ਪੰਜਾਬੀ ਦੇ ਚਮਤਕਾਰੀ ਲੇਖਕ (ਕਿਸ਼ਤ 4).......... ਬਲਰਾਜ ਸਿੱਧੂ
ਪੰਜਾਬੀ ਲੇਖਕ ਨੂੰ ਜੇ ਕੋਈ ਐਨਾ ਆਖ ਦੇਵੇ ਕਿ ਤੁਹਾਡੀ ਰਚਨਾ ਪੜ੍ਹੀ ਸੀ। ਹੁਣ ਅੱਗੇ ਭਾਵੇਂ ਅਗਲੇ ਨੇ ਅਲੋਚਨਾ ਹੀ ਕਰਨੀ ਹੋਵੇ। ਸਾਡੇ ਲੇਖਕ ਜਦੇ ਗੱਲ ਬੋਚ ਲੈਂਦੇ ਹਨ, “ਦੇਖਿਆ? ਪਾ’ਤੇ ਕੁਨਾ ਭੜਾਕੇ। ’ਠਾਰਾਂ ਕਿਤਾਬਾਂ ਪੜ੍ਹਨੀਆਂ ਪਈਆਂ ਮੈਨੂੰ। ਮੈਂ ਪੰਜ ਸਾਲ ’ਡੀਕਦਾ ਰਿਹਾ।ਕੋਈ ਹੋਰ ਇਸ ਵਿਸ਼ੇ ’ਤੇ ਲਿਖੂ। ਹੋਰ ਤਾਂ ਸਾਰੇ ਜੂੰਆਂ ਜਿਹੀਆਂ ਮਾਰਨ ਜੋਗੇ ਨੇ। ਹਾਰਕੇ ਮੈਂ ਕਿਹਾ ਮਨਾ ਤੇਰੀ ਕਲਮ ਨੂੰ ਹੀ ਲਿਖਣਾ ਪੈਣਾ। ਹਲੇ ਤੂੰ ਇਹਦੀ ਅਗਲੀ ਕਿਸ਼ਤ ਪੜ੍ਹੀ ਦੇਖੀਂ ਮੈਂ ਤਾਂ ਅੱਗ ’ਤੇ ਬਰਫ ਬਣਾ ਕੇ ਦਿਖਾਤੀ।…” ਲੇਖਕ ਇਕੋ ਸਾਹ ਲੱਗਿਆ ਪਿਆ ਹੁੰਦਾ ਹੈ ਤੇ ਅਗਲਾ ਸੋਚਦਾ ਹੈ। ਕਿਥੇ ਪੰਗਾ ਲੈ ਲਿਆ।ਮੈਂ ਤਾਂ ਇਹਨੂੰ ਦੱਸਣਾ ਸੀ ਬਈ ਫਲਾਨੇ ਲੇਖਕ ਨੇ ਇਹੀ ਚੀਜ਼ ਬਹੁਤ ਵਧੀਆ ਲਿਖੀ ਸੀ।ਤੂੰ ਉਹਨੂੰ ਪੜ੍ਹੀਂ।ਇਹ ਅਸਮਾਨ ਨੂੰ ਹੀ ਅੱਡੀਆਂ ਲਾਈ ਜਾਂਦਾ ਹੈ।ਲੇਖਕ ਬੇਅਟਕ ਜਾਰੀ ਹੁੰਦਾ ਹੈ, “ਉਹ ਮੈਂ ਜਿਹੜਾ ਪਿਛਲੇ ਸਾਲ ਨਾਵਲ ਲਿਖਿਆ ਸੀ ਨਾ। ਉਹ ਪੜ੍ਹ ਕੇ ਮੇਰੀ ਇਕ ਪਾਠਕਾ ਨੇ ਕਨੇਡਾ… ਸਰਦਾਰ ਜੀ ਕਨੇਡਾ ਕਨੇਡਾ… ਕਨੇਡਾ ਤੋਂ ਫੋਨ ਕੀਤਾ।” ਇਹ ਸੁਣ ਕੇ ਸੁਣਨ ਵਾਲਾ ਆਪਣੇ ਮਨ ਵਿਚ ਆਖਦਾ ਹੈ, “ਗੱਪੀਆ ਫੇਰ ਕੀ ਵਰਲਡ ਟਰੇਡ ਸੈਂਟਰ ਡਿੱਗ ਪਿਐ। ਕਨੇਡਾ ਵੀ ਧਰਤੀ ਉੱਤੇ ਹੀ ਹੈ। ਉਹ ਕਿਹੜਾ ਚੰਨ ’ਤੇ ਵਸਿਆ ਹੋਇਆ ਹੈ।”
“ਕਨੇਡਾ ਤੋਂ ਫੋਨ ਕਰਕੇ ਕਹਿੰਦੀ ਭਾਜੀ ਮੈਨੂੰ ਉਹ ਪੈਨ ਦੇ ਦਿਉ ਜਿਸ ਨਾਲ ਤੁਸੀਂ ਇਹ ਨਾਵਲ ਲਿਖਿਆ ਹੈ। ਸਾਡੇ ਇਥੇ ਅੰਗਰੇਜ਼ਾਂ ਨੇ ਕਈ ਦੇਸ਼ਾਂ ਦੇ ਮਹਾਨ ਲੇਖਕਾਂ ਦੀਆਂ ਕਲਮਾਂ ਦੀ ਪ੍ਰਦਰਸ਼ਣੀ ਲਾਉਣੀ ਹੈ ਜਿਨ੍ਹਾਂ ਨਾਲ ਉਹਨਾਂ ਨੇ ਵਿਸ਼ਵਪ੍ਰਸਿੱਧ ਨਾਵਲ ਲਿਖੇ। ਤੁਹਾਡਾ ਪੈਨ ਰੱਖ ਕੇ ਮੈਂ ਵੀ ਮਾਣ ਨਾਲ ਕਹੂੰ। ਇਹ ਸਾਡੇ ਪੰਜਾਬੀ ਦੇ ਬਹੁਤ ਵੱਡੇ ਨਾਵਲਿਸਟ ਦਾ ਉਹ ਪੈਨ ਹੈ ਜਿਸਦੇ ਨਾਲ ਉਹਨੇ ਕਲਾਸਿਕ ਨਾਵਲ ਲਿਖਿਆ ਹੈ।ਮੈਂ ਉਦੋਂ ਹੀ ਭੱਜ ਕੇ ਡਾਕ ’ਚ ਪਾ ਕੇ ਆਇਆ।ਘਰਵਾਲੀ ਕਹੇ ਰੋਟੀ ਖਾਹ ਜੋ। ਤੁਸੀਂ ਰਾਤ ਵੀ ਨਹੀਂ ਸੀ ਖਾਧੀ। ਮੈਂ ਕਿਹਾ ਰੋਟੀ ਰੂਟੀ ਮੈਂ ਆ ਕਿ ਹੀ ਖਾਊਂਗਾ। ਸਰਦਾਰ ਜੀ, ਐਤਕੀ ਫੇਰ ਮੈਂ ਸੋਚਿਆ ਕੋਈ ਕੱਲ੍ਹ ਨੂੰ ਹੋਰ ਪੈਨ ਮੰਗ ਲੈਂਦੈ। ਆਹ ਦੋ ਕਿਸ਼ਤਾਂ ਦਾ ਲੇਖ ਮੈਂ ਬਾਰਾਂ ਪੈਨਾਂ ਨਾਲ ਲਿਖਿਐ। ਜਿਹੜਾ ਮੰਗੂ ਆਪਾਂ ਨਾਂਹ ਨਹੀਂ ਕਰਨੀ।” ਅਗਲਾ ਸਮਝ ਜਾਂਦਾ ਹੈ ਕਿ ਇਹ ਤਾਂ ਤੋਪੇ ਹੀ ਤੋੜੀ ਜਾਂਦਾ ਹੈ।ਇਹਦੇ ਤੋਂ ਖਹਿੜਾ ਛੁਡਾਉ। ਅਗਲਾ ਕੋਈ ਬਹਾਨਾ ਲਾ ਕੇ ਜਾਣ ਲੱਗਦਾ ਹੈ ਤਾਂ ਲੇਖਕ ਸਾਹਿਬ ਪਿਛੀਉਂ ਅਵਾਜ਼ ਮਾਰ ਕੇ ਆਖਦੇ ਹਨ, “ਉਹ ਸੱਚ ਯਾਰ… ਪੈਗ-ਸ਼ੈਗ ਲਵਾਇਏ ਤੈਨੂੰ?”
ਪਹਿਲਾਂ ਹੀ ਤਸ਼ੱਦਦ ਸਹਾਰ ਚੁੱਕਾ ਅਗਲਾ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਗੱਲ ਅਣਸੁਣੀ ਕਰਕੇ ਭੱਜਣ ਦੀ ਕਰਦਾ ਹੈ।
ਇਸੇ ਨਾਲ ਮਿਲਦੀ ਜੁਲਦੀ ਇਕ ਸੱਚੀ ਘਟਨਾ ਹੈ।ਇਕ ਬੰਦਾ ਆਪਣੇ ਕਿਸੇ ਦੋਸਤ ਤੋਂ ਪੰਜ ਹਜ਼ਾਰ ਰੁਪਏ ਉਦਾਰੇ ਮੰਗਣ ਗਿਆ ਤਾਂ ਦੋਸਤ ਨੇ ਕਾਰਨ ਪੁੱਛਿਆ।ਅੱਗੋਂ ਉਹਨੇ ਆਪਣੇ ਕਿਸੇ ਕੇਸ ਵਿਚ ਫਸੇ ਹੋਣ ਬਾਰੇ ਦੱਸ ਕੇ ਦੱਸਿਆ ਕਿ ਇਹ ਫਲਾਨੇ ਅਫਸਰ ਨੂੰ ਚਾਹ ਪਾਣੀ ਵਾਸਤੇ ਦੇਣੇ ਹਨ। ਅੱਗੋਂ ਉਹਦਾ ਦੋਸਤ ਬੋਲਿਆ, “ਤੂੰ ਕਮਲਾ ਹੋਇਐਂ? ਪੰਜ ਹਜ਼ਾਰ ਰੁਪਈਏ ਖਰਾਬ ਕਰਨ ਲੱਗਿਐ। ਉਹ ਪੁਲਿਸ ਅਫਸਰ ਅਖਬਾਰਾਂ ਵਿਚ ਪੰਜਾਬੀ ਦੇ ਲੇਖ ਲਿਖਦੈ। ਜਾ ਕੇ ਦੋ ਕੁ ਲੇਖਾਂ ਦੀਆਂ ਤਾਰੀਫਾਂ ਕਰਾਂਗੇ… ਉਹ ਤਾਂ ਫਿਰੂ ਸੱਪ ਵਾਂਗੂ ਮੇਲਦਾ। ਕੰਮ ਵੀ ਮੁਫਤ ਕਰੂ ਨਾਲੇ ਆਪਾਂ ਨੂੰ ਚਾਹ ਪਾਣੀ ਵੀ ਉਹੀ ਪਿਆਊ।”
ਤੇ ਅਜਿਹਾ ਹੀ ਹੋਇਆ।
ਸਾਡੇ ਮਿਡਲੈਂਡ ਦੇ ਇਕ ਪੰਜਾਬੀ ਲੇਖਕ ਨੇ ਕੈਥਰੀਨ ਕੁੱਕਸਨ ਦੇ ਸਾਰੇ ਲੇਖ ਪੜ੍ਹੇ ਹੋਏ ਹਨ। ਕੈਥਰੀਨ ਕੁਕਸਨ ਨੇ ਕੇਵਲ ਨਾਵਲ ਲਿਖੇ ਹਨ ਤੇ ਜ਼ਿੰਦਗੀ ਵਿਚ ਇਕ ਵੀ ਲੇਖ ਨਹੀਂ ਲਿਖਿਆ। ਪਰ ਸਾਡੇ ਲੇਖਕ ਨੇ ਫੇਰ ਵੀ ਪੜ੍ਹ ਲਏ। ਸੋਚੋ ਇਹ ਭਲਾਂ ਕਿਸੇ ਕਰਿਸ਼ਮੇ ਤੋਂ ਘੱਟ ਹੈ?
ਇੰਡੀਆ ਛੁੱਟੀਆਂ ਕੱਟਣ ਗਿਆ ਮੈਂ ਦਿੱਲੀ ਆਪਣੀ ਇਕ ਦੋਸਤ ਦੇ ਘਰੇ ਤ੍ਰੀਯ ਨਗਰ ਰਹਿੰਦਾ ਸੀ। ਜੂਨ ਜੁਲਾਈ ਦਾ ਮਹੀਨਾ। ਗਰਮੀ ਸਿਖਰਾਂ ’ਤੇ।ਟੈਲੀਵਿਜ਼ਨ ’ਤੇ ਫਿਲਮ ਦੇਖਦਿਆਂ ਅਚਾਨਕ ਬਿਜਲੀ ਚਲੀ ਗਈ।ਏ ਸੀ ਦੀ ਠੰਡਕ ਪਲਾਂ ਵਿਚ ਹੁੰਮਸ ਵਿਚ ਬਦਲ ਗਈ।ਮੈਂ ‘ਨਾਗਮਣੀ’ ਚੁੱਕੀ ਤੇ ਨਾਲ ਦੀ ਗਲੀ ਵਿਚ ਫਿਲਮ ਐਕਟਰ ਗੁਲਸ਼ਨ ਗਰੋਵਰ ਦੀ ਦੁਕਾਨ ’ਤੇ ਇਹ ਸੋਚ ਕੇ ਚਲਾ ਗਿਆ ਕਿ ਉਥੇ ਘੱਟੋ-ਘੱਟ ਪੱਖਾ ਤਾਂ ਚੱਲਦਾ ਹੋਵੇਗਾ। ‘ਨਾਗਮਣੀ’ ਪੜ੍ਹਦਿਆਂ ਮੈਨੂੰ ਖਿਆਲ ਆਇਆ ਕਿ ਮੈਨੂੰ ਤਾਂ ਦਿੱਲੀ ਵਿਚ ਅਯਾਸ਼ੀਆਂ ਕਰਦਿਆਂ ਮਹੀਨਾ ਹੋ ਗਿਆ ਹੈ। ਦਿੱਲੀ ਦੇਸ਼ ਦੀ ਹੀ ਨਹੀਂ। ਪੰਜਾਬੀ ਸਾਹਿਤਕਾਰਾਂ ਦੀ ਵੀ ਰਾਜਧਾਨੀ ਹੈ। ਮੈਂ ਕਿਸੇ ਸਾਹਿਤਕਾਰ ਨੂੰ ਵੀ ਨਹੀਂ ਸੀ ਮਿਲ ਸਕਿਆ।ਅਮਰਜੀਤ ਸਿੰਘ ਨੇ ਮੈਨੂੰ ‘ਅਕਸ’ ਵਿਚ ਰੱਜ ਕੇ ਛਾਪਿਆ। ਉਸਨੂੰ ਫੋਨ ਤੱਕ ਨਹੀਂ ਸੀ ਕਰ ਹੋਇਆ।ਚਲੋ ਅੰਮ੍ਰਿਤਾ ਪ੍ਰੀਤਮ ਨੂੰ ਮਿਲ ਕੇ ਆਉਂਦੇ ਹਾਂ। ਪਤਾ ਨੋਟ ਕਰਦਿਆਂ ਜਦੋਂ ਮੈਂ ਹੌਜ਼ ਖਾਸ ਪੜ੍ਹਿਆ ਤਾਂ ਇਕਦਮ ਦਿਮਾਗ ਵਿਚ ਆਇਆ। ਉਹ!ਹੋ!! ਹੌਜ਼ ਖਾਸ ਤਾਂ ਆਪਣਾ ਮਨਮੋਹਨ ਬਾਵਾ ਵੀ ਰਹਿੰਦਾ ਹੈ। ਮਨਮੋਹਨ ਬਾਵੇ ਨੂੰ ਫੋਨ ਕਰਕੇ ਮਿਲਣ ਦੀ ਇੱਛਾ ਪ੍ਰਗਟ ਕੀਤੀ।ਅੱਗੋਂ ਪ੍ਰਵਾਨਗੀ ਮਿਲ ਗਈ। ਮੈਂ ਹੀਰੋ ਹਾਂਡਾ ਹੌਜ਼ ਖਾਸ ਵੱਲ ਸਿੱਧਾ ਕਰ ਦਿੱਤਾ।
ਮੈਂ ਮਨਮੋਹਨ ਬਾਵੇ ਦੀਆਂ ਕਹਾਣੀਆਂ ਤੋਂ ਮੁਤਾਸਰ ਹੋ ਕੇ ਪੁਰਾਤਨ ਸੋਹਲਵੀਂ ਸਦੀ ਦੇ ਸਿੱਖਾਂ ਉੱਤੇ ਇਕ ਕਹਾਣੀ ਸਫਲ ਕਹਾਣੀ ਲਿਖੀ ਸੀ, ‘ਪ੍ਰਿਥਮ ਭਗੌਤੀ ਸਿਮਰ ਕੈ’।ਆਮ ਕਹਾਣੀ ਤਾਂ ਮੈਂ ਛੋਲਿਆਂ ਦਾ ਫੱਕਾ ਮਾਰਨ ਵਾਂਗ ਲਿਖ ਲੈਂਦਾ ਸੀ, ਪਰ ਇਹ ਕਹਾਣੀ ਇਕ ਚਣੌਤੀ ਸੀ। ਅਨੇਕਾਂ ਪੁਸਤਕਾਂ ਪੜ੍ਹਨੀਆਂ ਪਈਆਂ। ਵਿਸ਼ੇਸ਼ ਕਰ ਜਸਵੰਤ ਸਿੰਘ ਨੇਕੀ ਦੀ ਪੁਸਤਕ ‘ਅਰਦਾਸ’, ਨਾਨਕ ਸਿੰਘ ਦਾ ਨਾਵਲ ‘ਸੂਹੀਆ’, ਸੋਹਣ ਸਿੰਘ ਸੀਤਲ, ਸੰਤ ਸਿੰਘ ਮਸਕੀਨ, ਸੂਰਜ ਪ੍ਰਤਾਪ ਗ੍ਰੰਥ, ਗਿਆਨੀ ਗਿਆਨ ਸਿੰਘ ਦਾ ‘ਪੰਥ ਪ੍ਰਕਾਸ਼’ ਤੇ ਪਤਾ ਨਹੀਂ ਕਿੰਨਾ ਕੁਝ।ਕਹਾਣੀ ਲਿਖਣ ਵਿਚ ਸੁਆਦ ਆਇਆ।
ਮੈਂ ਮਨਮੋਹਨ ਬਾਵੇ ਦੇ ਘਰ ਦੀ ਡੋਰ-ਬੈਲ ਕੀਤੀ ਤੇ ਚਿੱਟੇ ਕਪੜ੍ਹਿਆਂ ਵਿਚ ਇਕ ਦਰਵੇਸ਼ ਮੇਰੇ ਸਾਹਮਣੇ ਖੜ੍ਹਾ ਸੀ। ਪੌੜ੍ਹੀਆਂ ਚੜ੍ਹ ਕੇ ਅਸੀਂ ਡਰਾਇੰਗਰੂਮ ਵਿਚ ਜਾ ਬੈਠੇ। ਸਾਹਿਤ ਅਤੇ ਕਲਾ ਬਾਰੇ ਗੱਲਾਂ ਚੱਲੀਆਂ।ਖਾਣੇ ਵਾਲੀ ਮੇਜ਼ ਉੱਤੇ ਮੈਂ, ਬਾਵਾ ਜੀ ਤੇ ਉਹਨਾਂ ਦੀ ਪਤਨੀ ਫਰੂਟ ਸੈਲਡ ਦਾ ਸੇਵਨ ਕਰਨ ਲੱਗ ਪਏ।ਅਚਾਨਕ ਮੇਰੀ ਨਿਗਾਹ ਬਾਵਾ ਜੀ ਦੇ ਪਿਛੇ ਪਏ ਇਕ ਸ਼ੋ ਪੀਸ ਉੱਤੇ ਚਲੀ ਗਈ।ਅਜੀਬ ਤੇ ਬੇਤਰੀਬੀ ਜਿਹੀ ਕਿਸਮ ਦਾ ਸ਼ੋ ਪੀਸ।ਮੈਂ ਉਸਦੀ ਸ਼ੇਪ ਵਿਚੋਂ ਅਰਥ ਤਲਾਸ਼ਣ ਲੱਗਾ।ਬਾਵਾ ਜੀ ਨੇ ਮੇਰੇ ਤੇ ਉਸ ਐਨਟੀਕ ਸ਼ੋ ਪੀਸ ਵੱਲ ਦੇਖਿਆ, “ਜਾਣਦਾਂ ਇਸ ਦੀ ਕੀ ਕਿਮਤ ਹੋਵੇਗੀ?”
“ਇਸ ਸਬੰਧੀ ਮੈਨੂੰ ਜ਼ਿਆਦਾ ਨੌਲੇਜ ਨਹੀਂ। ਹੋਊ ਕੋਈ ਪੰਜ ਦਸ ਹਜਾਰ ਦਾ?”
“ਸਾਢੇ ਚਾਰ ਲੱਖ ਕੀਮਤ ਹੈ ਇਸਦੀ।”
ਮੇਰੇ ਭਰਵੱਟੇ ਉੱਪਰ ਚੜ੍ਹ ਗਏ।ਇਸ ਲਈ ਨਹੀਂ ਕਿ ਮੈਨੂੰ ਕੀਮਤ ਦਾ ਯਕੀਨ ਨਹੀਂ ਸੀ। ਬਲਕਿ ਹੈਰਾਨੀ ਇਸ ਗੱਲ ਦੀ ਸੀ ਕਿ ਪੰਜਾਬੀ ਸਾਹਿਤਕਾਰਾਂ ਵਿਚ ਵੀ ਕੋਈ ਸ਼ੌਂਕੀਨ ਕਲਾ ਪ੍ਰੇਮੀ ਹੈ।
ਬਾਵਾ ਜੀ ਉਸ ਬਾਰੇ ਜਾਣਕਾਰੀ ਦੇਣ ਲੱਗ ਪਏ।
“ਬਾਵਾ ਜੀ ਮੈਂ ਔਰਤ ਮਰਦ ਸੰਬਧਾਂ ’ਤੇ ਹੀ ਕਹਾਣੀਆਂ ਲਿਖਦਾ ਹਾਂ। ਮੈਂ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾਂ ਕੰਚਨੀ ਦੇ ਸੰਬੰਧਾਂ ਉੱਤੇ ਇਕ ਕਹਾਣੀ ਲਿਖੀ ਹੈ, ‘ਮੋਰਾਂ ਦਾ ਮਹਾਰਾਜਾ’।”
“ਕਹਾਣੀ ਸੁਣਾ?”
ਮੈਂ ਕਹਾਣੀ ਸੁਣਾਈ।
“ਇਹ ਕਹਾਣੀ ਕਿਧਰੇ ਛਪਾਈ ਨਾ।”
“ਕਿਉਂ ਕੀ ਵਧੀਆ ਨਹੀਂ?”
“ਇਹ ਗੱਲ ਨਹੀਂ। ਤੂੰ ਆਪਣੀ ਉਮਰ ਤੋਂ ਵੱਡੀਆਂ ਕਹਾਣੀਆਂ ਲਿਖਦਾ ਹੈਂ। ਮੋਰਾਂ ’ਤੇ ਮੈਂ ਵੀ ਕਹਾਣੀ ਲਿਖੀ ਸੀ। ਲੇਖਕਾਂ ਨੂੰ ਸੁਣਾਈ। ਪੰਜਾਬੀ ਦਾ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆ ਹੈ।ਲੇਖਕ ਭਰਮਾਂ ਵਿਚ ਜਿਉ ਰਹੇ ਹਨ।ਉਹਨਾਂ ਨੂੰ ਭਰਮਾਂ ਵਿਚ ਜੀਉਣ ਦਿਉ।”
“ਪਰ ਬਾਵਾ ਜੀ ਮੈਂ ਇਸ ਕਹਾਣੀ ਉੱਤੇ ਬਹੁਤ ਮਿਹਨਤ ਕੀਤੀ ਹੈ। ਬੜਾ ਅਧਿਐਨ ਕੀਤਾ ਹੈ। ਉਸ ਵੇਲੇ ਦੇ ਅੰਗਰੇਜ਼ ਅਫਸਰਾਂ ਦੀਆਂ ਡਾਇਰੀਆਂ, ਜੀਵਨੀਆਂ ਸਫਰਨਾਮੇ ਪੜ੍ਹੇ ਨੇ। ਸਰਕਾਰੀ ਗੈਰ ਸਰਕਾਰੀ ਦਸਤਵੇਜ਼ ਫਰੋਲੇ ਨੇ।ਪੰਜਾਬੀ ਇਤਿਹਾਸਕਾਰਾਂ ਨੂੰ ਤਾਂ ਬਹੁਤ ਗੱਲਾਂ ਦਾ ਗਿਆਨ ਹੀ ਨਹੀਂ ਹੈ।ਮੈਂ ਸਚਾਈ ਲਿਖੀ ਹੈ। ਮੋਰਾਂ ਦਾ ਜਾਦੂ ਰਣਜੀਤ ਸਿੰਘ ਦੇ ਸਿਰ ਚੜ੍ਹ ਕੇ ਬੋਲਦਾ ਸੀ।ਉਹਦੀ ਗ੍ਰਿਫਤ ਵਿਚ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਮਹੀਨਾ ਮਹੀਨਾ ਸ਼ਰਾਬ ਪੀ ਕੇ ਉਸ ਕੋਲ ਪਿਆ ਰਹਿੰਦਾ ਹੁੰਦਾ ਸੀ।”
“ਮੇਰੀ ਕਹਾਣੀ ’ਤੇ ਅਖੌਤੀ ਲੇਖਕ ਬਹੁਤ ਟੱਪੇ ਸਨ। ਤੇਰੇ ਨਾਲ ਵੀ ਅਜਿਹਾ ਹੀ ਹੋਵੇਗਾ।”
“ਮੇਰੀ ਤਾਂ ਹਰ ਕਹਾਣੀ ਉੱਤੇ ਟੱਪਦੇ ਹਨ। ਲੇਖਕਾਂ ਦੀ ਐਸੀ ਦੀ ਤੈਸੀ। ਮੈਂ ਤਾਂ ਫੜ੍ਹ ਕੇ ਤਹਿ ਲਾ ’ਦੂੰ।”
“ਪਰ ਲੇਖਕਾਂ ਦੀ ਤਹਿ ਤਾਂ ਮਗਰੋਂ ਲਾਵੇਗਾ, ਜਦੋਂ ਉਹ ਪ੍ਰਤੀਕ੍ਰਮ ਦੇਣਗੇ। ਉਸ ਤੋਂ ਪਹਿਲਾਂ ਤਾਂ ਮਹਾਰਾਜੇ ਦੀ ਤਹਿ ਲੱਗ ਜਾਵੇਗੀ। ਤੇਰੀ ਕਹਾਣੀ ਪੜ੍ਹ ਕੇ ਉਸਦੀ ਛਵੀ ਵਿਗੜ ਜਾਵੇਗੀ।ਲੋਕ ਉਸਨੂੰ ਇਨਸਾਫ ਪਸੰਦ, ਸਾਊ ਤੇ ਸਿੱਖ ਰਾਜਾ ਮੰਨਦੇ ਹਨ। ਉਸਦੇ ਰਾਜ ਨੂੰ ਖਾਲਸਾ ਰਾਜ ਪ੍ਰਚਾਰਿਆ ਜਾ ਰਿਹੈ।”
“ਹਾਂ ਸਿੱਖਾਂ ਦੀ ਇਹ ਤ੍ਰਾਸਦੀ ਤਾਂ ਹੈ ਕਿ ਉਹਨਾਂ ਕੋਲ ਤਕੜਾ ਇਕ ਹੀ ਹੁਕਮਰਾਨ ਹੋਇਆ ਹੈ। ਉਸ ਨੂੰ ਕੇਵਲ ਸ਼ਾਸ਼ਕ ਨਾ ਮੰਨ ਕੇ ਸਿੱਖ ਸ਼ਾਸ਼ਕ ਕਿਹਾ ਜਾਂਦਾ ਹੈ। ਪਰ ਉਹ ਵੀ ਇਕ ਇੰਨਸਾਨ ਸੀ। ਇਕ ਰਾਜਾ ਸੀ ਤੇ ਉਸਨੇ ਰਜਵਾੜਿਆਂ ਵਾਲੇ ਸ਼ੌਂਕ ਪੂਰੇ ਕੀਤੇ।ਕੁਲੂ, ਚੰਬੇ, ਰਾਜਸਥਾਨ ਜਿਥੋਂ ਕੋਈ ਇਸਤਰੀ ਉਸਨੂੰ ਪਸੰਦ ਆਉਂਦੀ ਚੱਕ ਕੇ ਆਪਣੇ ਹਰਮ ਵਿਚ ਲੈ ਆਉਂਦਾ ਸੀ। ਕਈ ਰਾਣੀਆਂ ਉਹਦੀ ਚਿਤਾ ਵਿਚ ਜਲਕੇ ਸਤੀ ਹੋਈਆਂ।”
“ਤੂੰ ਕਹਾਣੀ ਲਿਖ ਕੇ ਸਾਬਿਤ ਕੀ ਕਰਨੈ ਚਾਹੁੰਦੈ? ਇਸ ਕਹਾਣੀ ਨੂੰ ਇਥੇ ਹੀ ਦਫਨ ਕਰ ’ਦੇ।”
ਬਾਵਾ ਜੀ ਨੂੰ ਅਲਵਿਦਾ ਆਖ ਕੇ ਮੈਂ ਆਉਣ ਲੱਗਾ ਤਾਂ ਮੇਰੇ ਮਿਨਰਲ ਵਾਟਰ ਵਾਲੀ ਬੋਤਲ ਤਪ ਚੁੱਕੀ ਸੀ। ਮੈਂ ਬਾਵਾ ਜੀ ਦੀ ਪਤਨੀ ਤੋਂ ਉਸਦਾ ਪਾਣੀ ਬਦਲਵਾ ਕੇ ਠੰਢਾ ਭਰਾ ਲਿਆ। ਮੈਂ ਘਰ ਦੇ ਬਾਹਰ ਆਇਆ ਤੇ ਸੋਚਿਆ। ਹਾਂ ਮਨਮੋਹਨ ਬਾਵਾ ਠੀਕ ਕਹਿੰਦਾ ਹੈ। ਪੰਜਾਬੀ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆ। ਲੇਖਕਾਂ ਨੂੰ ਭਰਮਾਂ ਦੇ ਚੱਕਰਵਿਊ ਵਿਚ ਹੀ ਫਸੇ ਰਹਿਣ ਦਿਉ।ਪਰ ਮੈਂ ਆਪਣੇ ਆਪ ਨਾਲ ਇਕ ਪ੍ਰਣ ਕੀਤਾ ਕਿ ਮੈਂ ਪੰਜਾਬੀ ਦੇ ਪਾਠਕ ਨੂੰ ਮਿਚਿਉਰ ਕਰਾਂਗਾ। ਮੈਂ ਹਜ਼ਾਰਾਂ ਸਾਲ ਪੁਰਣੀਆਂ ਅੰਗਰੇਜ਼ੀ ਦੀਆਂ ਲੋਕ ਗਾਥਾਵਾਂ ਪੰਜਾਬੀ ਵਿਚ ਲਿਖਾਂਗਾ। ਮੈਂ ਪਿਛੇ ਮੁੜ ਕੇ ਬਾਵਾ ਜੀ ਦੇ ਘਰ ਵੱਲ ਦੇਖਿਆ।ਛੱਤ ਉਪਰੋਂ ਸੂਰਜ ਸਿੱਧਾ ਮੇਰੇ ’ਤੇ ਪੈ ਰਿਹਾ ਸੀ।ਮੈਂ ਹੱਸਿਆ, “ਵਾਹ! ਮੇਰੀ ਮੋਰਾਂ ਦੇ ਮਹਾਰਾਜਿਆ।” ਮੇਰਾ ਗਲਾ ਸੁੱਕ ਰਿਹਾ ਸੀ। ਬੋਤਲ ਦਾ ਡੱਟ ਖੋਲ੍ਹ ਕੇ ਕੂਨੀਨ ਖਾਣ ਵਾਂਗ ਪਾਣੀਆਂ ਦੀਆਂ ਘੁੱਟਾਂ ਨਾਲ ਕਹਾਣੀ ਵੀ ਗਟਾਗਟ ਪੀ ਕੇ ਆਪਣੇ ਅੰਦਰ ਸਿੱਟ ਲਈ।
ਕਨੇਡਾ ਤੋਂ ਇਕ ਕਵੀ ਇੰਗਲੈਂਡ ਆਪਣੇ ਰਿਸ਼ਤੇਦਾਰ ਪੰਜਾਬੀ ਦੇ ਲੇਖਕ ਕੋਲ ਆਇਆ। ਉਸ ਲੇਖਕ ਨੇ ਇਕ ਮਜ਼ਲਸ ਰੱਖੀ। ਪੰਜ ਸੱਤ ਕਵੀਆਂ ਨੂੰ ਆਪਣੇ ਘਰ ਆਮੰਤ੍ਰਿਤ ਕੀਤਾ। ਮੈਨੂੰ ਵੀ ਬੁਲਾਇਆ ਗਿਆ ਤੇ ਸੱਜਰੀ ਕਵਿਤਾ ਨਾਲ ਲਿਆਉਣ ਦੀ ਤਾਕੀਦ ਕੀਤੀ ਗਈ।ਮੈਂ ਹੈਰਾਨ ਕਿ ਇਹਨਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਮੈਂ ਕਵਿਤਾ ਨਹੀਂ, ਕਹਾਣੀ ਲਿਖਦਾ ਹਾਂ।ਕਵਿਤਾਵਾਂ ਦਾ ਦੌਰ ਚੱਲਿਆ। ਗੁਫਤਗੂ ਹੋਈ।ਵੱਡੇ ਹਾਲ ਕਮਰੇ ਵਿਚ ਦੋ ਸੋਫੇ ਲੱਗੇ ਸਨ, ਜਿਨ੍ਹਾਂ ਉੱਤੇ ਬਾਕੀ ਸਾਰੇ ਕਵੀ ਵਿਰਾਜਮਾਨ ਸਨ। ਸੋਫਿਆਂ ਦੇ ਸਾਹਮਣੇ ਡਾਇੰਨਿਗ ਟੇਬਲ ਪਿਆ ਸੀ, ਜਿਸਦੀ ਕੁਰਸੀ ਉੱਤੇ ਮੈਂ ਬੈਠਾ ਸੀ।ਘਰ ਦਾ ਮੁੱਖ ਦੁਆਰ ਅਤੇ ਬੈਡਰੂਮ ਨੂੰ ਜਾਣ ਵਾਲੀਆਂ ਪੌੜੀਆਂ ਦਾ ਇਤਫਾਕਤਨ ਰਸਤਾ ਵੀ ਉਸੇ ਹਾਲ ਵਿਚੋਂ ਹੋ ਕੇ ਜਾਂਦਾ ਸੀ। ਸਾਡੇ ਗੱਲਾਂ ਕਰਦਿਆਂ ਲੇਖਕ ਦਾ ਬੇਟਾ ਅੰਦਰ ਆਇਆ ਤੇ ਸਾਨੂੰ ਫਤਿਹ ਬੁਲਾ ਕੇ ਮੇਰੇ ਕੋਲ ਮੇਜ਼ ’ਤੇ ਕਿਤਾਬ ਰੱਖ ਕੇ ਪੌੜੀਆਂ ਚੜ੍ਹ ਗਿਆ। ਥੋੜ੍ਹੀ ਦੇਰ ਬਾਅਦ ਮੈਂ ਲਾਇਬਰੇਰੀ ਤੋਂ ਲਿਆਂਦੀ ਹੋਈ ਉਹ ਕਿਤਾਬ ਚੁੱਕ ਲਈ। ਇਹ ਅਰੁਨਧਤੀ ਰੌਏ ਦਾ ਨਾਵਲ ਸੀ।ਮੈਂ ਪੰਨੇ ਫਰੋਲਣ ਲੱਗ ਪਿਆ ਤਾਂ ਮੈਥੋਂ ਇਕ ਲੇਖਕ ਨੇ ਕਿਤਾਬ ਦੇਖਣ ਲਈ ਮੰਗ ਲਈ। ਕਿਤਾਬ ਦੇ ਬੈਕ ਕਵਰ ਨੂੰ ਉਸ ਨੇ ਕੁਝ ਦੇਰ ਨਿਹਾਰਿਆ ਤੇ ਬੋਲਿਆ, “ਵਾਹ!”
ਉਸ ਤੋਂ ਕਿਤਾਬ ਉਹਦੇ ਨਾਲ ਬੈਠੇ ਨੇ ਫੜ੍ਹ ਲਈ। ਕਿਤਾਬ ਦਾ ਫਰੰਟ ਅਤੇ ਬੈਕ ਕਵਰ ਦੇਖ ਕੇ ਉਹ ਬੋਲਿਆ, “ਕਮਾਲ ਐ!”
ਜਿਵੇਂ ਮੁਗਲਾਂ ਸਮੇਂ ਮੁਸ਼ਾਇਰੇ ਵਿਚ ਸ਼ਾਇਰ ਮੂਹਰੇ ਬਲਦੀ ਸ਼ਮਾ ਰੱਖੀ ਜਾਂਦੀ; ਉਹ ਕਲਾਮ ਪੜ੍ਹਦਾ ਤੇ ਫਿਰ ਅਗਲੇ ਮੂਹਰੇ ਕਰ ਦਿੱਤੀ ਜਾਂਦੀ, ਉਹ ਕਲਾਮ ਪੜ੍ਹਦਾ। ਇੰਝ ਕਿਤਾਬ ਘੁੰਮਦੀ ਗਈ ਤੇ ਟਿਪਣੀ ਹੁੰਦੀ ਗਈ। ਜਦੋਂ ਅਖੀਰਲੇ ਦੇ ਹੱਥ ਵਿਚ ਕਿਤਾਬ ਪਹੁੰਚੀ ਤਾਂ ਬੈਕ ਕਵਰ ’ਤੇ ਲੱਗੀ ਅਰੁਨਧਤੀ ਰੌਏ ਦੀ ਫੋਟੋ ਉੱਤੇ ਹੱਥ ਫੇਰਦਾ ਹੋਇਆ ਕਹਿਣ ਲੱਗਾ, “ਊਂ ਸੋਹਣੀ ਐ, ਪਰ ਰੰਗ ਤੋਂ ਥੋੜ੍ਹੀ ਜਿਹੀ ਮਾਰ ਖਾਹ’ਗੀ।”
ਮਹਿਫਲ ਤੋਂ ਬਾਅਦ ਖਾਣਪੀਣ ਦਾ ਪ੍ਰਬੰਧ ਸੀ ਤੇ ਡਾਇਨਿੰਗ ਟੈਬਲ ’ਤੇ ਬੈਠਿਆਂ ਸਾਡੇ ਲਿਖਾਰੀਆਂ ਨੇ ਬਿਨਾ ਪੜ੍ਹਿਆਂ ‘ਗੌਡ ਔਫ ਸਮਾਲ ਥਿੰਗਜ਼’ ਨੂੰ ਸਰਭ ਸੰਮਤੀ ਨਾਲ ਮਤਾ ਪਾਸ ਕਰਕੇ ਸਦੀ ਦੀ ਸਭ ਤੋਂ ਬਿਹਤਰੀਨ ਕਿਤਾਬ ਐਲਾਨ ਦਿੱਤਾ ਸੀ।
ਇੰਡੀਆ ਵਿਚ ਰਹਿੰਦੇ ਸਾਹਿਤਕਾਰਾਂ ਨੇ ਵਿਦੇਸ਼ਾਂ ਵਿਚ ਰਹਿੰਦੇ ਸਾਹਿਤਕਾਰਾਂ ਲਈ ਇਕ ਵਿਸ਼ੇਸ਼ ਕੈਟਾਗਿਰੀ ਬਣਾ ਦਿੱਤੀ ਹੈ। ਪ੍ਰਵਾਸੀ ਸਾਹਿਤਕਾਰ। ਪਟਿਆਲੇ ਯੂਨੀਵਰਸਿਟੀ ਵਿਚ ਬੈਠਿਆਂ ਇਕ ਆਲੋਚਕ ਮੈਨੂੰ ਕਹਿਣਾ ਲੱਗਾ, “ਤੁਹਾਡਾ ਪ੍ਰਵਾਸੀ ਸਾਹਿਤਕਾਰਾਂ ਦਾ ਰਚਿਆ ਸਾਹਿਤ ਮੁਖ ਧਾਰਾ ਦਾ ਸਾਹਿਤ ਨਹੀਂ ਅਖਵਾ ਸਕਦਾ।”
“ਤੂੰ ਇਥੇ ਬੈਠਾ ਧਾਰਾਂ ਕੱਢੀ ਚੱਲ।ਅਸੀਂ ਜਿੰਨੇ ਜੋਗੇ ਹਾਂ ਸੱਤ ਸਮੁੰਦਰ ਪਾਰ ਬੈਠੇ ਆਪਦਾ ਕੰਮ ਕਰੀ ਜਾ ਰਹੇ ਹਾਂ। ਸਾਹਿਤ ਸਾਹਿਤ ਹੁੰਦੈ। ਚੰਗਾ ਜਾਂ ਮਾੜਾ। ਪਾਠਕ ਸਾਹਿਤ ਦੇਖਦਾ ਹੈ। ਇਹ ਸਾਹਿਤ ਦੀ ਵਰਗੀ ਵੰਡ ਤੁਹਾਡੀ ਸਹੁਲਤ ਲਈ ਹੈ, ਪਾਠਕ ਲਈ ਨਹੀਂ।”
“ਤੂੰ ਪੜ੍ਹਦਾ ਕੀ ਹੁੰਨੈ?”
“ਮੈਂ ਚੁਣ ਕੇ ਪੜ੍ਹਦਾ ਹੁੰਦਾਂ। ਮੇਰੇ ਪੜ੍ਹਨ ਦੇ ਤਿੰਨ ਤਰੀਕੇ ਨੇ। ਇਕ ਤਾਂ ਜੋ ਮੈਨੂੰ ਚੰਗਾ ਲੱਗੇ, ਵਧੀਆ ਹੋਵੇ। ਦੂਜਾ ਜਿਸਦੀ ਮੈਨੂੰ ਲਿਖਣ ਲਈ ਲੋੜ੍ਹ ਹੋਵੇ। ਭਾਵ ਖੋਜ ਕਰਨ ਵਾਲਾ ਸਾਹਿਤ। ਤੀਜਾ ਜਦੋਂ ਕੋਈ ਸਾਹਿਤਕਾਰ ਪਿਆਰ ਨਾਲ ਆਪਣੀ ਪੁਸਤਕ ਭੇਂਟ ਕਰੇ।”
“ਵਧੀਆ ਪੁਸਤਕ ਲਈ ਤੇਰੀ ਕੀ ਪ੍ਰੀਭਾਸ਼ਾ ਹੈ?
“ਇਕ ਲੜਕੀ ਕਿਤਾਬਾਂ ਦੀ ਦੁਕਾਨ ’ਤੇ ਕਿਤਾਬ ਖਰੀਦਣ ਗਈ। ਉਹ ਦੁਕਾਨਦਾਰ ਨੂੰ ਕਹਿੰਦੀ ਵਧੀਆ ਜਿਹੀ ਕਿਤਾਬ ਦਿਉ। ਦੁਕਾਨਦਾਰ ਇਕ ਕਿਤਾਬ ਕੱਢ ਕੇ ਕਹਿੰਦਾ। ਆਹ ਕਿਤਾਬ ਪੜ੍ਹ ਤੂੰ ਇਸ ’ਤੇ ਮਰ ਜਾਵੇਗੀ। ਲੜਕੀ ਕਹਿੰਦੀ ਰਹਿਣ ’ਦੇ। ਮੈਨੂੰ ਉਹ ਕਿਤਾਬ ਚਾਹੀਦੀ ਹੈ। ਜਿਸਨੂੰ ਪੜ੍ਹ ਕੇ ਮਰ ਰਹੇ ਕਿਸੇ ਵਿਅਕਤੀ ਅੰਦਰ ਜੀਉਣ ਦੀ ਹਸਰਤ ਪੈਦਾ ਹੋ ਜਾਵੇ।ਵਧੀਆ ਪੁਸਤਕ ਦੀ ਇਹੋ ਮੇਰੀ ਪ੍ਰੀਭਾਸ਼ਾ ਹੈ।”
ਸਾਡੇ ਪੰਜਾਬੀ ਦੇ ਆਲੋਚਕ ਵੀ ਲੇਖਕਾਂ ਨਾਲੋਂ ਘੱਟ ਨਹੀਂ ਹਨ।ਉਹਨਾਂ ਨੇ ਰੈਡੀਮੇਡ ਤਨਕੀਦੀ ਲੇਖ ਲਿਖ ਕੇ ਖਾਲੀ ਥਾਵਾਂ ਛੱਡੀਆਂ ਹੁੰਦੀਆਂ ਹਨ ਤੇ ਉਥੇ ਜਿਹੜੇ ਮਰਜ਼ੀ ਲੇਖਕ ਦਾ ਨਾਮ ਤੇ ਰਚਨਾ ਦਾ ਨਾਮ ਜਦੋਂ ਜੀਅ ਚਾਹੇ ਉਹ ਭਰ ਲੈਂਦੇ ਹਨ।ਅਜਿਹੇ ਹੀ ਸਾਡੇ ਇੰਗਲੈਂਡ ਦੇ ਵਿਦਵਾਨ ਆਲੋਚਕ ਹਨ ਡਾ: ਸਵਰਨ ਚੰਦਨ।ਚੰਦਨ ਨੂੰ ਪਤਾ ਨਹੀਂ ਕਿਉਂ ਅਸਚਰਜ ਲੱਗਦਾ ਹੈ ਜਦੋਂ ਵੀਨਾ ਵਰਮਾ ਜਾਂ ਮੇਰੇ ਅੰਗਰੇਜ਼ ਪਾਤਰਾਂ ਦੇ ਸੰਵਾਦ ਅਸੀਂ ਕੇਵਲ ਪੰਜਾਬੀ ਵਿਚ ਹੀ ਨਹੀਂ ਲਿਖਦੇ ਬਲਕਿ ਉਨ੍ਹਾਂ ਤੋਂ ਟਕਸਾਲੀ ਦੀ ਬਜਾਏ ਮਲਵਈ ਬੋਲੀ ਵੀ ਬੁਲਵਾਉਂਦੇ ਹਾਂ। ਐਨੀ ਨਿੱਕੀ ਜਿਹੀ ਗੱਲ ਜਿਸਨੂੰ ਸਧਾਰਨ ਪਾਠਕ ਵੀ ਸਮਝ ਜਾਂਦਾ ਹੈ, ਡਾ: ਚੰਦਨ ਨੂੰ ਸਮਝ ਨਹੀਂ ਆਉਂਦੀ।ਸਾਡੇ ਅੰਗਰੇਜ਼ ਪਾਤਰਾਂ ਦੇ ਸੰਵਾਦ ਪੰਜਾਬੀ ਵਿਚ ਇਸ ਲਈ ਹਨ ਕਿਉਂਕਿ ਅਸੀਂ ਪੰਜਾਬੀ ਕਹਾਣੀ ਲਿਖ ਰਹੇ ਹਾਂ ਤੇ ਉਸਨੂੰ ਪੜ੍ਹਨ ਵਾਲੇ ਪਾਠਕ ਵੀ ਪੰਜਾਬੀ ਹਨ। ਹੁਣ ਜੇ ਕਿਸੇ ਪਾਠਕ ਨੂੰ ਅੰਗਰੇਜ਼ੀ ਆਉਂਦੀ ਨਾ ਹੋਵੇ ਤੇ ਅਸੀਂ ਇਹ ਦੱਸਣ ਲਈ ਕਿ ਸਾਨੂੰ ਅੰਗਰੇਜ਼ੀ ਵੀ ਆਉਂਦੀ ਹੈ, ਡਾਇਲਾਗ ਅੰਗਰੇਜ਼ੀ ਵਿਚ ਧਸੋੜ ਦੇਈਏ। ਉਹਦਾ ਕੀ ਫਾਇਦਾ ਹੋਇਆ? ਇਸ ਨਾਲੋਂ ਤਾਂ ਚੰਗਾ ਨਹੀਂ ਕਿ ਪਾਠਕ ਅੰਗਰੇਜ਼ੀ ਕਹਾਣੀ ਹੀ ਪੜ੍ਹ ਲਵੇ। ਨਾਲੇ ਮੈਂ ਕਦੋਂ ਕਿਹਾ ਹੈ ਕਿ ਮੇਰੇ ਅੰਗਰੇਜ਼ ਪਾਤਰ ਪੰਜਾਬੀ ਬੋਲਦੇ ਹਨ। ਮੈਂ ਤਾਂ ਇਹ ਦੱਸਦਾ ਹਾਂ ਕਿ ਜੋ ਉਹ ਬੋਲ ਰਹੇ ਹਨ ਪੰਜਾਬੀ ਵਿਚ ਉਸ ਦਾ ਇਹ ਅਰਥ ਹੈ। ਜਦੋਂ ਮੈਂ ਇਹ ਲਿਖ ਹੀ ਦਿੱਤਾ ਕਿ ਇਹ ਪਾਤਰ ਅੰਗਰੇਜ਼ ਹੈ ਤਾਂ ਜ਼ਾਹਿਰ ਹੈ ਕਿ ਉਹ ਅੰਗਰੇਜ਼ੀ ਬੋਲਦਾ ਹੋਵੇਗਾ। ਮਿਸਾਲ ਦੇ ਤੌਰ ’ਤੇ ਜੇ ਮੇਰਾ ਪਾਤਰ ਚੀਨੀ ਹੋਵੇ ਤਾਂ ਕੀ ਮੈਂ ਕਹਾਣੀ ਵਿਚ ਉਸਨੂੰ ਵਾੜ ਨਹੀਂ ਸਕਦਾ? ਮੈਨੂੰ ਚਾਇਨੀਜ਼ ਨਹੀਂ ਆਉਂਦੀ, ਮੇਰੇ ਪਾਠਕ ਨੂੰ ਨਹੀਂ ਆਉਂਦੀ। ਉਥੇ ਮੈਂ ਇਹ ਆਖ ਕੇ ਹੀ ਕੰਮ ਚਲਾਵਾਂਗਾ ਕਿ ਚੀਨੀ ਪਾਤਰ ਨੇ ਆਪਣੀ ਭਾਸ਼ਾ ਵਿਚ ਇਹ ਕਿਹਾ। ਕੀ ਕਿਹਾ ਹੈ ਉਹ ਮੈਂ ਨਿਸੰਦੇਹ ਪੰਜਾਬੀ ਵਿਚ ਹੀ ਦੱਸਾਂਗਾ। ਮਲਵਈ ਬੁਲਵਾਉਂ ਦਾ ਮਤਲਬ ਹੈ ਕਿ ਪਾਤਰ ਆਪਣਾ ਇਲਾਕਾਈ ਉਚਾਰਨ ਕਰਦਾ ਹੈ। ਜਿਵੇਂ ਪਾਤਰ ਬ੍ਰਮਿੰਘਮ ਦਾ ਹੈ ਤਾਂ ਉਹ ਬ੍ਰਮੀ ਬੋਲੇਗਾ।
ਮੇਰੀ ਕਹਾਣੀ ‘ਨੰਗੀਆਂ ਅੱਖੀਆਂ’ ਬਾਰੇ ਜ਼ਿਕਰ ਕਰਦਿਆਂ ਇਕ ਵਾਰ ਚੰਦਨ ਨੇ ਕਿਹਾ ਕਿ ਤੇਰੀਆਂ ਪਾਤਰ ਕੁੜੀਆਂ ਆਪਸ ਵਿਚ ਜਿਵੇਂ ਲੁੱਚੀਆਂ ਗੱਲਾਂ ਕਰਦੀ ਹਨ, ਏਦਾਂ ਹੁੰਦਾ ਨਹੀਂ।
“ਮੇਰੀਆਂ ਪਾਤਰ ਕੁੜੀਆਂ ਪੈਮ ਤੇ ਸ਼ੈਲੀ ਇੰਗਲੈਂਡ ਦੀਆਂ ਜੰਮਪਲ ਬਾਲਗ ਅਜ਼ਾਦ ਖਿਆਲ ਕੁੜੀਆਂ ਹਨ।ਜਿਨ੍ਹਾਂ ਦੇ ਆਪਣੇ ਪ੍ਰੇਮੀਆਂ ਨਾਲ ਸ਼ਰੀਰਕ ਸੰਬੰਧ ਅਕਸਰ ਬਣਦੇ ਰਹਿੰਦੇ ਹਨ। ਆਪਸ ਵਿਚ ਮੁੰਡਿਆਂ ਬਾਰੇ ਨੌਜਵਾਨ ਕੁੜੀਆਂ ਉਹੋ ਜਿਹੀਆਂ ਗੱਲਾਂ ਹੀ ਕਰਦੀਆਂ ਹਨ ਜੋ ਮੈਂ ਆਪਣੀ ਕਹਾਣੀ ਵਿਚ ਦਰਸਾਇਆ ਹੈ। ਨਾਲੇ ਇਕ ਚੁਟਕਲਾ ਵੀ ਹੈ। ਇਕ ਜਨਾਨੀ ਦੂਜੀ ਨੂੰ ਪੁੱਛਦੀ ਹੈ, ਨੀ ਜਦੋਂ ਦੋ ਬੰਦੇ ਇਕੱਠੇ ਹੁੰਦੇ ਹਨ ਤਾਂ ਕਿਹੋ ਜਿਹੀਆਂ ਗੱਲਾਂ ਕਰਦੇ ਹੋਣਗੇ। ਦੂਜੀ ਜੁਆਬ ਦਿੰਦੀ ਹੈ। ਉਹੀ ਜੋ ਆਪਾਂ ਕਰਦੀਆਂ ਹਾਂ। ਤਾਂ ਪਹਿਲੀ ਫੱਟ ਬੋਲ ਪੈਂਦੀ ਹੈ, ਹੈ ਨੀ ਭਾਈਆਂ ਦਿਉ ਐਨੀ ਲੁੱਚੀਆਂ ਗੱਲਾਂ ਕਰਦੇ ਨੇ? ਡਾ: ਸਾਹਿਬ ਕਹਾਣੀ ਵਿਚ ਦੋ ਕੁੜੀਆਂ ਆਪਸ ਵਿਚ ਜੋ ਗੱਲਾਂ ਕਰਦੀਆਂ ਹਨ, ਉਸ ਨਾਲੋਂ ਕਿਤੇ ਅਸ਼ਲੀਲ ਗੱਲਾਂ ਮੇਰੀਆਂ ਕੌਲੀਗ ਬਿਨਾ ਕਿਸੇ ਝਿਜਕ ਦੇ ਮੇਰੇ ਨਾਲ ਕਰ ਲੈਂਦੀਆਂ ਹਨ। ਵੈਸੈ ਤੁਹਾਡੇ ਨਾਵਲ ਵਿਚ ਵੀ ਪਿਕਾਡਿੱਲੀ ਦੋ ਔਰਤਾਂ ਲੁੱਚੀਆਂ ਗੱਲਾਂ ਕਰਦੀਆਂ ਹਨ?”
ਚੰਦਨ ਖੁਦੋਂ ਵਾਂਗ ਬੁੜ੍ਹਕ ਕੇ ਬੋਲਿਆ, “ਮੇਰੀਆਂ ਪਾਤਰ ਵੇਸਵਾਵਾਂ ਹਨ। ਉਨ੍ਹਾਂ ਤੋਂ ਹੋਰ ਮੈਂ ਕੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦਾ?”
“ਬਸ ਤੁਹਾਨੂੰ ਆਪਣੇ ਸੁਆਲ ਦਾ ਜੁਆਬ ਤੁਹਾਡੇ ਆਪਣੇ ਮੂੰਹੋਂ ਮਿਲ ਗਿਐ?”
ਚੰਦਨ ਸਾਹਿਬ ਸੋਚਣ ਲੱਗ ਪਏ ਇਹ ਮੈਂ ਕੀ ਕਹਿ ਬੈਠਾ।
ਸਾਡੇ ਪ੍ਰਵਾਸੀ ਸਾਹਿਤਕਾਰ ਜਦੋਂ ਇੰਡੀਆ ਜਾਂਦੇ ਹਨ ਤਾਂ ਇਹਨਾਂ ਦਾ ਹਲ੍ਹਕ ਦੇਖਣ ਵਾਲਾ ਹੁੰਦਾ ਹੈ। ਬਜੁਰਗ ਸਾਹਿਤਕਾਰ ਜਿਨ੍ਹਾਂ ਨੇ ਕਵਿਤਾਵਾਂ ਦੇ ਲਿਖ ਲਿਖ ਗਰੇ ਲਾਏ ਹੁੰਦੇ ਹਨ, ਉਹ ਆਪਣੇ ‘ਮਾਸਟਰਪੀਸ’ ਅਟੇਚੀ ’ਚੋਂ ਕੱਢ ਕੇ ਖਰੜਾ ਤਿਆਰ ਕਰ ਲੈਂਦੇ ਹਨ ਜਾਂ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀਆਂ ਨਸਲਵਾਦ ਵਰਗੀਆਂ ਤੇ ਭੂਹ-ਹਰੇਵੇ ਵਰਗੀਆਂ ਸਮਸਿਆਵਾਂ (ਜਿਨ੍ਹਾਂ ਦਾ ਹੁਣ ਨਾਮੋਨਿਸ਼ਾਨ ਨਹੀਂ ਲੱਭਦਾ) ’ਤੇ ਗ੍ਰੰਥਾਂ ਵਰਗਾ ਨਾਵਲ ਲਿਖ ਕੇ ਇੰਡੀਆਂ ਲਿਜਾਂਦੇ ਹਨ ਤੇ ਪ੍ਰਕਾਸ਼ਕਾਂ ਤੋਂ ਆਪਣੀ ਖੱਲ ਲਹਾਉਂਦੇ ਹਨ। ਪ੍ਰਵਾਸੀ ਸਾਹਿਤਕਾਰਾਂ ਦੀ ਵਧੀਆ ਢੰਗ ਨਾਲ ਖੱਲ ਉਧੇੜਣ ਵਿਚ ਨਵਯੁੱਗ ਪਬਲਿਜ਼ਰ ਵਾਲਾ ਭਾਪਾ ਪ੍ਰੀਤਮ ਸਿੰਘ ਕਾਫੀ ਮੰਨਿਆ ਹੋਇਆ ਨਾਮ ਸੀ।ਸਿਆਲ ਦੀ ਰੁੱਤ ਦੇ ਸ਼ੁਰੂ ਹੁੰਦਿਆਂ ਹੀ ਪੰਜਾਬੀ ਪ੍ਰਕਾਸ਼ਕ ਆਪਣੇ ਉਸਤਰੇ ਤਿੱਖੇ ਕਰਕੇ ਬਿੰਗਾਂ ਨੂੰ ਧੂਫ-ਬੱਤੀ ਕਰਨੀ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਪ੍ਰਵਾਸੀ ਪਰਿੰਦਿਆਂ ਨੇ ਪੰਜਾਬ ਇਸੇ ਰੁੱਤ ਵਿਚ ਉੱਡ ਕੇ ਆਉਣਾ ਹੁੰਦਾ ਹੈ। ਜਿਨ੍ਹਾਂ ਸਾਹਿਤਕਾਰਾਂ ਦਾ ਮਾੜਾ ਮੋਟਾ ਹੱਥ ਪੈਂਦਾ ਹੈ। ਉਹ ਆਪਣੇ ਰੂ-ਬਾ-ਰੂ ਸਮਾਗਮ ਅਤੇ ਗੋਸ਼ਟੀਆਂ ਕਰਵਾਉਣ ਵਿਚ ਰੁੱਝ ਜਾਂਦੇ ਹਨ। ਯੂਨੀਵਰਸਿਟੀਆਂ ਵਿਚ ਘੁੱਸਪੈਠ ਕਰਨੀ ਤੇ ਮਾਨਤਾ ਪ੍ਰਾਪਤ ਅਦਾਰਿਆਂ (ਜਿਵੇਂ ਪੰਜਾਬੀ ਸੱਥ ਜਾਂ ਭਾਸ਼ਾ ਵਿਭਾਗ ਆਦਿ) ਤੋਂ ਪੁਰਸਕਾਰ/ ਮਾਨ-ਸਨਮਾਨ ਲੈਣ ਲਈ ਜੁਗਾੜ ਲਾਉਣੇ ਇਸ ਤੋਂ ਉਪਰਲੇ ਡੰਡੇ ਦੇ ਲੇਖਕਾਂ ਦੇ ਨਸੀਬ ਵਿਚ ਆ ਜਾਂਦਾ ਹੈ। ਸਾਡੇ ਵਰਗੇ ਨੌਜਵਾਨ ਪ੍ਰਵਾਸੀ ਲੇਖਕ ਜਿਹੜੇ ਸ਼ਾਇਰੀ ਨੂੰ ਮਾੜਾ-ਮੋਟਾ ਮੂੰਹ ਮਾਰ ਲੈਂਦੇ ਹਨ, ਉਹ ਪ੍ਰਸੰਸਕ ਕੁੜੀਆਂ ਨਾਲ ਮਿਲਣੀਆਂ ਵਿਚ ਮਸਰੂਫ ਹੋ ਜਾਂਦੇ ਹਨ। ਕਈ ਵਾਰ ਤਾਂ ਉਹਨਾਂ ਨੇ ਇਹ ਪ੍ਰਸੰਸਕਾਂ ਬਹੁਤ ਥੋੜ੍ਹੇ ਸਮੇਂ ਦੇ ਨੋਟਿਸ ਵਿਚ ਪੈਦਾ ਕੀਤੀਆਂ ਹੋਈਆਂ ਹੁੰਦੀਆਂ ਹਨ। ਮੈਟਰੀਮੋਨੀਅਲ, ਡੇਟਿੰਗ ਅਤੇ ਹੁਣ ਫੇਸਬੁੱਕ ਇਸ ਕੰਮ ਲਈ ਵਧੀਆ ਔਜ਼ਾਰ ਹਨ।
ਸਾਡੇ ਇਕ ਇੰਗਲੈਂਡ ਦੇ ਨੌਜੁਆਨ ਗਜ਼ਲਗੋ (ਲੇਖਕ ਦੀ ਵਿਆਹੁਤਾ ਜ਼ਿੰਦਗੀ ’ਤੇ ਕੋਈ ਅਸਰ ਨਾ ਪਵੇ ਇਸ ਲਈ ਨਾਵਾਂ ਅਤੇ ਥਾਵਾਂ ਦੇ ਕੁਝ ਕੁ ਵੇਰਵੇ ਬਦਲ ਦਿੱਤੇ ਗਏ ਹਨ।) ਦੀਆਂ ਗਜ਼ਲਾਂ ਇੰਡੀਆ ਦੇ ਰਸਾਲੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋਣ ਲੱਗ ਪਈਆਂ।ਜਿਵੇਂ ਆਮ ਹੁੰਦਾ ਹੈ ਕਿ ਇੰਡੀਆ ਦੇ ਪੇਪਰ ਰਚਨਾ ਨਾਲ ਲੇਖਕ ਦਾ ਜੀਵਨ ਬਿਉਰਾ ਅਤੇ ਪਤਾ ਵੀ ਛਾਪ ਦਿੰਦੇ ਹਨ।ਜਿਸ ਨਾਲ ਪਾਠਕਾਂ ਦਾ ਸਿੱਧਾ ਰਾਬਤਾ ਲਿਖਾਰੀ ਨਾਲ ਹੋ ਜਾਂਦਾ ਹੈ।ਗਜ਼ਲਕਾਰ ਦੇ ਕੁਝ ਪ੍ਰਸੰਸਕ ਵੀ ਬਣ ਗਏ, ਜਿਨ੍ਹਾਂ ਵਿਚ ਇਕ ਨੌਜਵਾਨ ਕੁੜੀ ਵੀ ਸੀ। ਕੁੜੀ ਬਾਹਰ ਆਉਣ ਲਈ ਆਪਣਾ ਦਾਅ ਲਾ ਰਹੀ ਸੀ ਤੇ ਗਜ਼ਲਗੋ ਇੰਡੀਆ ਵਿਚ ਜਾਣ ਵੇਲੇ ਆਪਣੀਆਂ ਛੁੱਟੀਆਂ ਸੁਹਾਵਣੀਆਂ ਬਣਾਉਣ ਦੇ ਚੱਕਰ ਵਿਚ ਸੀ। ਖਤੋ-ਖਿਤਾਬਤ ਹੁੰਦਾ ਰਿਹਾ। ਗੱਲ ਇੰਟਰਨੈਟ ’ਤੇ ਚੈਟਿੰਗ ਤੱਕ ਪਹੁੰਚ ਗਈ।ਈ-ਮੇਲ ਰਾਹੀਂ ਤਸਵੀਰਾਂ ਦਾ ਤਬਾਦਲਾ ਹੋ ਗਿਆ।
ਬੇਸਬਰਾ ਹੋ ਕੇ ਸਾਡਾ ਗਜ਼ਲਗੋ ਇੰਡੀਆ ਚਲਾ ਗਿਆ।ਬਦਕਿਸਮਤੀ ਨਾਲ ਉਸਦੀ ਪ੍ਰਸੰਸਕਾ ਨੂੰ ਕਾਲਜ ਤੋਂ ਛੁੱਟੀਆਂ ਹੋ ਗਈਆਂ ਸਨ ਤੇ ਉਸ ਨੂੰ ਘਰੋਂ ਇਕੱਲੀ ਬਾਹਰ ਨਿਕਲਣ ਦੀ ਇਜ਼ਾਜਤ ਨਹੀਂ ਸੀ।ਪਰ ਉਹ ਈ-ਮੇਲ ਬਕਾਇਦਾ ਕਰਦੀ ਰਹੀ। ਗਜ਼ਲਗੋ ਵਿਚਾਰਾ ਮੱਛੀ ਵਾਂਗ ਤੜਫਿਆਂ ਪਿਆ ਸੀ। ਕਹੇ ਈ-ਮੇਲਾਂ ਤਾਂ ਇੰਗਲੈਂਡ ਵਿਚ ਵੀ ਪੜ੍ਹ ਸਕਦਾ ਸੀ।ਦੋ ਹਫਤੇ ਵਾਪਸ ਜਾਣ ਵਿਚ ਰਹਿ ਗਏ।
ਗਜ਼ਲਗੋ ਦੀ ਰਿਸ਼ਤੇਦਾਰੀ ਵਿਚ ਇਕ ਐਤਵਾਰ ਨੂੰ ਅਖੰਠ ਪਾਠ ਸੀ।ਮੈਂ ਵੀ ਉਦੋਂ ਇੰਡੀਆ ਗਿਆ ਹੋਇਆ ਸੀ। ਮੈਨੂੰ ਫੋਨ ਕਰਕੇ ਉਹ ਕਹਿਣ ਲੱਗਾ, “ਅੰਬਰਸਰ ’ਖੰਡ ਪਾਠ ’ਤੇ ਜਾਣੈ। ਆਜਾ ’ਕੱਠੇ ਚੱਲਦੇ ਹਾਂ।”
ਮੈਂ ਸੋਚਿਆ ਚਲੋ ਬਹਾਨੇ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ। ਮੈਂ ਉਸ ਨਾਲ ਚਲਾ ਗਿਆ।ਅਸੀਂ ਅਜੇ ਸ਼ਹੀਦ ਬਾਬਾ ਦੀਪ ਸਿੰਘ ਦੀ ਸਮਾਧ ਲੰਘੇ ਹੀ ਸੀ ਕਿ ਗਜ਼ਲਗੋ ਨੂੰ ਉਸਦੀ ਉਸ ਪ੍ਰਸੰਸਕਾ ਦਾ ਫੋਨ ਆ ਗਿਆ ਕਿ ਉਹ ਅੰਬਾਲੇ ਕਿਸੇ ਸਹੇਲੀ ਦੇ ਵਿਆਹ ਆਪਣੀ ਭੈਣ ਨਾਲ ਆਈ ਹੋਈ ਸੀ ਤੇ ਮਿਲਣ ਲਈ ਇਹ ਢੁਕਵਾਂ ਮੌਕਾ ਸੀ।ਸਾਡਾ ਗਜ਼ਲਗੋ ਬੈਠਾ ਬੈਠਾ ਆਪਣੀ ਸੀਟ ਤੋਂ ਗਿੱਠ ਉੱਚਾ ਬੁੜਕਿਆ, “ਥੋਡੀ ਭੈਣ ਨੂੰ… ਤੂੰ ਫੋਨ ਰੱਖ ਮੈਂ ਹੁਣੇ ਅੰਬਾਲੇ ਅੱਡੇ ’ਚ ਆ ਕੇ ਤੈਨੂੰ ਫੋਨ ਕਰਦਾਂ।ਪਹਿਲੀ ਘੰਟੀ ’ਤੇ ਚੱਕ ’ਲੀ। ਤੇਰਾ ਆਹੀ ਨੰਬਰ ਆ ਨਾ?”
“ਹਾਂਜੀ।” ਫੋਨ ਕੱਟ ਦਿੱਤਾ ਗਿਆ।
“ਚਲੋ ਬਈ ਗੱਡੀ ਮੋੜੋ ਅੰਬਾਲੇ ਚੱਲੀਏ।”
ਸਾਡੇ ਡਰਾਇਵਰ ਤਾਰੀ ਨੇ ਗੱਡੀ ਦਾ ਰੁਖ ਅੰਬਲੇ ਵੱਲ ਨੂੰ ਕਰ ਦਿੱਤਾ।
“ਬਈ ਉਹਨੇ ਟਿਕਾਕੇ ਮਿਲੀਅਨ ਪੌਂਡ ਦਾ ਕੋਈ ‘ਹਾਂਜੀ’ ਕਿਹਾ।ਲਤਾ ਵਰਗੀ ’ਵਾਜ਼ ਸੀ।… ਜੇ ਤੂੰ ਈ-ਮੇਲਾਂ ਪੜ੍ਹੇ ਇੰਗਲਿਸ਼ ਵੀ ਐਨੀ ਹਾਈ। ਮੈਨੂੰ ਐਨੇ ਸਾਲ ਇੰਗਲੈਂਡ ਵਿਚ ਰਹਿ ਕੇ ਨ੍ਹੀਂ ਉਨੀ ਆਈ… ਆਪਾਂ ਰਾਹ ’ਚੋਂ ਕੋਈ ਗਿਫਟ ਗੂਫਟ ਨਾ ਲੈ ਲਈਏ?... ਤਾਰੀ, ਤੇਜ਼ ਚਲਾ ਆਪਾਂ ’ਨੰਦਾਂ ਤੋਂ ਪਹਿਲਾਂ ਪਹਿਲਾਂ ਪਹੁੰਚਣੈ… ਬਸ ਐਦਾ ਈ ਖਿੱਚੀ ਚੱਲ… ਹਾਰਨ ਤੋਂ ਹੱਥ ਨਾ ਚੱਕ… ਪਾਸੇ ਕਰਾ ਟਰੱਕ ਵਾਲੇ ਨੂੰ… ਗਾਣੇ ਗੂਣੇ ਜਿਹੇ ਲਾਉਣ ਨੂੰ ਛੱਡ। ਤੂੰ ਸੜਕ ’ਤੇ ਧਿਆਨ ਰੱਖ… ਮੈਂ ਕੀ ਕਹਿਨਾਂ?… ਮੈਂ ਰੀਲ ਚੁੱਕ ਕੇ ਬਾਹਰ ਮਾਰੂੰ… ਕਰ ’ਲੋ ਘਿਉ ਨੂੰ ਭਾਂਡਾ… ਆਹ ਕਿਸੇ ਡੰਗਰ ਜਿਹੇ ਨੇ ਮੱਝਾਂ ਸੜਕ ’ਤੇ ਛੱਡ’ਤੀਆਂ… ਹਾਰਨ ਮਾਰੀ ਚੱਲ… ਓਏ ਕਰ ਲੈ ਹੁਣ ਮਾਂਵਾਂ ਨੂੰ ਛੇਤੀ ਛੇਤੀ ਪਾਸੇ।… ਇੰਡੀਆ ਨ੍ਹੀਂ ਤਰੱਕੀ ਕਰ ਸਕਦਾ… ਇਹਨਾਂ ਨੇ ਸੌ ਸਾਲ ਪਿਛੇ ਹੀ ਰਹਿਣੈ… ਤਾਰੀ ਸਾਡੀ ਕੰਟਰੀ ’ਚ ਨ੍ਹੀਂ ਆਹ ਕੁਸ਼ ਹੈਗਾ… ਪੁੱਛ ਲਾ ਬਲਰਾਜ ਨੂੰ… ਕਿਉਂ ਬਲਰਾਜ?... ਸਾਡੇ ਉਥੇ ’ਗਲੈਂਡ ’ਚ ਪਸ਼ੂਆਂ ਲਈ ਅੱਡ ਈ ਫਾਰਮ ਬਣੇ ਹੋਏ ਆ… ਉਥੇ ਜੇ ਆ ਕੰਮ ਹੋਜੇ ਤਾਂ ਸਾਡਾ ਐਮ ਸਿਕਸ ਮੋਟਰਵੇਅ ਤਾਂ ਹਰ ਵਾਲੇ ਬਲੌਕ ਹੀ ਰਹੇ… ਅੱਧੀ ਇੰਗਲੈਂਡ ਦਾ ਕਾਰੋਬਾਰ ਠੱਪ ਹੋ ਜਾਏ।… ਲੈ ਹੁਣ ਸਾਲੀ ਰਿਸ਼ੈਪਸ਼ਨ ਚਲੀ ਗਈ… ਮੈਂ ਉਹਨੂੰ ਟੈਕਸਟ ਕਰਨਾ ਸੀ ਬਈ ਲੁਧਿਆਣਾ ਪਾਰ ਕਰ ਆਏ… ਏਅਰਟੈਲ ਵੀ ਰੱਦੀ ਕੰਪਨੀ ਆ… ਸਿੱਧੂ ਤੇਰਾ ਸਪਾਇਸ ਦਾ ਨੈਟਵਰਕ ਆ… ਤੇਰੇ ਫੋਨ ’ਤੇ ਕਿੰਨੀਆਂ ਕੁ ਬਾਰਾਂ ਆਉਂਦੀਆਂ... ਵੂ ਈ ਹੈਵ… ਲੁਦੇਆਣਾ ਸੌਰਟ ’ਚ ਕਿਵੇਂ ਲਿਖ ਹੋਊ? ਐਲ... ਦੇਖੀਂ ਤਾਂ ਸਪੈਲਿੰਗ ਠੀਕ ਨੇ… ਆਹ ਚੱਕ, ਮੈਸਿਜ਼ ਸੈਂਟ… ਮੋਬਾਇਲਾਂ ਤੇ ਇੰਟਰਨੈਟ ਦਾ ਕਿੰਨਾ ਫਾਇਦਾ ਹੋ ਗਿਐ… ਸਾਡੇ ਵੇਲੇ ਜਦੋਂ ਅਸੀਂ ਇਥੇ ਪੜ੍ਹਦੇ ਹੁੰਦੇ ਸੀ… ਮਹੀਨਾ ਮਹੀਨਾ ਲੈਟਰ ਈ ਕੁੜੀ ਨੂੰ ਫੜ੍ਹਾਉਂਣ ਦਾ ਮੌਕਾ ਨ੍ਹੀਂ ਸੀ ਲੱਗਦਾ ਹੁੰਦਾ… ਲੈਟਰ ਜੇਬ ’ਚ ਈ ਪਾਟ ਜਾਣੇ… ਹੁਣ ਭਲਾ ਸਵੇਰੇ ਡੇਟਿੰਗ ਸਾਈਟ ’ਤੇ ਕੁੜੀ ਲੱਭੋ… ਸ਼ਾਮ ਨੂੰ ਵਿਆਹ ਕਰਾ ’ਲੋ।… ਕਾਹਲੀ ਅੱਗੇ ਟੋਏ… ਨਾਕਾ… ਆਹ ਪੁਲਸ ਆਲੇ ਕੀਹਨੇ ਖੁੱਲ੍ਹੇ ਛੱਡ’ਤੇ?”
“ਗੱਡੀ ਸਾਇਡ ’ਤੇ ਲਾਓ।” ਪੁਲਿਸ ਕੰਸਟੇਬਲ ਨੇ ਹੱਥ ਦੇ ਕੇ ਰੁੱਕੀ, ਸਾਡੀ ਗੱਡੀ ਕੋਲ ਆ ਕੇ ਕਿਹਾ।
“ਸਿੱਧੂ ਕੱਢ ਆਵਦੇ ਐਸ ਐਸ ਪੀ ਜਿਹੇ ਦਾ ਕਾਰਡ।”
ਐਨੇ ਨੂੰ ਏ ਐਸ ਆਈ ਨੇ ਆ ਕੇ ਸਾਡੇ ਕੋਲੋਂ ਪੁੱਛਿਆ, “ਹਾਂ ਬਈ ਕਿਥੋਂ ਆਏਂ ਹੋ?”
‘ਲੁਧਿਆਣਿਉਂ।’ ਤਾਰੀ ਨੇ ਜੁਆਬ ਦਿੱਤਾ।
“ਕਾਗਜ਼ ਪੂਰੇ ਆ। ਆਰ ਸੀ, ਇੰਸ਼ੋਰੰਸ, ਲਸੰਸ?”
“ਹਾਂ ਜੀ।”
“ਆ ਐਸ ਐਸ ਪੀ …ਸਿੰਘ… ਦਾ ਬੰਦਾ ਬੈਠਾ ਪਿਛੇ। ਆ ਦੇਖੋ ਕਾਰਡ ਉਦੇ ਸੈਨ ਕੀਤੇ ਹੋਏ ਆ।” ਸਾਡੇ ਗਜ਼ਲਗੋ ਤੋਂ ਰਹਿ ਨਾ ਹੋਇਆ ਤੇ ਏ ਐਸ ਆਈ ਥੋੜ੍ਹਾ ਖਿਝ ਕੇ ਬੋਲਿਆ, “ਮੈਂ ਤੈਨੂੰ ਪੁੱਛਿਆ? ਮੈਂ ਡਰਾਇਵਰ ਨਾਲ ਗੱਲ ਕਰਦਾਂ…ਪਲਿਊਸ਼ਨ?”
“ਆ ਹਰਾ ਜਿਹਾ ਫਲਤਰਾ ਤਾਂ ਲੱਗਿਆ ਸ਼ੀਸ਼ੇ ’ਤੇ।” ਸਾਡਾ ਗਜ਼ਲਗੋ ਫਿਰ ਵੀ ਬਾਜ ਨਾ ਆਇਆ।
“ਚੰਗਾ ਜਾਓ।”
“ਭੈਣ ਮਰੌਣੇ ਪੈਸੇ ਝਾੜਨ ਨੂੰ ਖੜ੍ਹੇ ਸੀ।… ਇਹ ਤਾਂ ਚਗਲ ਜਿਹਾ ਆਪਣੀ ਟੌਰ ’ਤੇ ਆ ਸਿੱਧੂ ਤੇਰੇ ਵੀ ਆਈ ਪੀ ਕਾਰਡ ਕਰਕੇ ਡਰ ਗਿਆ।… ਨਹੀਂ ਤਾਂ ਸਾਲੇ ਨੇ ਇਥੇ ਹੀ ਆਥਣ ਪਾ ਦੇਣਾ ਸੀ।… ਇਹ ਹਰਾਮਦੇ ਹੁੰਦੇ ਆ… ਤੈਨੂੰ ਚੁਟਕਲਾ ਸੁਣਾਉਨਾਂ। ਇਕ ਵਾਰ ਇਕ ਮਰਾਸੀ ਬੱਸ ’ਚ ਪੀਪਾ ਲਈ ਬੈਠਾ ਸੀ। ਦੋ ਪੁਲਸ ਆਲੇ ਚੜ੍ਹੇ ਤੇ ਉਹਦੇ ਪੀਪੇ ’ਤੇ ਡੰਡਾ ਮਾਰਕੇ ਕਹਿੰਦੇ ਇਹਦੇ ’ਚ ਕੀ ਹੈ? ਮਰਾਸੀ ਕਹਿੰਦਾ, ਜੀ ਪੰਜੀਰੀ ਆ ਘਰਵਾਲੀ ਦੇ ਜੁਆਕ ਹੋਇਐ ਸਾਹੁਰੀਂ ਚੱਲਿਆਂ। ਹੋਰ ਇਹਦੇ ’ਚ ਕਿਹੜਾ ਟੁੰਬਾਂ ਹੋਣੀਆਂ। ਪੁਲਸ ਵਾਲੇ ਕਹਿੰਦੇ ਕਿੰਨਾ ਚਿਰ ਹੋ ਗਿਆ ਤੈਨੂੰ ਘਰਵਾਲੀ ਨੂੰ ਮਿਲੇ ਨੂੰ? ਮਰਾਸੀ ਕਹਿੰਦਾ ਜੀ ਦੂਜਾ ਸਾਲ ਹੋ ਗਿਆ। ਪੁਲਸ ਵਾਲੇ ਹੱਸ ਕੇ ਕਹਿਣ ਲੱਗੇ ਨਿਆਣਾ ਫੇਰ ਤੇਰਾ ਨੀ ਉਹ ਤਾਂ ਹਰਾਮ ਦਾ ਹੈ। ਮਰਾਸੀ ਬੋਲਿਆ ਚਲੋ ਆਪਾਂ ਕਿਹੜਾ ਘਰੇ ਰਖਣੈ ਪੁਲਸ ’ਚ ਹੀ ਭਰਤੀ ਕਰਾ ਦੇਣੈ।”
ਖੰਨਾ ਲੰਘਦੇ ਹੋਏ ਅਸੀਂ ਮੁਨਿਆਰੀ ਦੀ ਇਕ ਦੁਕਾਨ ਤੋਂ ਰੁੱਕ ਕੇ ਸਾਢੇ ਅੱਠ ਸੌ ਦਾ ਪਰਫਿਊਮ ਤੇ ਢੇਡ ਸੌ ਦਾ ਕਾਰਡ ਲਿਆ। ਗਜ਼ਲਗੋ ਮੈਨੂੰ ਪੁੱਛਣ ਲੱਗਾ ਉਹ ਉਸ ਵਿਚ ਕੀ ਲਿਖੇ? ਮੈਂ ਸੋਚਣ ਲੱਗ ਪਿਆ। ਉਹ ਆਪ ਹੀ ਬੋਲ ਪਿਆ, “ਮੇਰੀ ਗਜ਼ਲ ਦਾ ਇਕ ਸ਼ੇਅਰ ਹੈ ਉਹ ਲਿਖ ਦਿਆਂ?”
ਸ਼ੇਅਰ ਦੇ ਅਰਥ ਬਣਦੇ ਸਨ ਕਿ ਮੇਰੇ ਕੋਲ ਤੈਨੂੰ ਦੇਣ ਲਈ ਕੋਈ ਤੋਹਫਾ ਨਹੀਂ ਸੀ ਇਸ ਲਈ ਆਪਣਾ ਦਿਲ ਦੇ ਰਿਹਾ ਹਾਂ।
ਮੈਂ ਉਸ ਨੂੰ ਕਿਹਾ ਕਿ ਦੇ ਤੂੰ ਪ੍ਰਫਿਊਮ ਰਿਹਾ ਹੈਂ ਤੇ ਆਖਦਾ ਹੈਂ ਦਿਲ। ਉਹ ਮੈਨੂੰ ਪੁੱਛਣ ਲੱਗਾ ਫੇਰ ਕੀ ਲਿਖੀਏ। ਮੈਂ ਕਿਹਾ ਤੂੰ ਸ਼ਾਇਰ ਹੈਂ ਕੁਝ ਉਚਾਰ।
“ਸ਼ਾਇਰੀ ਏਸ ਵਾਲੇ ਸੁਝਦੀ ਹੈ। ਮੈਂ ਹੱਥਾਂ ਪੈਰਾਂ ਵਿਚ ਆਇਆ ਪਿਆਂ। ਲੱਗਦੇ ਸ਼ਾਇਰੀ ਦੇ। ਦੱਸ ਫੇਰ ਕੁਸ਼…?”
“ਤੂੰ ਲਿਖਦੇ ਕਿ ਇਹ ਪ੍ਰਫਿਊਮ ਮੈਂ ਤੈਨੂੰ ਇਸ ਲਈ ਦੇ ਰਿਹਾ ਹਾਂ ਤਾਂ ਕਿ ਤੇਰੇ ਖੂਸਬੂਦਾਰ ਬਦਨ ਨਾਲ ਲੱਗ ਕੇ ਇਹ ਵੀ ਮਹਿਕ ਜਾਏ।”
“ਹਾਂ, ਆਹ ਗੱਲ ਬਣੀ। ਪਰ ਤੂੰ ਮੈਨੂੰ ਇੰਗਲਿਸ਼ ਵਿਚ ਲਿਖਕੇ ’ਦੇ।ਕੀ ਬਣੂ ਇਹਦੀ ਇੰਗਲੀਸ਼।”
“ਲਿਆ ਫੜ੍ਹਾ… ਵੱਡੇ ਇੰਗਲੈਂਡੀਏ।” ਮੈਂ ਲਿਖ ਦਿੱਤਾ।
ਅਸੀਂ ਸਫਰ ਜਾਰੀ ਕਰ ਦਿੱਤਾ।
“…ਅੱਛਾ ਮੈਨੂੰ ਦੱਸ ਮੈਂ ਉਹਦੇ ਨਾਲ ਗੱਲ ਕੀ ਕਰੂੰ?... ਦੱਸ ਯਾਰ ਤੇਰਾ ਐਕਸਪੀਰੀਐਂਸ ਮੇਰੇ ਨਾਲੋਂ ਜ਼ਿਆਦੇ ਆ। ਔਰਤ ਮਰਦ ਸਬੰਧਾਂ ’ਤੇ ਐਮ ਵੱਨ ਜੀਡੀਆਂ ਜੀਡੀਆਂ ਕਹਾਣੀਆਂ ਲਿਖੀ ਜਾਨੈ।… ਅੰਬਾਲਾ ਆ ਗਿਆ ਹੈਲਪ ਕਰ ਮੇਰੀ...।”
“ਤੇਰੇ ਵਾਂਗੂੰ ਨਾ ਆਪਣੇ ਉਥੇ ਇੰਗਲੈਂਡ ਵਿਚ ਇੰਡੀਆ ਤੋਂ ਨਵੀਂ ਨਵੀਂ ਕੁੜੀ ਆਈ। ਉਹਦੀ ਕਿਤੇ ਆਪਣੇ ਬ੍ਰਿਟਿਸ਼ ਬੌਰਨ ਨਾਲ ਡੇਟ ਸੈਟ ਹੋ ਗਈ। ਉਹ ਆਪਣੀ ਸਹੇਲੀ ਨੂੰ ਪੁੱਛਣ ਲੱਗੀ ਮੈਨੂੰ ਤਾਂ ਇੰਗਲਿਸ਼ ਨ੍ਹੀਂ ਆਉਂਦੀ ਮੈਂ ਕੀ ਕਰੂੰਗੀ ਤੂੰ ਮੈਨੂੰ ਇੰਗਲਿਸ਼ ਸਿਖਾਦੇ। ਉਹਦੀ ਸਹੇਲੀ ਕਹਿੰਦੀ ਇਹ ਕਿਹੜੀ ਗੱਲ ਹੈ। ਉਹ ਡੇਟ ਦੌਰਾਨ ਤੈਨੂੰ ਟੱਚ ਕਰਨ ਦੀ ਕੋਸ਼ਿਸ਼ ਕਰੂਗਾ। ਤੂੰ ਕਹਿ ਦੇਈਂ ਡੌਂਟ। ਫਿਰ ਤੈਨੂੰ ਗਰਮਾ ਕੇ ਉਹ ਕਿੱਸ ਕਰਨ ਦੀ ਟਰਾਈ ਕਰੂ ਤੂੰ ਕਹਿ ਦੇਈਂ ਸਟੌਪ। ਬੱਸ ਐਨਾ ਕੰਮ ਹੈ।
ਅਗਲੇ ਦਿਨ ਇੰਡੀਆ ਵਾਲੀ ਕੁੜੀ ਆਪਣੀ ਸਹੇਲੀ ਨੂੰ ਮਿਲੀ ਤਾਂ ਉਹਦੀ ਸਹੇਲੀ ਪੁੱਛਣ ਲੱਗੀ ਕਿਵੇਂ ਰਿਹਾ ਤਾਂ ਇੰਡੀਆ ਵਾਲੀ ਕਹਿੰਦੀ ਉਵੇਂ ਹੀ ਹੋਇਆ ਜਿਵੇਂ ਤੂੰ ਕਿਹਾ ਸੀ। ਉਹਨੇ ਦੋਨੇ ਗੱਲਾਂ ਇਕੱਠੀਆਂ ਕਰ ਦਿੱਤੀਆਂ। ਮੈਂ ਦੋਨੇ ਗੱਲਾਂ ਇਕੱਠੀਆਂ ਕਹਿ ਦਿੱਤੀਆਂ, ਡੌਂਟ ਸਟੌਪ (ਰੁਕ ਨਾਂਹ!)।” ਮੈਂ ਆਪਣਾ ਜੁਆਬ ਦੇ ਦਿੱਤਾ।
“ਤੁਹਾਨੂੰ ਮਜ਼ਾਕ ਸੁਝਦੈ, ਮੈਨੂੰ ਮੁੜ੍ਹਕਾ ਆਈ ਜਾਂਦੈ। ਡਿਉਡਰੈਂਟ ਜਿਹੀ ਕੋਈ ਹੈਗੀ? ਏਦਾਂ ਕਰਿਉ ਸਿੱਧੂ ਆਪਾਂ ਕਿਸੇ ਆਇਸਕ੍ਰੀਮ ਬਾਰ ਜਾਂ ਰੈਸਟੋਰੈਂਟ ਵਿਚ ਉਹਨਾਂ ਨੂੰ ਲੈ ਚੱਲਾਂਗੇ। ਤੁਸੀਂ ਉਹਦੀ ਭੈਣ ਨੂੰ ਬਿਜ਼ੀ ਰੱਖਿਓ। ਅਸੀਂ ਅੱਡ ਬੈਠ ਕੇ ਆਪਣਾ ਦੁੱਖ-ਸੁੱਖ ਕਰ ਲਵਾਂਗੇ… ਨਹੀਂ ਨਹੀਂ ਪਹਿਲੀ ਵਾਰੀ ਮਿਲਣੈ ਉਹ ਕਹੂ ਮੁੰਡੀਹਰ ਨਾਲ ਲੈ ਆਇਐ।… ਨਾ ਬਾਬਾ ਰਹਿਣ ਦੋ ਕਿਤੇ ਇਹ ਨਾ ਹੋਵੇ ਲਾੜਾ ਰਹਿ’ਜੇ ਤੇ ਬਰਾਤੀ ਲੈ ’ਜੇ।… ਤਾਰੀ ਰੋਕ ਓਏ ਆਹ ਢਾਬੇ ’ਤੇ ਗੱਡੀ। ਤੁਸੀਂ ਐਥੇ ਰੋਟੀ ਖਾਓ, ਮੈਂ ਗੱਡੀ ਲੈ ਕੇ ਜਾਨਾਂ। ਮੈਂ ਇਥੇ ਹੀ ਤੁਹਾਨੂੰ ਆ ਕੇ ਮਿਲ ਲਊਂ।”
ਐਨੇ ਨੂੰ ਵਿਆਕੁਲ ਪ੍ਰਸੰਸਕਾ ਦਾ ਫੋਨ ਆ ਗਿਆ, “ਤੁਸੀਂ ਕਿਥੇ ਹੋ? ਮੈਂ ਅੱਡੇ ਵਿਚ ਖੜ੍ਹੀ ਤੁਹਾਡੀ ਉਡੀਕ ਕਰ ਰਹੀ ਹਾਂ। ਤੁਹਾਡੀ ਗੱਡੀ ਕਿਹੜੀ ਤੇ ਨੰਬਰ ਕੀ ਹੈ?”
“ਤਾਰੀ ਗੱਡੀ ਦਾ ਨੰਬਰ ਕੀ ਹੈ ਆਪਣਾ?” ਸਾਡੇ ਗਜ਼ਲਗੋ ਨੇ ਫੋਨ ’ਤੇ ਹੱਥ ਰੱਖ ਕੇ ਪੁੱਛਿਆ।
ਮੈਂ ਉਸਨੂੰ ਇਸ਼ਾਰੇ ਨਾਲ ਆਖ ਦਿੱਤਾ ਕਿ ਸਹੀ ਨੰਬਰ ਨਾ ਦੇਵੇ। ਉਸ ਨੇ ਐਸਾ ਹੀ ਕੀਤਾ।ਗਲਤ ਨੰਬਰ ਲਿਖਾ ਦਿੱਤਾ। ਉਧਰੋਂ ਨੀਲੇ ਸੂਟ ਦੀ ਨਿਸ਼ਾਨੀ ਦੱਸੀ ਗਈ। ਉਸ ਉਪਰੰਤ ਗਜ਼ਲਗੋ ਨੇ ਮੈਨੂੰ ਇਸਦਾ ਕਾਰਨ ਪੁੱਛਿਆ ਤਾਂ ਮੈਂ ਉਹਨੂੰ ਦੱਸਿਆ ਕਿ ਬਲਾਇੰਡ ਡੇਟ ਕਈ ਵਾਰੀ ਧਰਤੀ ਤੋਂ ਅਸਮਾਨ ਵਿਚ ਲਿਜਾਣ ਦੀ ਬਜਾਏ ਪਤਾਲ ਵਿਚ ਸਿੱਟ ਦਿੰਦੀ ਹੈ। ਤੂੰ ਉਸ ਨੂੰ ਮਿਲਿਆ ਨਹੀਂ ਕੀ ਪਤਾ ਉਹ ਕਿਹੋ ਜਿਹੀ ਲੱਗਦੀ ਹੈ?
“ਲੈ ਮੈਨੂੰ ਉਹਨੇ ਫੋਟੋਆਂ ਈ-ਮੇਲ ਕੀਤੀਆਂ ਸੀ। ਕੈਟਰੀਨਾ ਕੈਫ ਵਰਗੀ ਹੈ।”
ਸਾਨੂੰ ਢਾਬੇ ਉੱਤੇ ਉਤਾਰ ਕੇ ਉਹ ਚਲਾ ਗਿਆ। ਉਹ ਢਾਬਾ ਬਹੁਤ ਘਟੀਆ ਜਿਹਾ ਸੀ। ਮੈਂ ਤਾਰੀ ਨੂੰ ਕਿਹਾ ਕੋਈ ਹੋਰ ਚੰਗਾ ਜਿਹਾ ਰੈਸਟੋਰੈਂਟ ਲੱਭਦੇ ਹਾਂ। ਖਾਣਾ ਖਾਹ ਕੇ ਮੁੜ ਆਵਾਂਗੇ।ਵਧੀਆ ਰੈਸਟੋਰੈਂਟ ਦੀ ਤਲਾਸ਼ ਵਿਚ ਅਸੀਂ ਕਾਫੀ ਅੱਗੇ ਨਿਕਲ ਗਏ। ਰਸਤੇ ਵਿਚ ਮੈਨੂੰ ਤਾਰੀ ਕਹਿੰਦਾ, “ਬਾਈ ਮੈਂ ਤੇਰਾ ਚੇਲਾ ਬਣ ਜਾਣੈ। ਆਪਾਂ ਹੁਣੇ ਪੱਗ ਤੇ ਲਲੇਰੇ ਜਿਹਾ ਨਿਕੜ ਸੁਕੜ ਲੈ ਲੈਂਦੇ ਆਂ। ਮੈਨੂੰ ਲੇਖਕ ਬਣਾ’ਦੇ ’ਕੇਰਾਂ। ਮੈਨੂੰ ਤਾਂ ਪਤਾ ਈ ਨਹੀਂ ਸੀ ਲਿਖਾਰੀਆਂ ਉੱਤੇ ਕੁੜੀਆਂ ਇਉਂ ਮਰਦੀਆਂ ਫਿਰਦੀਆਂ। ਤੁਸੀਂ ਤਾਂ ਟੀਸੀ ਵਾਲੇ ਬੇਰ ਤੋੜਦੇ ਹੋ।”
ਉਹਦੀ ਗੱਲ ਨੂੰ ਮੈਂ ਹੱਸ ਕੇ ਟਾਲ ਦਿੱਤਾ ਤੇ ਅਸੀਂ ਇਕ ਰੈਸਟੋਰੈਂਟ ਵਿਚ ਵੜ੍ਹ ਗਏ।
ਦੋ ਘੰਟੇ ਬਾਅਦ ਅਸੀਂ ਮੁੜੇ ਤਾਂ ਸਾਡਾ ਗਜ਼ਲਗੋ ਗੱਡੀ ਦੀ ਸੀਟ ਦੀ ਢੋਅ ਥੋੜ੍ਹੀ ਪਿੱਛੇ ਨੂੰ ਉਲਾਰੀ ਅੱਖਾਂ ਮਿਚੀ ਪਿਆ ਸੀ। ਤਾਰੀ ਮੈਨੂੰ ਕਹਿੰਦਾ, “ਦੇਖ ਲੈ ਹਜੇ ਵੀ ਕੈਟਰੀਨਾ ਕੈਫ ਦੇ ਈ ਸੁਪਨੇ ਲਈ ਜਾਂਦੈ।”
“ਹੂੰ, ਅੱਜ ਨ੍ਹੀਂ ਸੌਂਦਾ ਇਹ।” ਮੈਂ ਹੁੰਗਾਰਾ ਭਰਿਆ।
ਗੱਡੀ ਕੋਲ ਜਾ ਕੇ ਅਸੀਂ ਉਸਨੂੰ ਉਠਾਇਆ, “ਹਾਂ ਬਈ ਕੀ ਬਣਿਆਂ ਰਾਂਝਿਆ?”
“ਕਿੱਥੇ ਮਰ’ਗੇ ਸੀ ਤੁਸੀਂ? ਮੈਂ ਕਦੋਂ ਦਾ ਉਡੀਕੀ ਜਾਨੈ। ਮੇਰੀ ਬੇਟਰੀ ਵੀ ਫਲੇਟ ਹੋਗੀ।”
“ਅੱਛਾ? ਐਨਾ ਜ਼ੋਰ ਲਵਾ’ਤਾ? ਕੋਈ ਨ੍ਹੀਂ ਤੈਨੂੰ ਸ਼ਿਲਾਜੀਤ ਤੇ ਸੋਨੇ ਦੀ ਭਸਮ ਚਾਰਦੇ ਹਾਂ ਚੱਲਕੇ।” ਮੈਂ ਟਿਚਰ ਕਰੀ।
“ਫੋਨ ਦੀ ਕਹਿਨਾਂ।”
“ਨਾ ਤੂੰ ਸੁਣਾ ਕਿੰਝ ਰਾਤ ਮੁਕਲਾਵੇ ਦੀ ਗੁਜ਼ਾਰੀ ਬੱਲੀਏ, ਕੀ ਹੋਇਆ?”
“ਹੋਇਆ ਕੀ ਸੁਆਹ ਦੀ ਖੇਹ। ਜਿਵੇਂ ਆਪਾਂ ਗਲਤ ਨੰਬਰ ਦੱਸਿਆ, ਉਵੇਂ ਉਹਨੇ ਗਲਤ ਸੂਟ ਦੱਸਿਆ।ਮੈਂ ਨੀਲਾ ਸੂਟ ਟੋਲਾ, ਉਹ ਪੀ ਬੀ 10… ਲੱਭੇ। ਦਸਾਂ ਮਿੰਟਾਂ ਬਾਅਦ ਮੈਂ ਅੱਕ ਕੇ ਫੋਨ ਕੀਤਾ। ਮੇਰੇ ਸਾਹਮਣੇ ਖੜ੍ਹੀਆਂ ਦੋ ਗੁਲਾਬੀ ਸੂਟਾਂ ਵਾਲੀਆਂ ’ਚੋਂ ਇਕ ਨੇ ਚੱਕ ਲਿਆ। ਸ਼ਕਲ ਦੇਖ ਕੇ ਮੇਰੇ ਤਾਂ ਮਾਪੇ ਈ ਮਰ’ਗੇ। ਤਵੇ ਅਰਗਾ ਰੰਗ। ਸਾਰਾ ਮੂੰਹ ਫਿਣਸੀਆਂ ਨਾਲ ਭਰਿਆ ਪਿਆ। ਭੈਣ ’ਚੋ… ਚੁੜੇਲ ਜਿਹੀ ਲੱਗੇ। ਨਾ ਮੈਂ ਭੱਜਣ ਜੋਗਾ।ਆਈਸ ਕ੍ਰੀਮ ਬਾਰ ’ਚ ਲੈ ਗਈਆਂ। ਮੇਰੇ ਢਾਈ ਸੌ ਵੇਸਟ ਕਰਵਾ’ਤੇ। ਮੇਰੀਆਂ ਗਜ਼ਲਾਂ ਦੇ ਸ਼ੇਅਰਾਂ ਦੀ ਤਰੀਫ ਨਾ ਕਰਨੋਂ ਹਟੇ, ਮੈਂ ਅੱਕ ਕੇ ਕਹਿ ਦਿੱਤਾ। ਮੇਰੀਆਂ ਮੂਰੀਆਂ ਨ੍ਹੀਂ ਲਿਖੀਆਂ ਇਹ ਮੈਂ ਤਾਂ ਸਾਡਾ ਇਕ ਘਾਣੀਕਾਰ ਜਿਹੈ, ਬਲਰਾਜ ਸਿੱਧੂ ਉਹਦੀਆਂ ਚੋਰੀ ਕਰਕੇ ਛਪਵਾਈਆਂ ਸੀ।”
“ਤੂੰ ਮੇਰਾ ਨਾਂ ਕਿਉਂ ਲਿਆ?” ਮੈਂ ਭੜਕਿਆ।
“ਹੋਰ ਮੈਂ ਕੀ ਕਰਦਾ। ਖਹਿੜਾ ਤਾਂ ਛਡਾਉਣਾ ਸੀ।ਸੁਆਦ ਹੀ ਖਰਾਬ ਕਰਤਾ।ਇਹਦੂੰ ਤਾਂ ’ਖੰਡ ਪਾਠ ’ਤੇ ਈ ਕੁਸ਼ ਨਾ ਕੁਸ਼ ਮਿਲ ਜਾਣਾ ਸੀ।ਬਾਰਾਂ ਸੌ ਨੂੰ ਥੁੱਕ ਲੱਗ ਗਿਆ। ਤੇਲ ਤੇ ਟੈਮ ਵਾਧੂ ਦਾ। ਤੂੰ ਠੀਕ ਕਿਹਾ ਸੀ।”
“ਖਹਿੜਾ ਹੀ ਛੁਡਾਉਣਾ ਸੀ ਤਾਂ ਬਾਬਾ ਮਾਰ ਦਿੰਦਾ।”
“ਕੀ ਮਤਲਬ?”
“ਤੇਰੇ ਵਰਗੀ ਇੰਨ-ਬਿੰਨ ਸਿਚੁਏਸ਼ਨ ਪੈਦਾ ਹੋ ਗਈ ਸੀ ਕਿਸੇ ਮੁੰਡੇ ਕੁੜੀ ਦੀ। ਬਲਾਇੰਡ ਡੇਟ। ਕੁੜੀ ਨੂੰ ਮੁੰਡਾ ਨਾ ਪਸੰਦ ਤੇ ਮੁੰਡੇ ਨੂੰ ਕੁੜੀ ਨਾ ਪਸੰਦ। ਕਾਫੀ ਦੇਰ ਚੁੱਪ ਬੈਠੇ ਰਹੇ। ਫੇਰ ਮੁੰਡੇ ਨੇ ਕਿਹਾ, ਮਾਫ ਕਰਨਾ ਮੈਂ ਘਰੇ ਜਰ੍ਹਾ ਫੋਨ ਕਰ ਲਵਾਂ। ਫੋਨ ਕਰਨ ਮਗਰੋਂ ਮੁੰਡਾ ਅਫਸੋਸਿਆ ਜਿਹਾ ਮੂੰਹ ਬਣਾ ਕੇ ਕੁੜੀ ਨੂੰ ਕਹਿੰਦਾ ਮੈਨੂੰ ਜਾਣਾ ਪੈਣਾ ਹੈ ਮੇਰਾ ਬਾਬਾ ਮਰ ਗਿਆ ਹੈ। ਕੁੜੀ ਕਹਿੰਦੀ ਚਲੋ ਸ਼ੁਕਰ ਹੈ ਨਹੀਂ ਮੇਰਾ ਬਾਬਾ ਮਰ ਜਾਣਾ ਸੀ।”
ਅਸੀਂ ਗੱਡੀ ਵਿਚ ਬੈਠ ਕੇ ਵਾਪਸੀ ਦੇ ਰਾਹ ਪਏ ਤਾਂ ਤਾਰੀ ਮੇਰੇ ਵੱਲ ਧੌਣ ਕਰਕੇ ਬੋਲਿਆ, “ਬਾਈ ਮੈਂ ਨ੍ਹੀਂ ਤੇਰਾ ਚੇਲਾ ਚੂਲਾ ਬਣਨਾ। ਜੇ ਲਿਖਾਰੀਆਂ ਨਾਲ ਐਨੀ ਕੁੱਤੇ ਖਾਣੀ ਹੁੰਦੀ ਆ ਤਾਂ… ਮੇਰੀ ਤਾਂ ਗਰੀਬ ਦੀ ਦੋ ਹਜ਼ਾਰ ਰੁਪਈਆ ਮਹੀਨੇ ਦੀ ਤਨਖਾਹ ਆ। ਮੈਂ ਤਾਂ ਇਕੇ ਦਿਨ ’ਚ ਉੜਾਦਿਆ ਕਰੂੰ।”
“ਨਾ ਕੈਟਰੀਨਾ ਕੈਫ ਐਵੇਂ ਮਿਲ ਜਾਂਦੀ ਹੈ? ਕਿਉਂ ਬਈ ਅਕਸ਼ੇ ਕੁਮਾਰ?”
ਸਾਡੇ ਗਜ਼ਲਗੋ ਨੇ ਖਿੱਝ ਕੇ ਦੰਦ ਪੀਂਹਦਿਆਂ ਡੈਸ਼ਬੋਰਡ ਤੋਂ ਚੁੱਕ ਕੇ ਚਾਰ ਪੰਜ ਆਡੀਉ ਕੈਸਟਾਂ ਮੇਰੇ ਉੱਤੇ ਵਗਾਹ ਮਾਰੀਆਂ।
ਬਾਕੀ ਅਗਲੇ ਹਫ਼ਤੇ....
Print this post
Labels:
ਕਿਸ਼ਤ 4
No comments:
Post a Comment