੋਂ ਵੱਧ ਕੋਈ ਨਹੀਂ ਜਾਣਦਾ।ਮੈਂ ਉਸਨੂੰ ਬਹੁਤ ਨੇੜਿਉਂ ਦੇਖਿਆ ਹੈ।ਦਿਨ ਰਾਤ ਉਹਦੇ ਨਾਲ ਰਿਹਾ ਹਾਂ। ਉਹਦਾ ਅੰਗਰੱਖਿਅਕ ਬਣ ਕੇ। ਬੈਲਜ਼ੀਅਮ, ਫਰਾਂਸ, ਜਰਮਨ, ਗੋਆ, ਮੁੰਬਈ, ਸਾਇਪਰਸ, ਨੇਪਾਲ, ਚੈਖ ਰਿਪਬਲਿਕ, ਡੁਬਈ, ਪੋਲੈਂਡ ਮੈਂ ਉਹਦੇ ਨਾਲ ਅਯਾਸ਼ੀਆਂ ਕੀਤੀਆਂ। ਦੇਸ਼ਾਂ ਵਿਦੇਸ਼ਾਂ ਦੀਆਂ ਹਵਾਲਾਤਾਂ ਤੇ ਜੇਲ੍ਹਾਂ ਦੀ ਯਾਤਰਾਵਾਂ ਉਹਦੇ ਨਾਲ ਕੀਤੀਆਂ। ਹਸਪਤਾਲਾਂ ਵਿਚ ਉਹਦੇ ਮਰਦੇ ਨਾਲ ਮਰਦਾ ਤੇ ਜੀਉਂਦੇ ਨਾਲ ਜੀਉਂਦਾ ਰਿਹਾਂ। ਮੈਂ ਹਮੇਸ਼ਾਂ ਉਸ ਦੇ ਅੰਦਰ ਬੈਠਾ ਰਹਿੰਦਾ ਹਾਂ, ਅੱਜ ਤੁਹਾਨੂੰ ਮਿਲਣ ਲਈ ਤੇ ਉਹਦੇ ਬਾਰੇ ਦੱਸਣ ਲਈ ਬਾਹਰ ਨਿਕਲਿਆ ਹਾਂ। ਉਹ ਛੋਟਾ ਹੁੰਦਾ ਚੰਡੀਗੜ੍ਹ ਦੇ ਕੌਨਵੈਂਟ ਸਕੂਲਾਂ ਵਿਚ ਪੜ੍ਹਿਆ ਤੇ ਛੋਟਾ ਹੁੰਦਾ ਇੰਗਲੈਂਡ ਆ ਗਿਆ। ਇੰਗਲੈਂਡ ਆ ਕੇ ਉਹਨੇ ਸੁਰਤ ਸੰਭਾਲੀ। ਪੰਜਾਬੀ ਦੀ ਔਫੀਸ਼ਲੀ ਇਕ ਜਮਾਤ ਨਹੀਂ ਪੜ੍ਹਿਆ ’ਤੇ ਅੱਜ ਪੰਜਾਬੀ ਦਾ ਲੇਖਕ ਹੈ।ਸਾਹਿਤ ਨਾਲ ਉਸਦਾ ਕੋਈ ਵਾਸਤਾ ਨਹੀਂ ਸੀ। ਆਪਣੀ ਪ੍ਰੇਮਿਕਾ ਨਾਲ ਕਲਾਸ ਵਿਚ ਇਕੱਠੇ ਬੈਠਣ ਦੇ ਮਾਰੇ ਨੇ ਉਸਨੇ ਅੰਗਰੇਜ਼ੀ ਸਾਹਿਤ ਦਾ ਏ ਲੈਵਲ ਕੋਰਸ ਕਾਲਜ ਵਿਚ ਲੈ ਲਿਆ ਸੀ।ਕੋਰਸ ਵਰਕ ਦੀ ਸ਼ਰਤ ਪੂਰੀ ਕਰਨ ਲਈ ਮਜ਼ਬੂਰੀ ਵਿਚ ਉਸਨੇ ਪਹਿਲੀ ਕਹਾਣੀ ‘ਬੌਰਡਰਲਾਇਨ’ ਲਿਖੀ। ਕਿਸੇ ਨੇ ਯਕੀਨ ਨਾ ਕੀਤਾ। ਉਸਦੀ ਅਧਿਆਪਕਾ ਨੇ ਉਸਨੂੰ ਸਾਹਮਣੇ ਬਿਠਾ ਕੇ ਵਿਸ਼ਾ ਦਿੱਤਾ ਤੇ ਕਿਹਾ, “ਨਵੀਂ ਕਹਾਣੀ ਲਿਖ ਕੇ ਸਾਬਤ ਕਰ ਕਿ ਇਹ ਕਹਾਣੀ ਤੂੰ ਲਿਖੀ ਹੈ।”
ਦੋ ਘੰਟੇ ਵਿਚ ਉਸ ਨੇ ਨਵੀਂ ਕਹਾਣੀ ‘ਬੈਟਰੇਅਲ’ ਲਿਖ ਦਿੱਤੀ।ਉਹਦੀ ਅਧਿਆਪਕਾ ਦੰਗ ਰਹਿ ਗਈ ਤੇ ਉਸ ਨੂੰ ਧੱਕੇ ਨਾਲ ਸਾਹਿਤ ਪੜ੍ਹਾ ਕੇ ਉਹਦੀ ਕਹਾਣੀ ਕਲਾ ਚਮਕਾਉਣ ਲੱਗ ਪਈ।ਹਰ ਸਾਲ ਬ੍ਰਮਿੰਘਮ ਵਿਚ ਹੁੰਦੇ ਕਹਾਣੀ ਮੁਕਾਬਲੇ ਲਈ ਉਸਨੂੰ ਤਿਆਰ ਕੀਤਾ ਜਾਣ ਲੱਗਾ। ਮਿਡਲੈਂਡ ਕਰੀਏਟਿਵ ਰਾਇਟਿੰਗ ਮੁਕਾਬਲੇ ਵਿਚ ਉਸਦੀ ਅਧਿਆਪਕਾ ਨੇ ਕਾਲਜ ਵੱਲੋਂ ਉਸਦਾ ਨਾਮ ਭਰਿਆ ਤਾਂ ਬਾਕੀ ਅਧਿਆਪਕਾਂ ਅਤੇ ਹੈਠਟੀਚਰ ਨੇ ਉਸਦੇ ਨਾਮ ਦੀ ਮੁਖਲਫਤ ਕੀਤੀ, “ਮਿਸ ਹੈਲਨ ਵੌਕਰ, ਆਪਣਾ ਕਾਲਜ ਪਿਛਲੇ ਪੰਜ ਸਾਲਾਂ ਤੋਂ ਇਹ ਮੁਕਾਬਲਾ ਹਾਰਦਾ ਆ ਰਿਹਾ। ਬੋਰਡ ਕੋਲ ਪਹਿਲਾਂ ਹੀ ਆਪਣਾ ਰੈਪੂਟੇਸ਼ਨ ਬੁਰਾ ਬਣਿਆ ਹੈ। ਇਹ ਨਵਾਂ ਹੈ। ਕੋਈ ਸੈਕਿੰਡ ਯਿਅਰ ਦਾ ਨਿਪੁੰਨ ਵਿਦਿਆਰਥੀ ਪਾਉ। ਕੋਈ ਇੰਗਲੀਸ਼ ਕੁੜੀ। ਇਹ ਏਸ਼ੀਅਨ… ਇਸ ਵਿਚ ਕੀ ਖਾਸੀਅਤ ਹੈ?”
“ਇਸ ਮੁੰਡੇ ਅੰਦਰ ਅੱਗ ਹੈ ਜੋ ਮੈਂ ਦੇਖੀ ਹੈ।ਤੁਸੀਂ ਦੇਖਿਆ ਨਹੀਂ ਕਿਵੇਂ ਉਸਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਦੇ ਹੁੰਦੇ ਹਨ। ਮੁਕਾਬਲਾ ਤਾਂ ਇਹੀ ਲੜੂਗਾ ਨਹੀਂ ਮੇਰਾ ਅਸਤੀਫਾ ਤੁਹਾਨੂੰ ਮਿਲ ਜਾਵੇਗਾ।”
ਅਧਿਆਪਕਾ ਆ ਕੇ ਉਸਨੂੰ ਕਹਿੰਦੀ ਹੈ “ਰਾਜ, ਮੇਰੀ ਇੱਜ਼ਤ ਤੇਰੇ ਹੱਥ ਹੈ। ਮੈਂ ਤੇਰੀ ਖਾਤਰ ਲੜ੍ਹ ਕੇ ਆਈ ਹਾਂ। ਲਾਜ ਰੱਖੀਂ।”
“ਮਿਸ ਟਰੱਸਟ ਮੀ। ਆਈ ਵੌਂਟ ਲੈਟ ਯੂ ਡਾਊਨ। ਮੈਂ ਹਨੇਰੀਆਂ ਲਿਆ’ਦੂੰ।”
ਹਾਫ ਟਰਮ ਦੀਆਂ ਛੁੱਟੀਆਂ ਹੋਈਆਂ। ਉਹਨੇ ‘ਉਮਰਾਉ ਜਾਨ’ ਫਿਲਮ ਦੇਖੀ। ਜੋ ਮਿਰਜ਼ਾ ਹਾਦੀ ਰੁਸਵਾ ਦੇ ਲਿਖੇ ਊਰਦੂ ਦੇ ਪਹਿਲੇ ਨਾਵਲ ‘ਉਮਰਾਉ ਜਾਨ ਅਦਾ’ ਉੱਤੇ ਅਧਾਰਤ ਸੀ। ਉਸ ਨੇ ਖਰੀਦ ਕੇ ਉਸਦਾ ਅੰਗਰੇਜ਼ੀ ਅਨੁਵਾਦ ਪੜ੍ਹਿਆ। ਉਸਨੂੰ ਮਜ਼ਾ ਨਾ ਆਇਆ। ਉਸਨੇ ਲਾਇਬਰੇਰੀ ਵਿਚੋਂ ਟਾਕਿੰਗ ਬੁੱਕ ਲੈ ਕੇ ਅਸਲੀ ਉਰਦੂ ਨਾਵਲ ਤਿੰਨ ਦਿਨ ਲਗਾਤਾਰ ਸੁਣਿਆ।ਚੌਥੇ ਦਿਨ ਫਲਾਇਟ ਫੜ੍ਹ ਕੇ ਉਹ ਲਖਨਊ ਪਹੁੰਚ ਗਿਆ। ਉਹਨੇ ਜਦੋਂ ਕਿਤੇ ਜਾਣਾ ਹੋਵੇ, ਫਲਾਇਟ ਇੰਝ ਫੜ੍ਹਦਾ ਹੈ ਜਿਵੇਂ ਨਾਨਕਿਆਂ ਨੂੰ ਜਾਣ ਵਾਲੀ ਬੱਸ ਹੋਵੇ।ਲਖਨਊ ਜਾ ਕੇ ਉਹਨੇ ਉਮਰਾਊ ਜਾਨ ਬਾਰੇ ਅਨੇਕਾਂ ਕਿੱਸੇ ਸੁਣੇ।ਉਮਰਾਉ ਜਾਨ ਅਦਾ ਹਾਦੀ ਰੁਸਵਾ ਦੀ ਮਾਂ ਸੀ।ਅੱਜ ਵੀ ਉਥੋਂ ਦੀਆਂ ਗਲੀਆਂ ਵਿਚ ਅਮਰਾਉਂ ਜਾਨ ਦੀ ਅੱਡੀ ਦੀ ਧਮਕ ਅਤੇ ਉਹਦੇ ਝਾਂਜਰਾਂ ਦੀ ਛਣਕਾਰ ਗੂੰਝਦੀ ਹੈ। ਮੁਜ਼ਰਿਆਂ ਦੀ ਖਤਮ ਹੋ ਗਈ ਪ੍ਰੰਪਰਾ ਦੀ ਖੋਜ ਕਰਕੇ ਬਲਰਾਜ ਵਾਪਸ ਇੰਗਲੈਂਡ ਆ ਕੇ ਮੁਜਰਾ ਕਲਚਰ ਉੱਤੇ ਨਵੀਂ ਕਹਾਣੀ ‘ਬਰੌਥਲ’ ਲਿਖ ਦਿੰਦਾ ਹੈ ਤੇ ਇਹੀ ਕਹਾਣੀ ਮੁਕਾਬਲੇ ਵਿਚ ਪੜ੍ਹੀ।ਕਹਾਣੀ ਬਾਰੇ ਉਸਨੂੰ ਮੁਕਾਬਲੇ ਵਿਚ ਅਨੇਕਾਂ ਸਵਾਲ ਕੀਤੇ ਗਏ, ਉਸਨੇ ਦ੍ਰਿੜਤਾ ਨਾਲ ਦਲੀਲਾਂ ਦੇ ਕੇ ਸਭ ਨੂੰ ਪ੍ਰਸ਼ਨਹੀਨ ਅਤੇ ਲਾਜਵਾਬ ਕਰ ਦਿੱਤਾ।ਉਹ ਕੁਰਸੀ ਤੋਂ ਉੱਠਣ ਲੱਗਾ ਤਾਂ ਜੱਜਾਂ ਦੇ ਪੈਨਲ ਵਿਚੋਂ ਇਕ ਜੱਜ (ਅੰਗਰੇਜ਼) ਨੇ ਉਸ ਨੂੰ ਰੋਕ ਲਿਆ।
ਜੱਜ: ਮੈਂ ਇੰਡੀਆ ਕਾਫੀ ਦੇਰ ਰਿਹਾ ਹਾਂ ਤੇ ਮੈਨੂੰ ਤੁਹਾਡੇ ਸਭਿਆਚਾਰ ਬਾਰੇ ਗਿਆਨ ਹੈ। ਤੂੰ ਭਾਰਤੀ ਸੰਸਕ੍ਰਿਤੀ ਨੂੰ ਪੇਸ਼ ਕਰਦੀ ਬਹੁਤ ਉਮਦਾ ਕਹਾਣੀ ਲਿਖੀ ਹੈ ਤੇ ਮੁਜਰਾ ਸਭਿਆਚਰ ਨੂੰ ਕਲਾਤਮਕ ਢੰਗ ਨਾਲ ਬਹੁਤ ਖੂਬਸੂਰਤ ਦਰਸਾਇਆ ਹੈ।ਕਲਾਇਮੈਕਸ ਵਿਚ ਸਨੈਪ ਸੌਟ ਵਿਧੀ ਦਾ ਬੜੀ ਕਾਰਗਰੀ ਨਾਲ ਇਸਤੇਮਾਲ ਕੀਤਾ ਹੈ। -ਤੇਰੀ ਜਨਮ ਤਾਰੀਕ ਦੇ ਹਿਸਾਬ ਨਾਲ ਤੇਰੀ ਉਮਰ ਸਤਾਰਾਂ ਸਾਲ ਬਣਦੀ ਹੈ ਤੇ ਤੂੰ ਵਿਆਹਿਆ ਨਹੀਂ ਹੋਵੇਂਗਾ?
ਬਲਰਾਜ: ਮੈਂ ਅੰਡਰ ਏਜ਼ ਹਾਂ, ਜ਼ਹਿਰ ਹੈ ਮੈਂ ਕੁਆਰਾ ਹਾਂ।
ਜੱਜ: ਫਰਜ ਕਰ ਤੇਰਾ ਵਿਆਹ ਹੋ ਜਾਂਦਾ ਹੈ ਤੇ ਤੈਨੂੰ ਬੱਚਾ ਪੈਦਾ ਕਰਨ ਦੀ ਇੱਛਾ ਵੀ ਹੋਵੇਗੀ?
ਬਲਰਾਜ: ਕੁਦਰਤੀ ਹੈ, ਵਿਆਹ ਤੋਂ ਬਾਅਦ ਅਗਲਾ ਚੈਪਟਰ ਬੱਚੇ ਹੁੰਦਾ ਹੈ।
ਜੱਜ: ਤੂੰ ਲੜਕੀ ਚਾਹੇਂਗਾ ਜਾਂ ਲੜਕਾ?
ਬਲਰਾਜ: ਪਹਿਲੇ ਬੱਚੇ ਵੇਲੇ ਮੇਰੀ ਹਸਰਤ ਹੋਵੇਗੀ ਕਿ ਲੜਕਾ ਹੋਵੇ ਤਾਂ ਕਿ ਮੈਨੂੰ ਆਪਣੇ ਵੰਸ਼ ਦੇ ਅੱਗੇ ਵਧਣ ਦਾ ਯਕੀਨ ਹੋ ਜਾਵੇ। ਉਸ ਤੋਂ ਬਾਅਦ ਰੱਬ ਦੀ ਮਰਜੀ ਜੋ ਉਹ ਦੇਣਾ ਚਾਹੇ।
ਜੱਜ (ਮੇਜ ’ਤੇ ਹੱਥ ਮਾਰਦਿਆਂ): ਹਾਂ! ਮੈਂ ਤੇਰੇ ਮੂੰਹੋਂ ਇਹੀ ਸੁਣਨਾ ਚਾਹੁੰਦਾ ਸੀ। ਜ਼ਿਆਦਾਤਰ ਅਤੇ ਆਮ ਲੋਕ ਲੜਕੇ ਦੀ ਕਾਮਨਾ ਕਰਦੇ ਹਨ, ਖਾਸਕਰ ਤੁਸੀਂ ਏਸ਼ੀਅਨ ਲੋਕ।ਤੇਰੀ ਕਹਾਣੀ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈ। ਤੇਰੀ ਵੇਸਵਾ ਨਾਇਕਾ ਮਜ਼ਾਰ ’ਤੇ ਜਾਂਦੀ ਹੈ ਤੇ ਰੱਬ ਤੋਂ ਲੜਕੀ ਮੰਗਦੀ ਹੈ? ਲੱਗੀ ਸਮਝ?
ਬਲਰਾਜ: ਇਹ ਨੁਕਸ ਨਹੀਂ ਮੈਂ ਜਾਣਬੁੱਝ ਕੇ ਲਿਖਿਆ ਹੈ। ਸ਼ਾਇਦ ਮੇਰੀ ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝੇ ਨਹੀਂ।ਮੇਰੀ ਨਾਇਕਾ ਆਮ ਔਰਤ ਨਹੀਂ, ਵੇਸਵਾ ਹੈ। ਵੇਸਵਾ ਕਦੇ ਲੜਕਾ ਪੈਦਾ ਨਹੀਂ ਕਰਨਾ ਚਾਹੁੰਦੀ ਹੁੰਦੀ, ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਵੱਡਾ ਹੋ ਕੇ ਉਹ ਜ਼ਿਲਤ ਦੀ ਜ਼ਿੰਦਗੀ ਜੀਵੇਗਾ ਤੇ ਦਲਾਲ ਬਣੇਗਾ। ਆਪਣੀ ਮਾਂ ਦਾ, ਭੈਣ ਦਾ, ਪਤਨੀ ਦਾ ਜਾਂ ਹੋਰ ਔਰਤਾਂ ਦਾ। ਲੜਕੀ ਵੇਸਵਾ ਇਸ ਲਈ ਮੰਗਦੀ ਹੈ ਕਿਉਂਕਿ ਉਹੀ ਲੜਕੀ ਵੱਡੀ ਹੋ ਕੇ ਉਸ ਦੇ ਬੁੜ੍ਹਪੇ ਦਾ ਸਹਾਰਾ ਬਣਦੀ ਹੈ। ਉਸੇ ਲੜਕੀ ਵਿਚੋਂ ਬੁੜ੍ਹਪੇ ਵਿਚ ਉਸਨੇ ਆਪਣੇ ਆਪ ਦੀ ਜਵਾਨੀ ਅਤੇ ਕਸ਼ਿਸ਼ ਨੂੰ ਦੇਖਣਾ ਹੁੰਦਾ ਹੈ।ਲੜਕੀ ਇਕ ਤਰ੍ਹਾਂ ਨਾਲ ਵੇਸਵਾ ਦੀ ਪੈਨਸ਼ਨ ਹੁੰਦੀ ਹੈ। ਇਸੇ ਲਈ ਵੇਸਵਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਸਭ ਤੋਂ ਸੁਨੱਖੇ ਗਾਹਕ ਤੋਂ ਗਰਭਵਤੀ ਹੋਣ ਤਾਂ ਜੋ ਉਹਨਾਂ ਦੇ ਸੁੰਦਰ ਲੜਕੀ ਪੈਂਦਾ ਹੋਵੇ। ਰਹੀ ਗੱਲ ਵੇਸਵਾ ਦੇ ਮਜ਼ਾਰ ’ਤੇ ਜਾਣ ਦੀ ਤਾਂ ਇਕ ਹਿੰਦੂ ਪ੍ਰਥਾ ਮੁਤਾਬਿਕ ਇਕ ਖਾਸ ਪੂਜਾ ਕਰਨ ਲਈ ਮੂਰਤੀ ਨੂੰ ਵੇਸਵਾ ਦੇ ਕੋਠੇ ਦੀ ਮਿੱਟੀ ਲਿਆ ਕੇ ਵਿਸ਼ੇਸ਼ ਤੌਰ ’ਤੇ ਲਾਈ ਜਾਂਦੀ ਹੈ।
ਜੱਜ ਕਾਗਜ਼ ਉੱਤੇ ਕੁਝ ਲਿਖ ਲੈਂਦਾ ਹੈ।ਤਿੰਨ ਦਿਨ ਦੇ ਮੁਕਾਬਲੇ ਵਿਚ ਪੜ੍ਹੀਆਂ ਗਈਆਂ ਛੱਤੀ ਕਹਾਣੀਆਂ ਦਾ ਜਦੋਂ ਜੇਤੂ ਐਲਾਨ ਕਰ ਦਾ ਵਕਤ ਆਇਆ ਤਾਂ ਬਲਰਾਜ ਆਪਣੀ ਅਧਿਆਪਕਾ ਨਾਲ ਸਭ ਤੋਂ ਪਿਛੇ ਖੜ੍ਹਾ ਸੀ। ਉਸ ਦੀ ਅਧਿਆਪਕਾ ਮਨਹੂਸ ਖਬਰ ਸੁਣਨ ਦੇ ਡਰੋਂ ਆਪਣੇ ਕੰਨਾਂ ਉੱਤੇ ਹੱਥ ਰੱਖ ਕੇ ਅੱਖਾਂ ਮੀਚ ਖੜ੍ਹੀ ਸੀ। ਇਹ ਦੇਖ ਕੇ ਉਸਦੀਆਂ ਅੱਖਾਂ ਭਰ ਆਈਆਂ ਸਨ। ਹੰਝੂਆਂ ਦਾ ਸਾਗਰ ਬਾਹਰ ਕੇਰਨ ਲਈ ਉਹਨੇ ਅੱਖਾਂ ਘੁੱਟ ਕੇ ਮੀਚੀਆਂ ਤਾਂ ਉਸਦੇ ਕੰਨਾਂ ਵਿਚ ਆਵਾਜ਼ ਪਈ, “ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਕਹਾਣੀ ਹੈ ‘ਬਰੌਥਲ -ਬਾਏ ਬਲਰਾਜ ਸਿੱਧੂ।’ ਉਸਦੀਆਂ ਅਤੇ ਉਸਦੀ ਅਧਿਆਪਕਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ।ਉਹਦੀ ਅਧਿਆਪਕਾ ਨੇ ਉਸਨੂੰ ਘੁੱਟ ਕੇ ਜੱਫੀ ਵਿਚ ਲੈ ਲਿਆ ਸੀ।ਉਸਦਾ ਮੱਥਾ ਚੁੰਮਿਆ ਸੀ, “ਰਾਜ, ਐਮ ਪਰਾਉਡ ਔਫ ਯੂ।” ਜਿੱਤ ਦੀ ਟਰੌਫੀ ਲੈਣ ਉਹ ਖੁਦ ਸਟੇਜ਼ ’ਤੇ ਨਹੀਂ ਸੀ ਗਿਆ ਉਹਨੇ ਆਪਣੀ ਅਧਿਆਪਕਾ ਨੂੰ ਭੇਜਿਆ ਸੀ, “ਮਿਸ ਜਾਉ ਲਉ ਆਪਣੀ ਟਰੌਫੀ ਇਸ ’ਤੇ ਮੇਰਾ ਨਹੀਂ ਤੁਹਾਡਾ ਹੱਕ ਹੈ।”
ਮੁਕਾਬਲੇ ਉਪਰੰਤ ਪਾਰਟੀ ਵਿਚ ਉਹ ਤੇ ਉਸਦੀ ਅਧਿਆਪਕਾ ਖੜ੍ਹੇ ਸ਼ੈਮਪੇਨ ਪੀ ਰਹੇ ਸਨ ਕਿ ਇਕ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਕੇ ਉਹਨਾਂ ਨੂੰ ਮੁਬਾਰਕਬਾਦ ਦੇ ਕੇ ਪੁੱਛਦਾ ਹੈ, “ਹੈਲਨ, ਇਹ ਇੰਡੀਅਨ ਸੱਪ ਕਿਥੋਂ ਫੜ੍ਹਿਐ? ਬੜਾ ਜ਼ਹਿਰੀਲੈ?”
“ਡਾ: ਯੇਟਸ ਏਸ ਸੱਪ ’ਚ ਤਾਂ ਮੈਂ ਅਜੇ ਜ਼ਹਿਰ ਭਰ ਰਹੀ ਆਂ। ਜਦੋਂ ਛੱਡੂੰਗੀ ਇਹ ਨਿਉਲੇ ਮੂਧੇ ਕਰੂ। ਆਹ ਤਾਂ ਅੱਜ ਮਹਿਜ਼ ਇਹਤੋਂ ਫੂਕਾਰਾ ਜਿਹਾ ਮਰਵਾ ਕੇ ਦੇਖਿਆ ਸੀ।”
ਇਉਂ ਉਸ ਤੋਂ ਬਾਅਦ ਬਲਰਾਜ ਨੇ ਅੱਠ ਅੰਗਰੇਜ਼ੀ ਕਹਾਣੀਆਂ ਲਿਖੀਆਂ ਤੇ ਅੱਠਾਂ ਦੇ ਨਾਮ ਉਸਦੇ ਆਪਣੇ ਨਾਮ ਵਾਲੇ ਅੰਗਰੇਜ਼ੀ ਅੱਖਰ ਬੀ ਤੋਂ ਸ਼ੁਰੂ ਹੁੰਦੇ ਹਨ।ਅੰਗੇਰਜ਼ੀ ਪਬਲਿਜ਼ਰਾਂ ਤੋਂ ਏਸ਼ੀਅਨ ਹੋਣ ਕਰਕੇ ਉਸਨੂੰ ਬਹੁਤਾ ਹੁੰਗਾਰਾ ਨਾ ਮਿਲਿਆ ਤੇ ਉਸਨੇ ਲਿਖਣਾ ਛੱਡ ਦਿੱਤਾ।
ਇੰਗਲੈਂਡ ਵਿਚ ਭੰਗੜਾ ਮਿਊਜ਼ਿਕ ਜੋਬਨ ’ਤੇ ਆਇਆ ਤਾਂ ਉਸਨੇ ਗੀਤ ਲਿਖਣ ਦੇ ਇਰਾਦੇ ਨਾਲ ਪੰਜਾਬੀ ਸਿੱਖੀ। ਪੰਜਾਬੀ ਸਾਹਿਤ ਡੀਕਾਂ ਲਾ ਲਾ ਪੀਤਾ।ਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ, ਅਜੀਤ ਸਿੰਘ ਪੱਤੋਂ, ਹਰੀ ਸਿੰਘ ਦਿਲਬਰ ਤੋਂ ਲੈ ਕੇ ਵੀਨਾ ਵਰਮਾ ਤੱਕ ਸਭ ਨੂੰ ਖਰੀਦ ਖਰੀਦ ਪੜ੍ਹਿਆ। ਸ਼ਿਵ, ਪਾਸ਼, ਪਾਤਰ ਪੜ੍ਹੇ। ਨਾਨਕ ਸਿੰਘ, ਕੰਵਲ ਸਭ ਦੀਆਂ ਸਾਰੀਆਂ ਰਚਨਾਵਾਂ।ਅੱਜ ਬਲਰਾਜ ਸਿੱਧੂ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿਚ ਲਿਖ ਰਿਹਾ ਹੈ। ਦੋ ਨਾਵਲ, ਦੋ ਕਹਾਣੀ ਸੰਗ੍ਰਹਿ ਪੰਜਾਬੀ ਵਿਚ ਅਤੇ ਇਕ ਪੁਸਤਕ ਪੰਜਾਬੀ ਤੋਂ ਅਨੁਵਾਦ ਕੇ ਅੰਗਰੇਜ਼ੀ ਵਿਚ ਛਾਪ ਚੁੱਕਾ ਹੈ।
ਸਾਹਿਤ, ਸੰਗੀਤ, ਸ਼ਰਾਬ ਅਤੇ ਸੈਕਸ ਉਸਦੀਆਂ ਕਮਜ਼ੋਰੀਆਂ ਹਨ। ਇਹਨਾਂ ਤਿੰਨਾਂ ਵਿਚੋਂ ਉਹਦੀ ਜ਼ਿੰਦਗੀ ਵਿਚ ਕਿਹੜੀ ਚੀਜ਼ ਜ਼ਿਆਦਾ ਹੈ, ਇਸਦਾ ਨਿਰਣਾ ਕਰਨਾ ਮੁਸ਼ਕਿਲ ਹੈ।ਉਹਦੇ ਪਾਠਕਾਂ ਵਿਚ ਬਹੁ-ਗਿਣਤੀ ਔਰਤਾਂ, ਖਾਸ ਕਰ ਨੌਜਵਾਨ ਕੁੜੀਆਂ ਦੀ ਹੈ।
ਇੰਡੀਆਂ ਤੋਂ ਇਕ ਨੌਜਵਾਨ ਕਵਿਤਰੀ ਨੇ ਇੰਗਲੈਂਡ ਫੇਰੀ ’ਤੇ ਆਉਣਾ ਸੀ। ਯਾਦਵਿੰਦਰ ਸਿੱਧੂ ਨੇ ਉਸਦੀ ਡਿਉਟੀ ਲਗਾਈ ਕਿ ਤੂੰ ਇੰਗਲੈਂਡ ਦੇ ਚੰਗੇ ਚੰਗੇ ਸਾਹਿਤਕਾਰਾਂ ਤੇ ਗਾਇਕਾਂ ਦੀਆਂ ਮੁਲਾਕਾਤਾਂ ਕਰਕੇ ਲਿਆਈ। ਆਪਾਂ ‘ਮੁਲਾਕਾਤ’ ਮੈਗਜ਼ੀਨ ਵਿਚ ਛਾਪਾਂਗੇ। ਨਾਲ ਉਸ ਨੇ ਇਹ ਵੀ ਕਿਹਾ, “ਕੋਈ ਨਵਾਂ ਮੁੰਡਾ ਬਲਰਾਜ ਸਿੱਧੂ ਕਹਾਣੀ ਲਿਖਣ ਲੱਗਿਐ। ‘ਸਿਰਜਣਾ’ ਵਿਚ ਉਹਦੀ ਕਹਾਣੀ ਛਪੀ ਐ। ਡਾ: ਰਘਬੀਰ ਸਿੰਘ ਸਿਰਜਣਾ ਹਲਕੀ ਕਹਾਣੀ ਤੇ ਮਾੜੇ ਲੇਖਕ ਨੂੰ ਨੇੜ੍ਹੇ ਨਹੀਂ ਲੱਗਣ ਦਿੰਦਾ। ਮੈਂ ਉਹਦੀ ‘ਕਹਾਣੀ ਪੰਜਾਬ’ ਵਿਚ ਕਹਾਣੀ ਪੜ੍ਹੀ ਹੈ, ‘ਨੰਗੀਆਂ ਅੱਖੀਆਂ’ ਮੁੰਡੇ ’ਚ ਦਮ ਹੈ। ਉਹਨੂੰ ਜ਼ਰੂਰ ਮਿਲੀ। ਆਪਣੇ ਮੈਗਜ਼ੀਨ ਬਾਰੇ ਦੱਸੀਂ।”
ਕਵਿਤਰੀ ਇੰਗਲੈਂਡ ਆ ਜਾਂਦੀ ਹੈ। ਸਾਹਿਤਕਾਰਾਂ ਤੋਂ ਬਲਰਾਜ ਸਿੱਧੂ ਬਾਰੇ ਪੁੱਛਦੀ ਹੈ।ਹਰ ਕੋਈ ਉਸਨੂੰ ਬਲਰਾਜ ਸਿੱਧੂ ਨਾਲ ਮਿਲਣ ਤੋਂ ਵਰਜਦਾ ਹੈ। ਜਾਂ ਜਿਹੜੇ ਉਸ ਨਾਲ ਗੱਡੀ ਵਿਚ ਬੈਠ ਕੇ ਦੋ ਦੋ ਬੋਤਲਾਂ ਵੜ੍ਹਕਾ ਚੁੱਕੇ ਹੁੰਦੇ ਹਨ, ਉਹਨਾਂ ਨੇ ਉਹਦਾ ਨਾਮ ਨਹੀਂ ਸੁਣਿਆ ਹੁੰਦਾ। ਜਿਹੜੇ ਸਾਹਿਤਕਾਰਾਂ ਨੇ ਉਸ ਦੀਆਂ ਕਹਾਣੀਆਂ ਨਾ ਛਾਪਣ ਬਾਰੇ ਅਖਬਾਰਾਂ ਨੂੰ ਚਿੱਠੀਆਂ ਲਿਖ ਕੇ ਨੇਕ ਸਲਾਹ ਦਿੱਤੀ ਹੁੰਦੀ ਹੈ।ਉਹਨਾਂ ਨੇ ਕਦੇ ਉਸਨੂੰ ਪੜ੍ਹਿਆ ਸੁਣਿਆ ਨਹੀਂ ਹੁੰਦਾ।ਕਵਿਤਰੀ ਸੋਚਦੀ ਹੈ ਆਖਰ ਬਲਰਾਜ ਸਿੱਧੂ ਕਿਹੜਾ ਇਹੋ ਜਿਹਾ ਡਾਇਨਾਮਾਇਟ ਹੈ ਜਿਸ ਤੋਂ ਹਰ ਕੋਈ ਮੈਨੂੰ ਦੂਰ ਰੱਖਣਾ ਚਾਹੁੰਦਾ ਹੈ? ਉਸ ਨੌਜਵਾਨ ਕਵਿਤਰੀ ਨੂੰ ਇੰਗਲੈਂਡ ਅਤੇ ਯੂਰਪ ਭਰ ਤੋਂ ਪ੍ਰਸੰਸਕਾਂ ਅਤੇ ਕਵੀ ਵਿਸ਼ਾਲ ਵਰਗੇ ਨੌਜਵਾਨ ਸ਼ਾਦੀਸ਼ੁਦਾ ਲੇਖਕਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ।ਹਰ ਕੋਈ ਆਪੋ ਆਪਣੀ ਟਰਾਈ ਮਾਰਦਾ ਹੈ।ਜਿਸ ਵਿਚ ਕਨੈਡਾ ਦੇ ਇਕ ਅਖਬਾਰ ਦਾ ਅਧਖੜ੍ਹ ਸੰਪਾਦਕ ਜਿਸਦੇ ਅਮਰੀਕਾ, ਕਨੇਡਾ ਤੇ ਇੰਡੀਆ ਅਖਬਾਰ ਨਿਕਲਦੇ ਹਨ ਅਤੇ ਇਕ ਇੰਗਲੈਂਡ ਦਾ ਹੀ ਉਹ ਗੀਤਕਾਰ ਵੀ ਸ਼ਾਮਿਲ ਹੁੰਦੇ ਹਨ ਜਿਸ ਦੀ ਵਕੀਲ ਕੁੜੀ ਦੀ ਉਮਰ ਵੀ ਉਸ ਕਵਿਤਰੀ ਨਾਲੋਂ ਜ਼ਿਆਦਾ ਹੁੰਦੀ ਹੈ।ਉਸ ਕਵਿਤਰੀ ਦੇ ਹੱਥ ਬਲਰਾਜ ਸਿੱਧੂ ਦੀ ਕਹਾਣੀ ‘ਅਣਲੱਗ’ ਲੱਗ ਜਾਂਦੀ ਹੈ। ਪੜ੍ਹ ਕੇ ਉਹ ਬਲਰਾਜ ਨੂੰ ਮਿਲਣ ਲਈ ਤੜਫ ਜਾਂਦੀ ਹੈ। ਇਹ ਬਲਰਾਜ ਸਿੱਧੂ ਦੀ ਕਹਾਣੀ ਦੀ ਪ੍ਰਾਪਤੀ ਹੈ ਕਿ ਨੌਜਵਾਨ ਕੁੜੀ ਕਹਾਣੀ ਪੜ੍ਹਣ ਉਪਰੰਤ ਉਸਨੂੰ ਮਿਲਣਾ ਚਾਹੁੰਦੀ ਹੈ। ਦੇਖਣਾ ਚਾਹੁੰਦੀ ਹੈ ਉਹ ਕੀ ਚੀਜ਼ ਹੈ? ਇਕ ਵਾਰ ਅਮਰਗੜ੍ਹ ਕਹਾਣੀਕਾਰ ਜਸਵੀਰ ਰਾਣੇ ਦੀ ਸਟੂਡੈਂਟ ਉਸਦੀਆਂ ਕਿਤਾਬਾਂ ਦੇਖਣ ਲੱਗ ਗਈ।ਹਜ਼ਾਰਾਂ ਕਿਤਾਬਾਂ ਵਿਚੋਂ ਉਸਨੇ ਸਿੱਧੂ ਦੀ ਕਿਤਾਬ ‘ਨੰਗੀਆਂ ਅੱਖੀਆਂ’ ਕੱਢ ਲਈ। ਰਾਣੇ ਨੇ ਉਸਨੂੰ ਪੁੱਛ ਲਿਆ, “ਤੂੰ ਐਨੀਆਂ ਕਿਤਾਬਾਂ ਛੱਡ ਕੇ ਇਹੀ ਕਿਤਾਬ ਕਿਉਂ ਚੁੱਕੀ?”
“ਬਸ ਮੈਨੂੰ ਚੰਗੀ ਲੱਗੀ।ਮੈਂ ਪੜ੍ਹਣ ਲਈ ਲੈ ਜਾਵਾਂ?”
ਕਿਤਾਬ ਪੜ੍ਹਨ ਉਪਰੰਤ ਉਸ ਨੇ ਰਾਣੇ ਨੂੰ ਕਿਹਾ ਕਿ ਇਹ ਬਲਰਾਜ ਸਿੱਧੂ ਜਦੋਂ ਇੰਡੀਆ ਆਵੇ ਮੈਨੂੰ ਜ਼ਰੂਰ ਮਿਲਾਈ। ਉਹਦੇ ਇੰਡੀਆ ਗਏ ’ਤੇ ਜਸਵੀਰ ਰਾਣੇ ਦੇ ਘਰ ਉਹ ਪਾਠਕਾ ਉਸਨੂੰ ਮਿਲੀ।
ਕਵਿਤਰੀ ਬ੍ਰਮਿੰਘਮ ਆਈ ਤਾਂ ਬਲਰਾਜ ਸਿੱਧੂ ਦੇ ਸਾਹਿਤਕ ਸਨੇਹੀ ਪ੍ਰਿਤਪਾਲ ਸਿੰਘ ਮਾਨ, ਜਿਨ੍ਹਾਂ ਨਾਲ ਸਿੱਧੂ ਦਾ ਪਰਿਵਾਰ ਵਾਲਾ ਰਿਸ਼ਤਾ ਸੀ ਦੇ ਘਰ ਉਸ ਕਵਿਤਰੀ ਦਾ ਬਲਰਾਜ ਨਾਲ ਫੋਨ ਸੰਪਰਕ ਕਾਇਮ ਹੋ ਗਿਆ। ਮਾਨ ਹੋਰਾਂ ਨੇ ਪੈਰ ਗੱਡ ਕੇ ਬਲਰਾਜ ਦੀ ਪੈਰਵਾਈ ਕੀਤੀ।ਮਿਲਣ ਦਾ ਸਮਾਂ ਮੁਕੱਰਰ ਹੋ ਗਿਆ। ਮਿਥੇ ਸਮੇਂ ਉੱਤੇ ਉਸ ਕਵਿਤਰੀ ਨੂੰ ਇੰਗਲੈਂਡ ਦੀ ਇਕ ਕਵਿਤਰੀ ਧੋਖੇ ਨਾਲ ਡਾ: ਸਵਰਨ ਚੰਦਨ ਦੇ ਘਰ ਲੈ ਗਈ ਤਾਂ ਕਿ ਉਹ ਬਲਰਾਜ ਸਿੱਧੂ ਨੂੰ ਨਾ ਮਿਲੇ। ਕਵਿਤਰੀ ਨੇ ਬਲਰਾਜ ਸਿੱਧੂ ਨੂੰ ਮਿਲਣ ਦੀ ਜ਼ਿਦ ਕੀਤੀ ਤਾਂ ਇੰਗਲੈਂਡ ਦੀ ਕਵਿਤਰੀ ਉਹਦੇ ਨਾਲ ਲੜ੍ਹ ਪਈ। ਲੇਕਿਨ ਇੰਡੀਆ ਵਾਲੀ ਕਵਿਤਰੀ ਫੇਰ ਵੀ ਬਲਰਾਜ ਸਿੱਧੂ ਨੂੰ ਮਿਲਣ ਚਲੀ ਗਈ।ਜਦ ਉਹ ਕਮਰੇ ਵਿਚ ਦਾਖਲ ਹੋਇਆ ਤਾਂ ਉਹ ਚੁੰਧਿਆ ਗਈ। ਉਸ ਨਾਲ ਗੱਲਬਾਤ ਕਰਕੇ ਹੋਰ ਪ੍ਰਭਾਵਿਤ ਹੋ ਗਈ।ਕਵਿਤਰੀ ਉਸਦਾ ਨੰਬਰ ਲੈ ਕੇ ਇਕ ਰਾਤ ਉਸਨੂੰ ਫੋਨ ਕਰਦੀ ਹੈ ਤੇ ਇਸ਼ਰਿਆਂ ਵਿਚ ਉਸ ਉਤੇ ਮੋਹਿਤ ਹੋਣ ਦੇ, ਉਸਨੂੰ ਸੰਕੇਤ ਦਿੰਦੀ ਹੈ।ਉਹ ਆਪਣੇ ਕਿਸੇ ਤਿੜਕਦੇ ਜਾ ਰਹੇ ਰਿਸ਼ਤੇ ਨੂੰ ਸੰਭਾਲਣ ਦੇ ਯਤਨਾਂ ਵਿਚ ਲੱਗਾ ਹੋਣ ਕਰਕੇ ਕਵਿਤਰੀ ਦੇ ਇਸ਼ਾਰੇ ਸਮਝਦਾ ਹੋਇਆ ਵੀ ਅਣਜਾਣ ਬਣਦਾ ਹੈ।ਇਹ ਉਹਦੀ ਖਾਸੀਅਤ ਹੈ ਕਿ ਉਹ ਇਕ ਸਮੇਂ ਇਕ ਰਿਸ਼ਤਾ ਹੀ ਹੰਢਾਉਂਦਾ ਹੈ! ਝੂਠੇ ਤੇ ਦਿਖਾਵੇ ਵਾਲੇ ਇਸ਼ਕ ਨਾਲ ਉਸਨੂੰ ਕੋਈ ਸਰੋਕਾਰ ਨਹੀਂ।
ਕਵਿਤਰੀ ਲਈ ਇਕ ਸਮਾਗਮ ਸਿੱਖ ਯੂਥ ਕਮਿਊਂਟੀ ਸੈਂਟਰ, ਸੋਹੋ ਰੋਡ, ਬ੍ਰਮਿੰਘਮ ਵਿਖੇ ਰਚਾਇਆ ਜਾਂਦਾ ਹੈ। ਸਮਾਗਮ ਕਰਵਾਉਣ ਵਾਲਿਆਂ ਵਿਚ ਇਕ ਅਜਿਹਾ ‘ਉਤੋਂ ਬੀਬੀ ਦਾੜ੍ਹੀ ਵਿਚੋਂ ਕਾਲਾ ਕਾਂ’ ਸਾਹਿਤਕਾਰ; ਜੋ ਆਪਣੇ ਆਪ ਨੂੰ ਧਰਮ ਪ੍ਰਚਾਰਕ ਕਹਾਉਂਦਾ ਹੈ, ਵੀ ਹੁੰਦਾ ਹੈ ਜਿਸਦੇ ਘਰ ਉਸ ਦੇ ਪਰਿਵਾਰ ਨਾਲ ਠਹਿਰਨ ਦਾ ਵਾਅਦਾ ਉਸ ਕਵਿਤਰੀ ਨੇ ਕੀਤਾ ਹੁੰਦਾ ਹੈ। ਕਿਉਂਕਿ ਆਪਣੇ ਘਰੇ ਲਿਜਾ ਕੇ ਕਵਿਤਰੀ ਦੀ ਸੇਵਾ ਕਰਕੇ ਉਸ ਸਾਹਿਤਕਾਰ ਨੇ ਕਵਿਤਰੀ ਤੋਂ ਕੁਝ ਨਾ ਕੁਝ ਆਪਣੇ ਬਾਰੇ ਲਿਖਵਾਉਣਾ ਹੁੰਦਾ ਹੈ। ਸਮਾਗਮ ਉਪਰੰਤ ਜਦੋਂ ਉਹ ਕਵਿਤਰੀ ਬਲਰਾਜ ਸਿੱਧੂ ਨੂੰ ਦੇਖਦੀ ਹੈ ਤਾਂ ਫੱਟ ਫਰਮਾਇਸ਼ ਕਰਦੀ ਹੈ, “ਬਲਰਾਜ ਤੇਰੇ ਨਾਲ ਇਕ ਫੋਟੋ ਖਿਚਵਾ ਲਵਾਂ?”
“ਜ਼ਰੂਰ।”
ਫੋਟੋ ਖਿਚਵਾਉਣ ਲੱਗਿਆਂ ਉਹ ਕਵਿਤਰੀ ਉਸਦੀਆਂ ਬਾਹਾਂ ਵਿਚ ਬਾਹਾਂ ਪਾ ਲੈਂਦੀ ਹੈ।ਉਹ ਕੁਝ ਝਿਜਕਦਾ ਹੈ। ਕਈ ਸਾਹਿਤਕਾਰ ਖੜ੍ਹੇ ਇਹ ਦ੍ਰਿਸ਼ ਦੇਖ ਰਹੇ ਹੁੰਦੇ ਹਨ। ਉਹ ਕਵਿਤਰੀ ਦੀਆਂ ਅੱਖਾਂ ਵਿਚ ਇਕ ਤੜਫ ਦੇਖਦਾ ਹੈ ਤੇ ਪੱਥਰ ਤੋਂ ਮੋਮ ਵਾਂਗ ਪਿਘਲ ਜਾਂਦਾ ਹੈ, “ਆ ਚੱਲ ਅੱਜ ਮੇਰੇ ਨਾਲ।”
ਦੋਨੋਂ ਬਾਹਾਂ ਵਿਚ ਬਾਹਾਂ ਪਾਈ ਸੋਹੋ ਰੋਡ ਕਮਿਊਨਟੀ ਸੈਂਟਰ ਵਿਚੋਂ ਨਿਕਲ ਜਾਂਦੇ ਹਨ।
ਜਿਸ ਸਾਹਿਤਕਾਰ ਦੇ ਘਰ ਕਵਿਤਰੀ ਦੇ ਰਹਿਣ ਦਾ ਪ੍ਰਬੰਧ ਸੀ। ਉਹ ਇਹ ਅਲੋਕਿਕ ਦ੍ਰਿਸ਼ ਦੇਖ ਕੇ ਪਿੱਟਦਾ ਫਿਰਦਾ ਕਮਿਊਨਟੀ ਸੈਂਟਰ ਦੇ ਸੰਚਾਲਕ ਦਲ ਸਿੰਘ ਢੇਸੀ ਨੂੰ ਆਖਦਾ ਹੈ, “ਉਹ ਲੈ ਗਿਆ… ਢੇਸੀ ਦੇਖ… ਆਪਣੀਆਂ ਅੱਖਾਂ ਦੇ ਸਾਹਮਣੇ ਲੈ ਗਿਆ… ਦੇਖ ਕਿਵੇਂ ਬਾਹਾਂ ’ਚ ਬਾਹਾਂ…।”
“ਉਹ ਕਿਹੜਾ ਚੋਰੀ ਕਰਕੇ ਜਾਂ ਜ਼ਬਰਦਸਤੀ ਲੈ ਗਿਐ? ਆਪਣੀ ਮਰਜ਼ੀ ਨਾਲ ਉਹਦੇ ਕੋਲ ਗਈ ਹੈ।”
ਇਸ ਪ੍ਰਕਾਰ ਦੀਆਂ ਹੁਸਨਾਂ ਦੀਆਂ ਚੋਰੀਆਂ ਕਰਨ ਵਿਚ ਉਹ ਮਾਹਿਰ ਹੈ। ਪਰ ਛੱਲ-ਕਪਟ, ਧੋਖਾ ਤੇ ਝੂਠ ਤੋਂ ਕੋਹਾਂ ਦੂਰ ਹੈ।ਉਹ ਰੂਹ ਦੇ ਹਾਣ ਦੀ ਜੁਸਜੂ ਕਰਦਾ ਹੈ।ਚੰਗਾ! ਐਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤ। ਛੱਤਣਾ ਸੀ ਕੋਠਾ, ਛੱਤ’ਲੀ ਸਬਾਤ। ਹੁਣ ਮੈਂ ਆਪਣੇ ਟਿਕਾਣੇ ’ਤੇ ਜਾਂਦਾ ਹਾਂ।ਜਿਥੋਂ ਮੈਂ ਆਇਆ ਸੀ ਤੇ ਜਿਥੋਂ ਨਾਲ ਮੈਂ ਸੰਬਧਿਤ ਹਾਂ। ਮੈਂ ਫਿਰ ਤੋਂ ਬਲਰਾਜ ਦੇ ਅੰਦਰ ਵੜ੍ਹ ਕੇ ਬੈਠ ਗਿਆ ਹਾਂ।
ਪਿਛਲੇ ਚਾਰ ਪੰਜ ਸਾਲ ਤੋਂ ਮੈਂ ਸਾਹਿਤ ਦਾ ਇਕ ਵੀ ਅੱਖਰ ਨਹੀਂ ਲਿਖਿਆ। ਪਾਠਕਾਂ, ਅਖਬਾਰਾਂ ਤੇ ਸਾਹਿਤ ਨਾਲੋਂ ਮੇਰਾ ਲਗਭਗ ਨਾਤਾ ਹੀ ਟੁੱਟ ਗਿਆ ਸੀ। ਐਨੇ ਲੰਮੇ ਵਕਫੇ ਬਾਅਦ ਪਤਾ ਨਹੀਂ ਕਿਵੇਂ ਇਕ ਪਾਠਕ ਦੋਸਤ ਦਾ ਫੋਨ ਆਇਆ। ਰਸਮੀ ਗੱਲਬਾਤ ਤੋਂ ਬਾਅਦ ਉਹਨੇ ਦੱਸਿਆ ਕਿ ਵੱਖ ਵੱਖ ਅਖਬਾਰਾਂ ਵਿਚ ਇਕ ਚਿੱਠੀ ਛਪੀ ਹੈ ਤੇ ਕਿਸੇ ਨੇ ਸਾਰੇ ਪੰਜਾਬੀ ਲੇਖਕਾਂ ਨੂੰ ਚੇਲਿੰਜ਼ ਕੀਤਾ ਹੈ ਕਿ ਕੋਈ ਉਸਦੇ ਚਹੇਤੇ ਲੇਖਕ ਨੂੰ ਸਾਹਿਤਕ ਅਖਾੜੇ ਵਿਚ ਢਾਹ ਕੇ ਦਿਖਾਵੇ।
ਮੈਨੂੰ ਸੁਣ ਕੇ ਝਟਕਾ ਜਿਹਾ ਲੱਗਿਆ ਕਿ ਰਾਜਨੀਤੀ ਤਾਂ ਰਣ ਦਾ ਮੈਦਾਨ ਸੀ। ਸਾਹਿਤ ਕਦੋਂ ਤੋਂ ਕੁਰਖੇਤਰ ਬਣ ਗਿਆ।ਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਚਿੱਠੀ ਪੜ੍ਹ ਕੇ ਸੁਣਾਵੇ ਤਾਂ ਜੋ ਮੈਨੂੰ ਵੀ ਪਤਾ ਲੱਗੇ ਇਹ ਕਿਹੜਾ ਸੱਜਣ ਸਿਉਂ ਐਨੇ ਹੰਕਾਰ ਵਿਚ ਆ ਗਿਆ ਹੈ।ਉਸਨੇ ਪੜ੍ਹ ਕੇ ਸੁਣਾਈ ਤਾਂ ਮੈਂ ਉਸਨੂੰ ਝੱਟ ਦੱਸ ਦਿੱਤਾ ਕਿ ਇਸ ਦੀ ਇਬਾਰਤ ਵਿਚੋਂ ਪਾਠਕ ਪਿਸ਼ੌਰਾ ਸਿੰਘ ਲਲਹੇੜੀ ਨਹੀਂ ਲੇਖਕ ਖੁਦ ਬੋਲਦਾ ਹੈ, ਇਹ ਡਿਕਟੇਟਡ ਚਿੱਠੀ, ਮਹਿਜ਼ ਪਬਲਸਿਟੀ ਸਟੰਟ ਹੈ। ਮੈਨੂੰ ਮੇਰਾ ਦੋਸਤ ਕਹਿਣ ਲੱਗਾ ਤੂੰ ਇਸਦਾ ਜੁਆਬ ਦੇ। ਮੈਂ ਕਿਹਾ ਇਹੀ ਤਾਂ ਉਹ ਲੇਖਕ ਚਾਹੁੰਦਾ ਹੈ ਕਿ ਵਿਵਾਦਾਂ ਨਾਲ ਮੁਫਤ ਦੀ ਚਰਚਾ ਬਟੋਰੇ। ਪਹਿਲਾਂ ਉਹਨੇ ਇਕ ਜਗ੍ਹਾ ਚਿੱਠੀ ਛਪਵਾਈ, ਫਿਰ ਦੂਜੀ ਥਾਂ, ਫਿਰ ਤੀਜੀ। ਜਿਨ੍ਹਾਂ ਅਖਬਾਰਾਂ ਵਿਚ ਜਿਸ ਪਾਠਕ ਦੇ ਨਾਮ ’ਤੇ ਚਿੱਠੀ ਛਪੀ ਹੈ। ਉਹਦੇ ’ਚੋਂ ਅੱਧੀਆਂ ਬਾਰੇ ਤਾਂ ਸ਼੍ਰੀ ਮਾਨ ਲਿਖਤੁਮ ਨੂੰ ਵੀ ਨਹੀਂ ਪਤਾ ਹੋਣਾ। ਵਧੀਆ ਜੁਆਬ ਇਸਦਾ ਇਹ ਹੈ ਕਿ ਕੋਈ ਜੁਆਬ ਨਾ ਦਿੱਤਾ ਜਾਵੇ।ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ।
“ਪਰ ਭਾਜੀ ਐਨੇ ਅਖਬਾਰਾਂ ਵਾਲਿਆਂ ਨੇ ਕਿਵੇਂ ਇਹ ਚਿੱਠੀ ਛਾਪ ਦਿੱਤੀ?ਉਹ ਤਾਂ ਇਹ ਵੀ ਛਾਪੀ ਜਾਂਦੇ ਹਨ ਕਿ ਉਹ ਲੇਖਕ ਵਿਸ਼ਵਪੱਧਰ ਦਾ ਲੇਖਕ ਹੈ।”
“ਯਾਰ ਉਹ ਕੱਟੀਆਂ ਵਿਚ ਝੋਟਾ ਛੱਡੀ ਰੱਖਣਗੇ ਤਾਂ ਇਹੀ ਕੁਝ ਹੋਊ।”
“ਕੀ ਕਿਹੈ?”
“ਕਹਿਣ ਦਾ ਭਾਵ ਇਹ ਕਿ ਆਪਣੇ ਪੰਜਾਬ ਵਿਚ ਜਦੋਂ ਸੂਈ ਹੋਈ ਮੱਝ ਦੀ ਕੱਟੀ, ਥੋੜ੍ਹੀ ਉਡਾਰ ਹੋ ਜਾਂਦੀ ਤਾਂ ਉਸਨੂੰ ਕਿਸੇ ਪਸ਼ੂਪਾਲਕ ਨੂੰ ਧਲਿਆਰੇ ’ਤੇ ਦੇ ਦਿੱਤਾ ਜਾਂਦਾ। ਉਹ ਪਾਲਕ ਜਦੋਂ ਕੱਟੀ ਮੱਝ ਬਣਕੇ ਸੂਣ ਵਾਲੀ ਹੋ ਜਾਂਦੀ ਤਾਂ ਮਾਲਕਾਂ ਨੂੰ ਮੋੜ ਜਾਂਦਾ। ਇਸ ਦੇ ਇਵਜ ਵਿਚ ਉਸਨੂੰ ਪੈਸੇ ਮਿਲਦੇ। ਇਵੇਂ ਕਿਸੇ ਬੰਦੇ ਨੇ ਧਲਿਆਰੇ ਉੱਤੇ ਕਈ ਕੱਟੀਆਂ ਲਈਆਂ ਹੋਈਆਂ ਸਨ। ਜ਼ਾਹਿਰ ਹੈ ਉਹਨੇ ਇਕ ਝੋਟਾ ਵੀ ਰੱਖਿਆ ਸੀ। ਉਹ ਰੋਜ ਰੌਲਾ ਪਾਇਆ ਕਰੇ ਸਾਡਾ ਝੋਟਾ ਕੱਟੀ ਨੂੰ ਮੂਹਰੇ ਲਾਈ ਫਿਰਦੈ। ਸਾਡੇ ਝੋਟੇ ਨੇ ਗਾਹ ਪਾਇਆ ਪਿਐ, ਵਗੈਰਾ। ਇਕ ਦਿਨ ਉਹਦਾ ਸ਼ੋਰ ਸ਼ਰਾਬਾ ਸੁਣ ਕੇ ਉਨ੍ਹਾਂ ਦਾ ਗੁਆਂਢੀ ਕਹਿੰਦਾ, “ਓਨਾ ਗਾਹ ਥੋਡਾ ਝੋਟਾ ਨਹੀਂ ਪਾਉਂਦਾ ਜਿੰਨਾ ਤੁਸੀਂ ਉਹਦੀ ਸਿਫਤ ਵਿਚ ਪਾਉਂਦੇ ਰਹਿੰਦੇ ਹੋ। ਜੇ ਝੋਟੇ ਦਾ ਜ਼ਿਆਦਾ ਹੀ ਹੰਕਾਰ ਐ ਤਾਂ ਇਕ ਵਾਰ ਸਾਡੇ ਸਾਨ੍ਹ ਨੂੰ ਆਪਣੇ ਵਾੜੇ ਵਿਚ ਵਾੜ੍ਹ ਕੇ ਦੇਖੋ। ਫੇਰ ਦੇਖਾਂਗੇ ਥੋਡਾ ਝੋਟਾ ਕਿਵੇਂ ਖੌਰੂ ਪਾਉਂਦੈ।”
“ਇਸ ਚਿੱਠੀ ਬਾਰੇ ਕੀ ਕਰਨਾ ਚਾਹੀਦੈ?”
ਮੈਂ ਲੰਮੀਆਂ ਤਾਣ ਕੇ ਪਿਆ ਸੋਫੇ ਉੱਤੇ ਉੱਠ ਕੇ ਬੈਠ ਗਿਆ, “ਕਰਨਾ ਕੀ ਐ ਸਾਨ੍ਹ ਉੱਠ ਖੜ੍ਹਿਐ। ਦੇਖ ਮਰਦਾਨਿਆ ਰੰਗ ਕਰਤਾਰ ਦੇ। ਆਪੇ ਸਾਨ੍ਹ ਕਲੋਲ ਕਰੂ। ਤਮਾਸ਼ਾ ਦੇਖ।ਅਸੀਂ ਤੋਪਾਂ ਦੇ ਮੂੰਹ ਨੀਵੇਂ ਕਰ ਲਏ ਤਾਂ ਲੋਕੀ ਸਮਝਣ ਲੱਗ ਪਏ ਉਹ ਗੋਲੇ ਵਰਸਾਉਣੋਂ ਹੱਟ ਗਈਆਂ? ਜਿਥੇ ਲੀਕ ਛੱਡੀ ਸੀ ਉਥੋਂ ਖਿਚਣੀ ਫੇਰ ਸ਼ੁਰੂ ਕਰ ਦਿੰਦੇ ਹਾਂ। ਆਪੇ ਅਖਬਾਰਾਂ ਵਾਲਿਆਂ ਤੇ ਪਾਠਕਾਂ ਨੂੰ ਦਿਸ ਜਾਊ ਕੀਹਦੀ ਲਕੀਰ ਲੰਮੀ ਜਾਂਦੀ ਹੈ।”
ਰਹੀ ਗੱਲ ਵਿਸ਼ਵਪੱਧਰ ਦੇ ਸਾਹਿਤਕਾਰ ਦੀ। ਪੰਜਾਬੀ ਦਾ ਕੋਈ ਸਾਹਿਤਕਾਰ ਵਿਸ਼ਵਪੱਧਰ ਦਾ ਨਹੀਂ ਸ਼ਿਵ ਕੁਮਾਰ ਬਟਾਲਵੀ ਨੂੰ ਸਾਰੇ ਪੰਜਾਬੀ ਸਾਹਿਤਕਾਰਾਂ ਨਾਲੋਂ ਵੱਧ ਸ਼ੁਹਰਤ ਮਿਲੀ ਹੈ, ਅਠਾਈ ਸਾਲ ਦੀ ਉਮਰ ਵਿਚ ਸਾਹਿਤ ਅਕੈਡਮੀ ਅਵਾਰਡ ਮਿਲਿਐ। ਉਹ ਵੀ ਵਿਸ਼ਵਪੱਧਰ ਦਾ ਸਾਹਿਤਕਾਰ ਨਹੀਂ। ਉਸਦੀ ਮਕਬੂਲੀਅਤ ਸਿਰਫ ਪੰਜਾਬੀ ਤੱਕ ਹੀ ਸੀਮਿਤ ਹੈ। ਪੰਜਾਬੀ ਵਾਲੇ ਲੇਖਕ ਪਾਠਕ ਮੂੰਗਫਲੀ ਖਾਹ ਕੇ ਬਦਮਾਂ ਦੇ ਸੁਆਦ ਦੱਸਣ ਲੱਗ ਜਾਂਦੇ ਹਨ।ਦੋ ਪੈੱਗ ਪੀ ਕੇ ਹਰੇਕ ਲੱਲੀ-ਛੱਲੀ ਨੂੰ ਵਿਸ਼ਵ ਪੱਧਰ ਦਾ ਸਾਹਿਤਕਾਰ ਬਣਾ ਕੇ ਸਿਰ ’ਤੇ ਟੋਕਰੇ ਵਾਂਗੂੰ ਧਰੀ ਜਾਵਾਂਗੇ ਤਾਂ ਜਿਹੜੇ ਸੱਚੀਂ ਵਿਸ਼ਵ ਪੱਧਰ ਦੇ ਸਾਹਿਤਕਾਰ ਹਨ, ਉਹਨਾਂ ਨੂੰ ਚੰਨ ’ਤੇ ਛੱਡ ਕੇ ਆਉਣਾ ਪਊ।ਆਪਣੇ ਜਿਸਮਾਨੀ ਤੌਰ ’ਤੇ ਇਕ ਤੋਂ ਵੱਧ ਦੇਸ਼ਾਂ ਵਿਚ ਜਾਣ ਜਾਂ ਉਥੋਂ ਦੇ ਅਖਬਾਰਾਂ ਵਿਚ ਛਪਣ ਨਾਲ ਕੋਈ ਵਿਸ਼ਵਪੱਧਰ ਦਾ ਸਾਹਿਤਕਾਰ ਨਹੀਂ ਬਣਦਾ। ਸਾਇਬੇਰੀਅਨ ਕ੍ਰੇਨ ਹਜ਼ਾਰਾਂ ਮੀਲਾਂ ਦੀ ਦੂਰ ਤੈਅ ਕਰਕੇ ਮੌਸਮ ਦੇ ਪ੍ਰੀਵਰਤਨ ਆਉਂਣ ਨਾਲ ਇਕ ਮੁਲਖ ਤੋਂ ਦੂਜੇ ਮੁਲਕ ਵਿਚ ਜਾਂਦੇ ਰਹਿੰਦੇ ਹਨ। ਉਹ ਵਿਸ਼ਵਪੱਧਰੀ ਪੰਛੀ ਨਹੀਂ ਬਣ ਜਾਂਦੇ।ਗਧੇ ਤੇ ਘੋੜੇ ਨੂੰ ਇਕੋ ਰੱਸੇ ਬੰਨ੍ਹਣ ਵਾਲਿਆਂ ਲੱਲੂਹੇੜੀਆਂ ਜਿਹਿਆਂ ਨੂੰ ਮੇਰੀ ਸਲਾਹ ਹੈ, ਪਹਿਲਾਂ ਵਿਸ਼ਵਪੱਧਰ ਦੇ ਸਾਹਿਤਕਾਰਾਂ ਨੂੰ ਪੜ੍ਹੋ, ਫੇਰ ਤਗਮੇ ਵੰਡਣ ਲੱਗਿਉ।
ਮੇਰੀ ਅੰਗਰੇਜ਼ੀ ਕਹਾਣੀ ‘ਬਰੌਥਲ’ (ਚਕਲਾ) ਦੀ ਨਾਇਕਾ ਇਕ ਮੁਜਰੇ ਵਾਲੀ ਹੁੰਦੀ ਹੈ। ਜਦੋਂ ਉਹ ਬੁੜ੍ਹੀ ਹੋ ਜਾਂਦੀ ਹੈ ਤਾਂ ਉਸਦੀ ਲੜਕੀ ਜਵਾਨ ਹੋ ਜਾਂਦੀ ਹੈ। ਲੜਕੀ ਨੂੰ ਧੰਦੇ ਵਿਚ ਲਾਉਣ ਲਈ ‘ਨੱਥ’ ਉਤਰਾਈ (ਕੁਆਰਾਪਨ ਭੰਗ ਕਰਨ) ਦੀ ਰਸਮ ਦਾ ਸਮਾਗਮ ਹੁੰਦਾ ਹੈ। ਉਸ ਵਿਚ ਨਾਇਕਾ ਦਾ ਪੁਰਾਣਾ ਬੁੱਢਾ ਗਾਹਕ ਉਸਦੀ ਲੜਕੀ ਲਈ ਸਭ ਤੋਂ ਵੱਡੀ ਰਕਮ ਦੇਣ ਦਾ ਹੋਕਾ ਦਿੰਦਾ ਹੈ। ਲੇਕਿਨ ਉਥੇ ਕੋਈ ਜਵਾਨ ਨਵਾਬਜ਼ਾਦਾ ਵੀ ਹੁੰਦਾ ਹੈ ਜਿਸਨੇ ਸਭ ਤੋਂ ਘੱਟ ਰਕਮ ਦੀ ਆਪਣੀ ਹੈਸੀਅਤ ਮੁਤਾਬਕ ਪੇਸ਼ਕਸ਼ ਕਰੀ ਹੁੰਦੀ ਹੈ। ਨਾਇਕਾ ਆਪਣੀ ਲੜਕੀ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਉਸ ਨਵਾਬਜ਼ਾਦੇ ਵੱਲ ਤੱਕਦਾ ਦੇਖਕੇ ਲੜਕੀ ਨੂੰ ਇਹ ਸੋਚ ਕੇ ਨਵਾਬਜ਼ਾਦੇ ਕੋਲ ਭੇਜ ਦਿੰਦੀ ਹੈ ਕਿ ਬਾਕੀ ਜ਼ਿੰਦਗੀ ਤਾਂ ਉਸਨੂੰ ਗਾਹਕਾਂ ਨੇ ਪਸੰਦ ਕਰਕੇ ਚੁਣਨਾ ਹੈ, ਅੱਜ ਦਾ ਇਕ ਦਿਨ ਤਾਂ ਉਹ ਆਪਣੀ ਬੇਟੀ ਨੂੰ ਮਨਪਸੰਦ ਗਾਹਕ ਚੁਣ ਲੈਣ ਦੇਵੇ। ਫਿਰ ਕਈ ਸਾਲਾਂ ਬਾਅਦ ਉਹੀ ਬੁੱਢਾ ਗਾਹਕ ਨਾਇਕਾ ਦੀ ਲੜਕੀ ਨਾਲ ਰਾਤ ਗੁਜ਼ਾਰਨ ਆਉਂਦਾ ਹੈ। ਨਾਇਕਾ ਲੋੜ੍ਹ ਤੋਂ ਕੁਝ ਵੱਧ ਮੰਗਦੀ ਹੈ। ਬੁੱਢਾ ਜੁਆਬ ਦਿੰਦਾ ਹੈ, “ਅੱਜ ਤੈਨੂੰ ਮੈਂ ਉਨੇ ਪੈਸੇ ਨਹੀਂ ਦੇ ਸਕਦਾ। ਇਹ ਰਕਮ ਤੂੰ ਉਦੋਂ ਲੈ ਸਕਦੀ ਸੀ ਜਦੋਂ ਨੱਥ ਨਹੀਂ ਸੀ ਉਤਰੀ। ਹੁਣ ਦਿਨੋਂ ਦਿਨ ਤੇਰੀ ਲੜਕੀ ਦਾ ਭਾਅ ਥੱਲੇ ਜਾਣਾ ਹੈ ਵੱਧਣਾ ਨਹੀਂ।”
ਇੰਨ-ਬਿੰਨ ਇਹੀ ਸਥਿਤੀ ਪੰਜਾਬੀ ਲੇਖਕਾਂ ਦੀ ਹੈ। ਪੰਜਾਬੀ ਪੜ੍ਹਣ ਵਾਲੇ ਦਿਨੋਂ ਦਿਨ ਘੱਟ ਰਹੇ ਹਨ।ਪੰਜਾਬੀ ਲੇਖਕ ਆਪਣੀ ਨੱਥ ਉਤਰੀ ਭੁੱਲ ਕੇ ਆਪਣੀ ਹੈਸੀਅਤ ਤੋਂ ਵੱਧ ਦੀ ਇੱਛਾ ਰੱਖਦੇ ਹਨ। ਵਿਸ਼ਵ ਪੱਧਰ ਦੇ ਸਾਹਿਤਕਾਰਾਂ ਨਾਲ ਇਕ ਮੰਚ ਉੱਤੇ ਖੜ੍ਹੇ ਹੋਣ ਦੇ ਸੁਪਨੇ ਪਾਲ ਬੈਠਦੇ ਹਨ। ਪਰ ਹਕੀਕਤ ਤਾਂ ਇਹ ਹੈ ਕਿ ਪੰਜਾਬੀ ਦੇ 99% ਸਾਹਿਤਕਾਰਾਂ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੇ ਵੀ ਨਹੀਂ ਪੜ੍ਹਿਆ ਹੁੰਦਾ।ਕੋਈ ਕਿੱਲੇ ਨਾਲ ਬੰਨ੍ਹਿਆ ਪਸ਼ੂ ਕਿੱਲੇ ਦੇ ਇਰਦ-ਗਿਰਦ ਉਨੀ ਦੂਰ ਤੱਕ ਹੀ ਘੁੰਮ ਸਕਦਾ ਹੈ ਜਿੰਨਾ ਉਸਦਾ ਅਕਾਰ ਤੇ ਗਲ੍ਹ ਪਾਏ ਸੰਗਲ ਦੀ ਲੰਬਾਈ ਹੈ। ਉਸ ਤੋਂ ਦੂਰ ਦੀ ਜ਼ਮੀਨ ਨੂੰ ਛੂਹਣਾ ਨਾਮੁਕਿਨ ਹੈ।ਪੰਜਾਬੀ ਲੇਖਕ ਆਪਣੀ ਸਮਰੱਥਾ ਅਤੇ ਮਿਹਨਤ ਤੋਂ ਵੱਧ ਫਲ ਦੀ ਤਵੱਕੋਂ ਰੱਖਦੇ ਹਨ।
ਦੂਰ ਉੱਚੇ ਪਹਾੜ ਉੱਤੇ ਚੜ੍ਹ ਕੇ ਮੈਂ ਦੇਖਦਾ ਹਾਂ ਕਿ ਪੰਜਾਬੀ ਲੇਖਕ (ਇਨ੍ਹਾਂ ਵਿਚ ਮੈਂ ਖੁਦ ਵੀ ਸ਼ਾਮਿਲ ਹਾਂ!) ਭਰਮਾਂ ਦੇ ਕਿਲ੍ਹੇ ਵਿਚ ਕੈਦ ਇਕ ਦੂਜੇ ਨਾਲ ਘੁੱਲ੍ਹਣ ਲੱਗੇ ਹਨ ਤੇ ਉਹਨਾਂ ਨੂੰ ਰਿਹਾਈ ਦਾ ਖੁੱਲ੍ਹਾਂ ਦਰਵਾਜ਼ਾ ਦਿਖਾਈ ਨਹੀਂ ਦਿੰਦਾ।ਉਹ ਦਰਵਾਜ਼ਾ ਜੋ ਉਹਨਾਂ ਨੂੰ ਵਿਸ਼ਵਪੱਧਰ ਦੇ ਪਾਠਕਾਂ ਤੱਕ ਲਿਜਾਂਦਾ ਹੈ। ਮੇਰੇ ਮਨ ਵਿਚ ਉਰਦੂ ਦਾ ਸ਼ੇਅਰ ਆਉਂਦਾ ਹੈ;
“ਬਰਬਾਦ-ਏ-ਗੁਲਿਸਤਾਨ ਕਰਨੇ ਕੋ ਏਕ ਹੀ ਉਲੂ ਕਾਫੀ ਹੈ
ਅੰਜਾਨ-ਏ-ਗਲਿਸਤਾਨ ਕਿਆ ਹੋਗਾ ਹਰ ਸ਼ਾਖ ਪੇ ਉਲੂ ਬੈਠਾ ਹੈ।”
ਇਹ ਲੇਖ ਉਹਨਾਂ ਕੈਦੀ ਸਾਹਿਤਕਾਰਾਂ ਨੂੰ ਮੇਰੇ ਵੱਲੋਂ ਭਰਮਾਂ ਦੀ ਕੈਦ ਵਿਚੋਂ ਨਿਕਲਣ ਲਈ ਮਾਰੀ ਗਈ ਇਕ ਅਵਾਜ਼ ਹੈ। ਉਸ ਝੂਠੀ ਹਾਉਮੇ ਵਿਚ ਗ੍ਰਸੇ ਗੱਪੀ, ਬਨਾਉਟੀ ਦੁਨੀਆ ਦੇ ਲੇਖਕ ਲੋਕਾਂ ਨੂੰ ਭਰਮਾਂ ਦੇ ਕੈਦਖਾਨੇ ਦੇ ਖੁੱਲ੍ਹੇ ਦਰਵਾਜ਼ਿਆਂ ਨੂੰ ਦਿਖਾਉਣ ਲਈ ਮਾਰੀ ਗਈ ਇਕ ਸਰਚਲਾਇਟ ਹੈ, “ਆਉ ਮਿੱਤਰੋ, ਬਾਹਰ ਆ ਜਾਉ! ਅਜ਼ਾਦ ਫਿਜ਼ਾ ਵਿਚ ਤਾਂ ਜੋ ਵਿਸ਼ਵਪੱਧਰ ਦਾ ਤੇ ਆਪਣਾ ਮੌਲਿਕ ਸਾਹਿਤ ਰਚੀਏ!!!”
“ਮਿਟਾ ਦੇ ਅਪਨੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ
ਕਿ ਦਾਨਾ ਖਾਕ ਮੇਂ ਮਿਲ ਕਰ, ਗੁਲੋ ਗੁਲਜ਼ਾਰ ਹੋਤਾ ਹੈ।”
****
Print this post
Labels:
ਕਿਸ਼ਤ 6
1 comment:
ਛੇ ਕਿਸ਼ਤਾਂ ਦੀ ਇਸ 'ਮਹਾਨ' ਰਚਨਾ ਵਿਚ
ਜੋ ਬੱਜਰ ਗਲਤੀਆਂ ਹਨ, ਉਹ ਲੇਖਕ ਨੇ ਕੀਤੀਆਂ ਹਨ
ਜਾਂ ਟਾਇਪ ਕਰਨ ਵਾਲੇ ਨੇ ਕੀਤੀਆਂ ਹੋਈਆਂ ਹਨ ?
ਜੇ ਉਸ ਨੂੰ ਇਸ ਵਿਚ ਕੋਈ ਗਲਤੀ ਨਾ ਦਿਸੇ ਤਾਂ
ਉਹ ਆਪਣੀ ਨਜਰ ਦੀ ਥਾਂ
ਆਪਣੇ ਵਿਯਨ ਦਾ ਮੁਆਇਨਾ ਕਰਾਵੇ ।
Post a Comment