ਪੰਜਾਬੀ ਦੇ ਚਮਤਕਾਰੀ ਲੇਖਕ (ਕਿਸ਼ਤ 3)

ਪੂਰੇ ਇੰਗਲੈਂਡ ਵਿਚ ਪੰਜਾਬੀ ਦਾ ਜੇ ਕੋਈ ਫੁੱਲਟਾਈਮ, ਪ੍ਰੋਫੈਸ਼ਨਲ ਅਤੇ ਪੇਡ ਲੇਖਕ ਹੋਇਆ ਹੈ ਤਾਂ ਉਹ ਸੀ ਸਤਨਾਮ ਸਿੰਘ ਮੈਹਨੇਵਾਲਾ।ਮੁਲਾਕਾਤ ਦੀ ਵਿਧਾ ਨੂੰ ਜੇ ਕਿਸੇ ਨੇ ਸੰਜ਼ੀਦਗੀ ਨਾਲ ਲਿਆ ਸੀ ਤਾਂ ਉਸਨੇ ਲਿਆ ਸੀ। ਕੋਈ ਮੰਨੇ ਜਾ ਨਾ ਮੰਨੇ ਪਰ ਮੈਂ ਉਸਨੂੰ ਮੁਲਾਕਾਤਾਂ ਦਾ ਬਾਦਸ਼ਾਹ ਮੰਨਦਾ ਹਾਂ।ਜਦੋਂ ਵੀ ਕਿਸੇ ਹਸਤੀ ਬਾਰੇ ਪਤਾ ਲੱਗਦਾ ਤਾਂ ਉਸਦੀ ਮੁਲਾਕਾਤ ਕਰਨ ਲਈ ਉਹ ਇੰਝ ਪੈਂਦਾ ਸੀ ਜਿਵੇਂ ਡੇਵਿਡ ਬੈਕਮ ਫੁੱਟਬਾਲ ਨੂੰ। ਕਿਸੇ ਹੋਰ ਪੱਤਰਕਾਰ ਦੇ ਇੰਟਰਵਿਉ ਦਾ ਵਿਚਾਰ ਦਿਮਾਗ ਵਿਚ ਆਉਣ ਤੋਂ ਪਹਿਲਾਂ ਹੀ ਉਹ ਇੰਟਰਵਿਉ ਅਖਬਾਰ ਨੂੰ ਪਹੁੰਚਾ ਚੁੱਕਾ ਹੁੰਦਾ ਸੀ।ਜਣੇ ਖਣੇ ਲਈ ‘ਮਹਾਨ ਸ਼ਖਸੀਅਤ’ ਸ਼ਬਦ ਵਰਤਣਾ ਉਸਦੀ ਆਦਤ ਜਾਂ ਮਜ਼ਬੂਰੀ ਸੀ, ਰੱਬ ਜਾਣੇ।ਇਕ ਵਾਰ ਮੈਂ ਮੈਹਨੇਵਾਲੇ ਨੂੰ ਕਿਹਾ ਕਿ ਤੁਸੀਂ ਲੋਕਾਂ ਦੀਆਂ ਇੰਟਰਊਜ਼ ਲੈਂਦੇ ਹੋ ਮੈਂ ਤੁਹਾਡੀ ਮੁਲਾਕਾਤ ਛਾਪਣੀ ਚਾਹੁੰਦਾ ਹਾਂ। ਉਸਦੇ ਚਿਹਰੇ ਉੱਤੇ ਹੁਲਾਸ ਆ ਗਿਆ, “ਬੋਲ ਕਦੋਂ ਮਿਲੀਏ?”

ਮੁਕੱਰਰ ਦਿਨ ਉੱਤੇ ਆ ਕੇ ਉਸਨੇ ਜੁਆਬ ਦੇ ਦਿੱਤਾ ਕਿਉਂਕਿ ਕਿਸੇ ਨੇ ਉਸ ਦੇ ਕੰਨ ਭਰ ਦਿੱਤੇ ਸਨ ਕਿ ਇੰਟਰਵਿਊ ਕਰਕੇ ਮੈਂ ਉਸਦਾ ਤਵਾ ਲਾਉਣਾ ਚਾਹੁੰਦਾ ਹਾਂ।
ਇਕ ਵਾਰ ਮੈਹਨੇਵਾਲੇ ਨੇ ਮੈਨੂੰ ਆਖਿਆ, “ਲੋਕ ਕਹਿੰਦੇ ਨੇ ਤੇਰੀਆਂ ਰਚਨਾਵਾਂ ਵਿਚ ਸੈਕਸ ਹੁੰਦਾ ਹੈ।”
“ਉਹਨਾਂ ਨੂੰ ਕਹੋ ਉਹ ਜ਼ਿੰਦਗੀ ’ਚੋਂ ਸੈਕਸ ਕੱਢ ਦੇਣ। ਮੈਂ ਆਪਣੀਆਂ ਕਹਾਣੀਆਂ ’ਚੋਂ ਕੱਢ ਦਿਊਂ। ਸਾਹਿਤ ਜ਼ਿੰਦਗੀ ਦਾ ਦਰਪਣ ਹੈ। ਕਲਾ ਨੂੰ ਬਿਹਤਰੀਨ ਬਣਾਉਣ ਲਈ ਜੇ ਸੈਕਸ ਟੱਚ ਦੇ ਦਿੱਤੀ ਜਾਵੇ ਤਾਂ ਇਸ ਵਿਚ ਕੀ ਹਰਜ਼ ਹੈ? ਸੋਭਾ ਸਿੰਘ ਨੇ ਵੀ ਤਾਂ ਸੋਹਣੀ ਦੇ ਪੋਰਟਰੇਟ ਨੂੰ ਦਿੱਤਾ ਹੈ।ਉਹਨੂੰ ਕੋਈ ਕੁਝ ਨਹੀਂ ਕਹਿੰਦਾ।ਉਹ ਤਾਂ ਅੰਨ੍ਹੇ ਨੂੰ ਵੀ ਦਿਸਦੈ। ਮੇਰੀ ਕਹਾਣੀ ਤਾਂ ਕੋਈ ਪੜੂ ਉਹਨੂੰ ਤਾਂ ਪਤਾ ਲੱਗੂ। ਵਾਰਿਸ, ਪੀਲੂ ਹੋਰੀਂ ਕਿਹੜਾ ਘੱਟ ਕਰਦੇ ਰਹੇ ਆ। ਸਭ ਇਸੇ ਰਾਹੋਂ ਲੰਘਦੇ ਨੇ। ਸਾਡੇ ਲੋਕ ਵੀ ਆਪ ਜਿੰਨਾ ਮਰਜ਼ੀ ਗੰਦ ਵੱਢੀ ਜਾਣ। ਮੇਰੇ ਵਰਗਾ ਜਦੋਂ ਦੋ ਅੱਖਰ ਲਿਖ ਦਿੰਦੈ ਤਾਂ ਲੁੱਚਾ ਲੁੱਚਾ ਕਰਕੇ ਮਗਰ ਪੈ ਜਾਂਦੇ ਆ।” ਮੇਰਾ ਜੁਆਬ ਸੀ।
ਉਹਨਾਂ ਦਿਨਾਂ ਵਿਚ ਮੈਂ ਰਜਨੀਸ਼ ਉਸ਼ੋ ਦੀ ਕਿਤਾਬ ‘ਸੰਭੋਗ ਤੋਂ ਸਮਾਧੀ ਵੱਲ’ ਪੜ੍ਹਦਾ ਸੀ। ਮੈਂ ਉਸ ਵਿਚੋਂ ਕਈ ਦਲੀਲਾਂ ਦੇ ਦਿੱਤੀਆਂ। ਇਹ ਸੁਣਕੇ ਉਹ ਮੁਤਾਸਿਰ ਹੋ ਗਿਆ। ਉਹ ਮੁਬੰਈ ਤੋਂ ਪੰਜਾਬੀ ਫਿਲਮ ਐਕਟਰਸਾਂ ਦੀਆਂ ਮੁਲਾਕਾਤਾਂ ਕਰ ਕੇ ਲਿਆਇਆ ਸੀ। ਘਰੇ ਜਾ ਕੇ ਉਸਨੇ ਇੰਟਰਵਿਊ ਲਿਖੀ। ਮੇਰੇ ਵਿਚਾਰਾਂ ਦੇ ਪ੍ਰਭਾਵ ਅਧੀਨ ਵੇਗ ਵਿਚ ਆਏ ਨੇ ਉਸਨੇ ਇਕ ਪੰਜਾਬੀ ਫਿਲਮ ਐਕਟਰਸ ਦੀ ਮੁਲਾਕਾਤ ਨੂੰ ਥੋੜ੍ਹਾ ਜਿਹਾ ਗਰਮ ਕਰ ਦਿੱਤਾ। ਮੁਲਾਕਾਤ ਯਥਾਰਥ ਅਤੇ ਕਹਾਣੀ ਗਲਪ ਹੁੰਦੀ ਹੈ। ਹੁਣ ਇਹਨਾਂ ਦੋਨਾਂ ਨੂੰ ਕਾਮੁਕ ਛੋਹ ਪ੍ਰਦਾਨ ਕਰਨ ਦੀ ਵਿਧੀ ਵੀ ਵੱਖਰੋ ਵੱਖਰੀ ਹੈ। ਮੈਹਨੇਵਾਲਾ ਫੈਕਟ ਅਤੇ ਫਿਕਸ਼ਨ ਨੂੰ ਨਾ ਸਮਝ ਸਕਿਆ ਤੇ ਕੁਝ ਜ਼ਿਆਦਾ ਹੀ ਉਲਾਰ ਹੋ ਗਿਆ।ਮੁਲਾਕਾਤ ਛਪ ਗਈ।ਉਸਦੇ ਲੋਕਾਂ ਤੋਂ ਮਿਲੇ ਪ੍ਰਤੀਕ੍ਰਮ ਬਾਅਦ ਉਹ ਲੋਕਾਂ ਤੋਂ ਘੁੰਡ ਕੱਢਦਾ ਫਿਰੇ।
ਅਵਤਾਰ ਸਿੰਘ ਅਰਪਨ ਤੇ ਮੈਹਨੇਵਾਲੇ ਦਾ ਚੋਲੀ ਦਾਮਨ ਦਾ ਸਾਥ ਸੀ। ਜਿਗਰੀ ਯਾਰ। ਅਰਪਨ ਦੀ ਗੱਡੀ ਕਿਸੇ ਨੂੰ ਦਿਸਦੀ ਤਾਂ ਉਸ ਵਿਚ ਯਾਤਰੀ ਸੀਟ ਉੱਤੇ ਬੈਠਾ ਮੈਹਨੇਵਾਲਾ ਵੀ ਜ਼ਰੂਰ ਦਿਸਦਾ। ਅਰਪਨ ਨੂੰ ਲੋਕ ਕਵੀ ਦੀ ਉਪਾਧੀ ਦਿੱਤੀ ਗਈ ਸੀ। ਉਸਨੇ ਦਾਮਨ, ਬਲੱਗਣ, ਸ਼ਰਫ ਵਰਗੇ ਵੱਡੇ ਵੱਡੇ ਉਸਤਾਦ ਸ਼ਾਇਰਾਂ ਨਾਲ ਮੁਸ਼ਾਇਰੀਆਂ ਵਿਚ ਹਿੱਸਾ ਲਿਆ ਸੀ।ਜਦੋਂ ਕਦੇ ਕੋਈ ਕਵੀ ਦਰਬਾਰ ਹੁੰਦਾ ਤਾਂ ਸਭ ਤੋਂ ਮਗਰਲੀ ਕੁਰਸੀ ਉੱਤੇ ਬੈਠਾ ਉਹ ਕੁਝ ਲਿਖ ਰਿਹਾ ਹੁੰਦਾ।ਕੋਈ ਪੁੱਛਦਾ ਤਾਂ ਆਖਦਾ ਮੈਂ ਕਵਿਤਾ ਲਿਖ ਰਿਹਾ ਹਾਂ ਜੋ ਹੁਣ ਪੜ੍ਹਨੀ ਹੈ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਦੱਸਦਾ ਵੀ ਜ਼ਰੂਰ ਕਿ ਇਹ ਕਵਿਤਾ ਉਸਨੇ ਹੁਣੇ ਤਾਜ਼ੀ ਤਾਜ਼ੀ ਲਿਖੀ ਹੈ।ਦੇਖੋ ਅਜੇ ਸਿਆਹੀ ਵੀ ਨਹੀਂ ਸੁੱਕੀ।ਉਸਦੀ ਕਵਿਤਾ ਐਨੀ ਲੰਬੀ ਹੁੰਦੀ ਕਿ ਉਨੇ ਸਮੇਂ ਵਿਚ ਤਿੰਨ ਚਾਰ ਸ਼ਾਇਰ ਭੁਗਤ ਸਕਦੇ ਹੁੰਦੇ ਸਨ। ਇਸ ਲਈ ਹਮੇਸ਼ਾਂ ਪ੍ਰਬੰਧਕ ਅਤੇ ਸਟੇਜ਼ ਸਕੱਤਰ ਉਸਨੂੰ ਸਮਾਂ ਦੇਣ ਤੋਂ ਪਹਿਲਾਂ ਤਾਕੀਦ ਕਰਦੇ ਕਿ ਅਰਪਨ ਕ੍ਰਿਪਾ ਕਰਕੇ ਇਕ ਹੀ ਕਵਿਤਾ ਪੜ੍ਹਨਾ।
“ਹਾਂ ਹਾਂ ਕਵਿਤਾ ਮੇਰੇ ਕੋਲ ਇਕ ਹੀ ਹੈ।”
ਉਹ ਇਕ ਕਵਿਤਾ ਦੇ ਸਿਰਲੇਖ ਹੇਠ ਸ਼ੁਰੂ ਕਰਕੇ ਤਿੰਨ ਚਾਰ ਕਵਿਤਾਵਾਂ ਨਾਲ ਜੋੜ ਕੇ ਕਵਿਤਾਵਾਂ ਦੀ ਜੀ ਟੀ ਰੋਡ ਬਣਾ ਕੇ ਸੁਣਾ ਜਾਂਦਾ। ਕਿਸੇ ਨੂੰ ਪਤਾ ਵੀ ਨਾ ਚੱਲਦਾ।ਲੋਕੀ ਸਮਝਦੇ ਇਕ ਹੀ ਕਵਿਤਾ ਹੈ। ਮੈਨੂੰ ਹੈਰਤ ਹੁੰਦੀ ਕਿ ਸਰੋਤੇ ਮੂਕ ਕਿਉਂ ਨੇ? ਕੀ ਉਹ ਸੁਣ ਨਹੀਂ ਰਹੇ ਜਾਂ ਉਨ੍ਹਾਂ ਨੂੰ ਗਿਆਨ ਨਹੀਂ ਕਿ ਕਵਿਤਾ ਬਦਲ ਗਈ ਹੈ!
ਇਕ ਵਾਰ ਪੰਜਾਬੀ ਲਿਖਾਰੀ ਸਭਾ ਦੇ ਕਵੀ ਦਰਬਾਰ ਵਿਚ ਵੁਲਵਰਹੈਂਪਟਨ ਇਕ ਖੁੰਝੇ ਬੈਠਾ ਉਹ ਲਿਖੀ ਜਾਵੇ।
ਮੈਂ ਕੋਲ ਚਲਾ ਗਿਆ, “ਅਰਪਨ ਸਾਹਿਬ, ਕਿਹਨੂੰ ਚਿੱਠੀ ਲਿਖਣ ਲੱਗੇ ਹੋ?”
“ਮੈਂ… ਮੈਂ ਕਵਿਤਾ ਲਿਖ ਰਿਹਾਂ।”
“ਤੁਸੀਂ ਡਰਾਮਾ ਕਰਦੇ ਹੋ। ਲੋਕੀ ਤੁਹਾਡੇ ’ਤੇ ਇਲਜ਼ਾਮ ਲਾਉਂਦੇ ਹਨ ਕਿ ਤੁਹਾਨੂੰ ਪਹਿਲਾਂ ਲਿਖੀ ਕਵਿਤਾ ਯਾਦ ਹੁੰਦੀ ਹੈ ਤੇ ਤੁਸੀਂ ਸੱਜਰੀ ਆਖ ਕੇ ਬੁੱਧੂ ਬਣਾ ਜਾਂਦੇ ਹੋ।”
“ਨਹੀਂ ਮੈਂ ਕਵਿਤਾ ਸੱਜਰੀ ਲਿਖਦਾ ਹਾਂ… ਲਿਆ ਮੈਂ ਤੈਨੂੰ ਹੁਣੇ ਤੇਰੇ ’ਤੇ ਸ਼ਿਅਰ ਜੋੜ ਕੇ ਸੁਣਾਉਂਦਾ ਹਾਂ।”
ਉਸਨੇ ਉਸੇ ਵਕਤ ਖੜ੍ਹੇ ਪੈਰ ਮੇਰੀ ਸਿਫਤ ਵਿਚ ਸ਼ਿਅਰ ਸੁਣਾਇਆ ਤਾਂ ਮੈਂ ਦੰਗ ਰਹਿ ਗਿਆ। ਮੇਰੇ ਗੋਤ ਸਿੱਧੂ ਦੇ ਜੋ ਉਸ ਨੇ ਕਾਫੀਏ ਜੋੜੇ ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ।
ਮੈਂ ਤੇ ਮੇਰੇ ਮਾਮੇ ਦਾ ਮੁੰਡਾ ਚਮਕੌਰ ਇਕ ਵਾਰ ਮੇਰੇ ਨਾਨਕੇ ਪਿੰਡ ਭਰੋਵਾਲ ਕਲਾਂ ਤੋਂ ਹੰਭੜਾਂ ਨੂੰ ਜਾ ਰਹੇ ਸੀ।ਰਸਤੇ ਵਿਚ ਪੈਂਦੇ ਨਾਲ ਦੇ ਪਿੰਡ ਛੋਟੇ ਭਰੋਵਾਲ ਵਿਚ ਦੀ ਅਸੀਂ ਗੁਜ਼ਰ ਰਹੇ ਸੀ।ਇਕ ਗਲੀ ਵਿਚੋਂ ਜਦੋਂ ਸਾਡੀ ਗੱਡੀ ਲੰਘਣ ਲੱਗੀ ਤਾਂ ਮੇਰੀ ਨਿਗਾਹ ਇਕ ਚੁਬਾਰੇ ਉੱਤੇ ਬਣੀ ਟੈਂਕੀ ਉੱਤੇ ਪਈ, “ਚਮਕੌਰ? ਟੈਂਕੀਆਂ ਤਾਂ ਬੜੇ ਤਰ੍ਹਾਂ ਦੀਆਂ ਦੇਖੀਆਂ ਹਨ, ਪਰ ਆ ਤੂੰਬੀ ਵਾਲੀ ਪਹਿਲੀ ਵਾਰ ਦੇਖੀ ਹੈ?”
“ਇਹ ਗਾਇਕ ਤੇ ਗੀਤਕਾਰ ਦੀਦਾਰ ਸੰਧੂ ਦਾ ਘਰ ਆ।”
ਇਕਲਖਤ ਮੇਰੇ ਜ਼ਿਹਨ ਵਿਚ ਦੀਦਾਰ ਸੰਧੂ ਦੇ ਗੀਤ ਦੀਆਂ ਲਾਇਨਾਂ ਗੂੰਜ਼ ਗਈਆਂ, “ਜੋੜੀ ਜਦੋਂ ਚੁਬਾਰੇ ਚੜ੍ਹਦੀ। ਸਾਨੂੰ ਵੇਖ ਗੁਆਂਡਣ ਸੜ੍ਹਦੀ।… ਵੇ ਮੇਰੇ ਹੌਲੇ ਭਾਰ ਦੀਆਂ। ਬੁੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ।”
“ਅੱਛਾ ਤਾਂ ਇਥੇ ਬੁੱਚੀਆਂ ਪਾਉਂਦਾ ਸੀ ਦੀਦਾਰ!”
“ਨਾਲ ਦਾ ਘਰ ਉਹਦੇ ਵੱਡੇ ਭਰਾ ਕੁੰਦਨ ਦਾ ਆ। ਉਹ ਛੜੈ।”
ਦੀਦਾਰ ਇਕ ਵਧੀਆ ਗੀਤਕਾਰ ਸੀ। ਉਸਦੇ ਅਨੇਕਾਂ ਗੀਤ ਹਿੱਟ ਹੋਏ।ਪੰਜਾਬੀ ਗੀਤਕਾਰੀ ਵਿਚ ਵੇਸਵਾਗਮਨੀ ਵਿਸ਼ੇ ਉੱਤੇ ਸਿਰਫ ਇਕ ਹੀ ਗੀਤ ਹੈ ਤੇ ਉਹ ਦੀਦਾਰ ਦਾ ਲਿਖਿਆ ਹੈ ਤੇ ਪਰਮਿੰਦਰ ਸੰਧੂ ਨਾਲ ਗਾਇਆ ਹੋਇਆ ਹੈ, “ਮੇਰਾ ਜੋਬਨ ਪੀਤਾ ਕਈਆਂ ਨੇ ਪਰ ਮੈਂ ਪੂਰੀ ਦੀ ਪੂਰੀ।” ਅੱਗੇ ਦੀਦਰ ਦੇ ਬੋਲ, “ਜਿਸਨੇ ਇਸ ਭਰੀ ਸੁਰਾਹੀ ਚੋਂ ਪਹਿਲਾ ਪੈਗ ਭਰਕੇ ਲਾਇਆ ਹੋਊ।” ਤੇ “ਤੂੰ ਕੂਲੀ ਜਿਵੇਂ ਨਾਗ ਦਾ ਬੱਚਾ। ਤੇਰੇ ਲੱਕ ਨੂੰ ਲਿਪਟਦਾ ਜਾਵਾਂ।” ਗੀਤ ਵਿਚ ਇਕ ਵੇਸਵਾ ਅਤੇ ਗਾਹਕ ਦਾ ਵਾਰਤਲਾਪ ਪੇਸ਼ ਕੀਤਾ ਗਿਆ ਹੈ।ਇਹ ਗੀਤ ਦੀਦਾਰ ਨੇ ਐਨਾ ਬੋਚ ਕੇ ਲਿਖਿਆ ਹੈ ਕਿ ਗੀਤ ਉੱਤੇ ਅਸ਼ਲੀਲ ਵਿਸ਼ਾ ਹੋਣ ਕਰਕੇ ਵੀ ਅਸ਼ਲੀਲਤਾ ਦਾ ਦੋਸ਼ ਨਹੀਂ ਲੱਗਦਾ।ਪੰਜਾਬੀ ਗੀਤਕਾਰੀ ਵਿਚ ਉਹਦੀ ਧਾਕ ਸੀ।ਉਹਦੀ ਤੇ ਅਮਰ ਨੂਰੀ ਦੀ ਜੋੜੀ ਨੇ ਆਪਣੇ ਜ਼ਮਾਨੇ ਵਿਚ ਕਹਿਰ ਕੀਤਾ ਹੈ। ਔਰਤ ਦੀ ਸੰਵੇਦਨਾਂ ਨੂੰ ਸਰਲ ਸ਼ਬਦਾਂ ਵਿਚ ਚਿਤਰਨ ਦੀ ਉਸ ਕੋਲ ਵਿਸ਼ੇਸ਼ ਕਲਾ ਸੀ। ਉਸਦੇ ਇਕ ਗੀਤ ਦੀ ਵੰਨਗੀ ਦੇਖੋ, “ਰਾਤ ਪਈ, ਅੱਧੀ ਗਈ ਤੇ ਅਖੀਰ ਮੁੱਕ ਗਈ। ਮੇਰੀ ਮਾਹੀ ਮਾਹੀ ਕਹਿੰਦੀ ਦੀ ਜੁਬਾਨ ਸੁੱਕ ਗਈ।” ਜਾਂ “ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ’ਦੇ, ਆਵੇ ਭਲਾਂ ਜੇ ਸਾਹ ਸੁੱਖਦਾ ਵੇ, ਮੇਰਾ ਕੱਲ੍ਹਦਾ, ਕੱਲ੍ਹਦਾ ਕਾਲਜਾ ਦੁੱਖ’ਦਾ ਵੇ।” ‘ਮਾਹੀ’ ਦੀਦਾਰ ਦਾ ਪੈਟ ਵਰਡ ਸੀ। ਇਸੇ ਵਰਗਾ ਹੀ ਦਿਦਾਰ ਦਾ ਇਕ ਹੋਰ ਗੀਤ ਬਹੁਤ ਮਕਬੂਲ ਹੋਇਆ ਸੀ। “ਉੱਠਦੀ ਬਹਿੰਦੀ, ਜੀ ਜੀ ਕਹਿੰਦੀ। ਤੈਨੂੰ ਤੇਰੀ ਹੂਰ, ਵੇ ਨਾ ਮਾਰ ਜ਼ਾਲਿਮਾ ਵੇ ਪੇਕੇ ਤੱਤੜੀ ਦੇ ਦੂਰ।” ਇਹ ਗੀਤ ਐਨਾ ਖੂਬਸੂਰਤ ਸੀ ਕਿ ਮੇਰੇ ਤੋਂ ਵੀ ਉਸਦੀ ਕਾਪੀ ਮਾਰੇ ਬਿਨਾ ਰਹਿ ਨਾ ਹੋਇਆ ਤੇ ਉਸਨੂੰ ਨਕਲ ਮਾਰ ਕੇ ਮੈਂ ਇਹੋ ਜਿਹਾ ਗੀਤ ਲਿਖਿਆ ਸੀ ਜੋ ਮੇਰਾ ਸਭ ਤੋਂ ਪਹਿਲਾਂ ਰਿਕਾਰਡ ਹੋਣ ਗੀਤ ਵਾਲਾ ‘ਕੁੱਟਿਆ ਨਾ ਕਰ ਮੈਨੂੰ ਪਾਪੀਆ ਸੁੱਖ ਤੇਰੀ ਹਰ ਵੇਲੇ ਲੋੜ੍ਹਦੀ’ 1997 ਵਿਚ ਹਰਦੇਵ ਮਾਹੀਨੰਗਲ ਦੀ ਅਵਾਜ਼ ਵਿਚ ‘ਦਿਲ ਦੀ ਗੱਲ’ ਕੈਸਟ ਵਿਚ ਆਇਆ। ਉਦੋਂ ਐਨੀ ਸੋਜੀ ਤਾਂ ਨਹੀਂ ਸੀ ਪਰ ਕੁਦਰਤੀ ਨਕਲ ਅਕਲ ਨਾਲ ਵੱਜ ਗਈ। ਬਹੁਤਾ ਕਿਸੇ ਨੂੰ ਪਤਾ ਨਹੀਂ ਲੱਗਿਆ। ਮੈਂ ਤਾਂ ਆਪਣੇ ਵੱਲੋਂ ਹਨੇਰੇ ਵਿਚ ਹੀ ਤੀਰ ਛੱਡਿਆ ਸੀ, ਪਰ ਟਿਕਾਣੇ ’ਤੇ ਲੱਗ ਗਿਆ। ਇਸ ਗੱਲ ਦਾ ਇਲਮ ਮੈਨੂੰ ਬਹੁਤ ਬਾਅਦ ਵਿਚ ਹੋਇਆ ਕਿ ਪੰਜਾਬੀ ਲੇਖਕ ਤਾਂ ਤੀਰ ਛੱਡਦੇ ਹੀ ਹਨੇਰੇ ਵਿਚ ਹਨ।
ਦੀਦਾਰ ਦੇ ਘਰ ਮੁਹਰਦੀ ਲੰਘੇ ਤਾਂ ਦਰਵਾਜ਼ਾ ਬੰਦ ਸੀ। ਮੈਨੂੰ ਝੱਟ ਦੀਦਾਰ ਦਾ ਗੀਤ ਚੇਤੇ ਆ ਗਿਆ, ‘ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟਕਪੂਰੇ ਦਾ’ ਅੱਗੇ ਜਾ ਕੇ ਮੋੜ ਮੁੜੇ ਤਾਂ, ‘ਸੂਰਮਾ ਪੰਜ ਰੱਤੀਆਂ ਪਾ ਕੇ ਮੋੜ ’ਤੇ ਖੜ੍ਹਗੀ’ ਚੇਤੇ ਆ ਗਿਆ।ਥੋੜ੍ਹੀ ਦੇਰ ਬਾਅਦ ਅਸੀਂ ਉਸਦੇ ਗੀਤਾਂ ਵਿਚ ‘ਪਿੰਡ ਭਰੋਵਾਲ ਦੀ ਫਿਰਨੀ ਤੋਂ ਦਿਨ ਚੜ੍ਹਦੇ ਤੱਕ ਨਾ ਘਰ ਜਾਵਾਂ’ ਵਾਲੇ ਸਥਾਨ ’ਤੇ ਸੀ। ਉਹਦੇ ਗੀਤਾਂ ਵਿਚ ਵਰਣਨ ਕੀਤੇ ਟਿੱਬੇ ਹੁਣ ਗਾਇਬ ਹੋ ਚੁੱਕੇ ਹਨ।5911 ਅਤੇ ਫੋਰਡ ਟਰੈਕਟਰਾਂ ਨੇ ਗਾਹ ਮਾਰੇ ਹਨ।ਪਰ ਉਹਦੇ ਗੀਤਾਂ ਵਿਚ ਮਾਲਵੇ ਦੇ ਟਿੱਬਿਆਂ ਦੀ ਕੱਕੀ ਰੇਤ ਅਮਰ ਰਹੂਗੀ। 
ਜਿਵੇਂ ਮੰਟੋ ਨੂੰ ਜੁੱਤੀਆਂ ਨਾਲ ਇਸ਼ਕ ਸੀ ਤੇ ਉਹ ਹਰ ਆਪਣੀ ਰਚਨਾਵਾਂ ਵਿਚ ਇਸਦਾ ਜ਼ਿਕਰ ਕਰਦਾ ਸੀ। ਜਸਵੰਤ ਸਿੰਘ ਕੰਵਲ ਪਾਤਰਾਂ ਨੂੰ ਚਾਹ ਪਿਆ ਪਿਆ ਮਾਰ ਦਿੰਦਾ ਹੈ।ਗਾਰਗੀ ਤੋਂ ਆਪਣਾ ਸ਼ੂਕਦਾ ਵੇਗ ਨਹੀਂ ਸਾਂਭਿਆ ਜਾਂਦਾ ਸੀ ਤੇ ਸੁਰਜੀਤ ਪਾਤਰ ਦਾ ਖਹਿੜਾ ਰੁੱਖ ਨਹੀਂ ਛਡਦੇ। ਉਵੇਂ ਦੀਦਾਰ ਨੂੰ ਆਪਣੇ ਭਰਾ ਨਾਲ ਲਗਾਅ ਸੀ। ਉਹਦੇ ਗੀਤਾਂ ਵਿਚ ਉਸਦਾ ਵਾਰ ਵਾਰ ਵਰਣਨ ਆਉਂਦਾ ਹੈ।‘ਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਜੇਠ ਰਹਿ ਗਿਆ।’, ‘ਕੁੰਦਨ ਕਪੂਰੇ ਦਾ ਕੰਧ ਤੋਂ ਦੀ ਮਾਰੇ ਝਾਤੀਆਂ’ ਅਤੇ ‘ਕੁੰਦਨ ਵਰਗੇ ਆਖਣਗੇ, ਦੇਖੋ ਇਹ ਸੰਧੂ ਕੀ ਕਰਦੈ’ ਆਦਿ।ਜੇਠ ਉਸਦੇ ਗੀਤਾਂ ਵਿਚ ਧੱਕੇ ਨਾਲ ਹੀ ਆ ਵੜ੍ਹਦਾ ਸੀ ਤੇ ਇਸ ਕਮਜ਼ੋਰੀ ਨੇ ਉਸ ਤੋਂ ਇਕ ਗੀਤ ਵਿਚ ਬਜ਼ਰ ਗਲਤੀ ਵੀ ਕਰਵਾਈ, ਜੋ ਕਿਸੇ ਨਾ ਫੜ੍ਹੀ।ਉਸ ਦੇ ਗੀਤ ਵਿਚ ਅੰਤਰਾ ਆਉਂਦਾ ਹੈ, “ਨੀ ਮੈਂ ਪੁੱਤ ਬੁੜ੍ਹੀ ਦਾ ਕੱਲਾ, ਵਹੁਟੀ ਜਿਉਂ ਚਾਂਦੀ ਦਾ ਛੱਲਾ, ਤੂੰ ਨਾ ਸਰਕਾਵੀਂ ਪੱਲਾ, ਨੀ ਕੋਈ ਹਾਉਕਾ ਭਰਜੂਗਾ, ਦਰਸ਼ਨ ਕਰਕੇ ਤੇਰੇ ਨੀ ਸਿਰ ਚੜ੍ਹ ਕੇ ਮਰ ’ਜੂਗਾ” ਅੱਗੇ ਜਾ ਕੇ ਦੀਦਾਰ ਅਗਲੇ ਅੰਤਰੇ ਵਿਚ ਲਿਖਦਾ ਹੈ, “ਛਿਪ ਗਿਆ ਚੰਦ ਟਹਿਕਦੇ ਤਾਰੇ, ਘਰ ਵਿਚ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਖੰਘੂਰੇ ਮਾਰੇ, ਉਹਦਾ ਵੀ ਸਿਰ ਸੜ੍ਹਜੂਗਾ।’ ਹੁਣ ਜੇ ਬੁੜ੍ਹੀ ਦਾ ਪੁੱਤ ਇਕੱਲਾ ਹੈ ਤਾਂ ਅਗਲੇ ਅੰਤਰੇ ਵਿਚ ਜੇਠ ਕਿਥੋਂ ਪੈਦਾ ਹੋ ਗਿਆ?
ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ: ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ ਦੇ ਪ੍ਰਸਿਧ ਲੋਕ ਗਾਇਨ ‘ਜੁਗਨੀ’ ਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇ। ਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ ‘ਜੁਗਨੀ’ ਟਾਇਪ ਕਰਦੇ ਹਨ। ਠਾਹ ਦੇਣੇ ਵਿਕੀਪੀਡੀਆ ਉੱਤੇ ‘ਜੁਗਨੀ’ ਬਾਰੇ ਲੇਖ ਆ ਜਾਂਦਾ ਹੈ। ਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈ।ਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ ’ਤੇ ਉਹ ਖੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਚੋਰੀ ਕਰੇ, ਸਾਰਾ ਪੁੰਨ ਡਾ: ਸਾਹਿਬ ਖੱਟ ਲੈਣਾ ਚਾਹੁੰਦੇ ਹਨ।ਉਹ ਹੱਫਲ ਕੇ ਉਸ ਲੇਖ ਦਾ ਪੰਜਾਂ ਮਿੰਟਾਂ ਵਿਚ ਅਨੁਵਾਦ ਕਰ ਦਿੰਦੇ ਹਨ। ਛੇਵੇਂ ਮਿੰਟ ਲੇਖ ਅਖਬਾਰ ਪਤ੍ਰਿਕਾਵਾਂ ਨੂੰ ਈ-ਮੇਲ ਹੋ ਜਾਂਦਾ ਹੈ। ਅੱਗੋਂ ਡਾ: ਗੁਰਦਿਆਲ ਸਿੰਘ ਰਾਏ ਜੀ ਸੱਤਵੇਂ ਮਿੰਟ ਇਹ ਗਿਆਨ ਵਰਧਕ ਲੇਖ ‘ਜੁਗਨੀ ਦਾ ਨਿਕਾਸ ਅਤੇ ਵਿਕਾਸ’ ਲਿਖਾਰੀ.ਓਰਗ (www.likhari.org) ਦੀ ਸਾਇਟ ਉੱਤੇ ਚਾੜ੍ਹ ਦਿੰਦੇ ਹਨ।ਸੱਤਾਂ ਮਿੰਟਾਂ ਵਿਚ ਇਕ ਇਤਿਹਾਸਕ ਅਤੇ ਖੋਜ ਭਰਪੂਰ ਲੇਖ ਪੰਜਾਬੀ ਪਾਠਕਾਂ ਮੂਹਰੇ ਪਰੋਸਿਆ ਜਾਂਦਾ ਹੈ। ਕੀ ਕੋਈ ਹੋਰ ਭਾਸ਼ਾ ਦਾ ਲੇਖਕ ਐਨੀ ਫਾਸਟ ਸਰਵਿਸ ਦੇ ਸਕਦਾ ਹੈ? ਅੰਗਰੇਜ਼ੀ ਦੇ ਕਿਸੇ ਲੇਖਕ ਨੇ ਇਹੀ ਲੇਖ ਲਿਖਣਾ ਹੁੰਦਾ ਤਾਂ ਪਹਿਲਾਂ ਉਹਨੇ ਕਿਤਾਬਾਂ ਲੱਭਣੀਆਂ ਸੀ ਜਾਂ ਗਾਇਕਾਂ ਤੋਂ ਪਤਾ ਕਰਨਾ ਸੀ ਕਿ ਤੁਸੀਂ ਗਾਈ ਜਾਂਦੇ ਹੋ, ਤੁਹਾਨੂੰ ਇਸਦੇ ਪਿਛੋਕੜ ਦਾ ਗਿਆਨ ਹੈ? ਜਾਂ ਮਹਾਨ ਕੋਸ਼ ਫਰੋਲਣੇ ਸੀ। ਖੋਜ ਕਰਦਿਆਂ ਹੋ ਸਕਦਾ ਅੰਗਰੇਜ਼ੀ ਦਾ ਲਿਖਾਰੀ ਜੁਗਨੀ ਦੀਆਂ ਪੈੜਾਂ ਲੱਭਦਾ ਭਾਰਤ, ਮੁਲਤਾਨ ਜਾਂ ਇਰਾਨ ਚਲਾ ਜਾਂਦਾ। ਪਰ ਸਾਡੇ ਪੰਜਾਬੀ ਲੇਖਕਾਂ ਕੋਲ ਐਨਾ ਸਮਾਂ ਕਿਥੇ ਹੈ? ਜਿਹੜਾ ਉਹ ਫਜ਼ੂਲ ਖਰਚਦੇ ਫਿਰਨ ਤੇ ਨਾ ਹੀ ਪੰਜਾਬੀ ਪਾਠਕਾਂ ਕੋਲ ਐਨਾ ਸਬਰ ਹੈ ਕਿ ਉਹ ਐਨਾ ਚਿਰ ਉਡੀਕਣ? 
ਡਾ: ਸਾਹਿਬ ਦਾ ਲੇਖ ਇੰਟਰਨੈਟ ’ਤੇ ਪੜ੍ਹ ਕੇ ਜੁਗਨੀ ਵਿਚਾਰੀ ਰੋ ਪੈਂਦੀ ਹੈ, ਕੁਰਾਲਉਂਦੀ ਹੈ, ਵੈਣ ਪਾਉਂਦੀ ਹੈ, “ਇਹ ਮੇਰਾ ਨਿਕਾਸ ਤੇ ਵਿਕਾਸ ਕਰਦਿਆਂ, ਮੇਰਾ ਤਾਂ ਸਤਿਨਾਸ ਹੀ ਕਰ ਸਿੱਟਿਆ ਹੈ। ਮੇਰਾ ਜਨਮਦਿਨ ਹੀ ਬਦਲ ਕੇ ਰੱਖ ਦਿੱਤਾ ਹੈ। ਦੋ ਹਜ਼ਾਰ ਸਾਲ ਤੋਂ ਵੀ ਵਡੇਰੀ ਮੇਰੀ ਉਮਰ ਨੂੰ ਬਦਲ ਕੇ ਉਨੀ ਸੌ ਛੇ ਬਣਾ ਦਿੱਤਾ? ਹਾਏ ਮੇਰਿਆਂ ਰੱਬਾ!”
ਮਾਨਯੋਗ ਡਾ: ਸਾਹਿਬ ਲੇਖ ਦਾ ਅਨਵਾਦ ਕਰਕੇ ਆਪਣੀ ਮੌਲਿਕ ਰਚਨਾ ਦਰਸਾਉਣ ਲੱਗੇ ਇਹ ਭੁੱਲ ਗਏ ਕਿ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਵੇਂ ਵਿਕੀਪੀਡੀਆ ’ਤੇ ਦਿੱਤੀ ਜਾਣਕਾਰੀ ਧੂਰ ਦਰਗਾਹੀ ਜਾਂ ਇਲਾਹੀ ਤੇ ਖੋਜ ਭਰਪੂਰ ਨਹੀਂ ਹੁੰਦੀ। ਕੋਈ ਵੀ ਲੱਲੀ-ਛੱਲੀ ਉੱਠ ਕੇ ਉਸਨੂੰ ਸੰਪਾਦਿਤ ਕਰ ਸਕਦਾ ਹੈ। ਡਾ: ਗੁਰਮੇਲ ਸਿੱਧੂ ਦਾ ਲੇਖ ਲਿਖਾਰੀ ਦੀ ਸਾਇਟ ਉੱਤੇ ਪੜ੍ਹ ਕੇ ਅਤੇ ਜੁਗਨੀ ਬਾਰੇ ਵਿਕੀਪੀਡੀਆ ਦਾ ਲੇਖ ਪੜ੍ਹ ਪਾਠਕ ਸਮਝ ਸਕਦੇ ਹਨ ਕਿ ਡਾ: ਸਾਹਿਬ ਨੇ ਇਕ ਅੱਖਰ ਪੱਲਿਉਂ ਨਹੀਂ ਲਿਖਿਆ। ਡਾ: ਸਾਹਿਬ ਇੰਟਰਨੈਟ ’ਤੇ ਲਿਖੇ ਲੇਖ ਵਾਲੀ ਤੂਤੀ ਬੋਲਦੇ ਹੋਏ ਆਖਦੇ ਹਨ ਕਿ ਅੰਗਰੇਜ਼ਾਂ ਦੇ 1906 ਵਿਚ ਜੁਬਲੀ ਮਨਾਉਣ ਤੋਂ ਪਹਿਲਾਂ ਜੁਗਨੀ ਦਾ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ।ਜ਼ਿਕਰ ਤਾਂ ਮਿਲਦਾ ਜੇ ਡਾ: ਸਾਹਿਬ ਨੇ ਕੋਈ ਕਿਤਾਬ ਫਰੋਲੀ ਹੁੰਦੀ ਜਾਂ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ। ਇੰਟਰਨੈਟ ਜ਼ਿੰਦਾਬਾਦ! ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਹੀ ਚੌਖਾ।ਅਰਬੀ ਦੇ ਹਜ਼ਾਰ ਸਾਲ ਪੁਰਾਣੇ ਗ੍ਰੰਥ ‘ਨਾਰਦ’ ਵਿਚ ਜੁਗਨੀ ਦਾ ਵਿਸਥਾਰਪੁਰਵਕ ਜ਼ਿਕਰ ਹੈ। ਡਾ: ਸਾਹਿਬ ਜੁਬਲੀ ਵਾਲੀ ਮਿਸ਼ਾਲ ਨਾਲ ਮੜ੍ਹ ਕੇ ਜੁਗਨੀ ਦਾ ਇਤਿਹਾਸਕ ਮਹੱਤਵ ਜੋੜ ਦਿੰਦੇ ਹਨ। ਇਸ ਨਾਲ ਉਹ ਜੁਗਨੀ ਦੇ ਕੁਝ ਟੱਪੇਆਂ ਦੀ ਬਣਤਰ ਉੱਤੇ ਵੀ ਟਿੱਪਣੀ ਕਰਦੇ ਹਨ। ਪਰ ਡਾ: ਸਾਹਿਬ ਨੂੰ ਟੱਪਿਆਂ ਵਿਚ ਸੰਕੇਤ ਨਜ਼ਰ ਨਹੀਂ ਆਉਂਦਾ।ਡਾ: ਸਾਹਿਬ ਸੰਕੇਤ ਦੇਖੋ:-
ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।
ਹੁਣ ਇਸ਼ਕ ਇਥੇ ਇਸ਼ਕ ਮਜ਼ਾਜੀ ਨਹੀਂ, ਇਸ਼ਕ ਹਕੀਕੀ ਵੱਲ ਇਸ਼ਾਰਾ ਹੈ। ਕੀ
ਮਿਸ਼ਾਲ ਨੂੰ ਧਾਗੇ ਲੱਗੇ ਹੁੰਦੇ ਹਨ? ਧਾਗੇ ਅੱਗ ਨਾਲ ਸੜ੍ਹਣਗੇ ਨਹੀਂ? ਇਹ ਧਾਗੇ ਉਹ ਹਨ ਜਿਸ ਵਿਚ ਤਾਵੀਜ਼ ਰੂਪੀ ਜੁਗਨੀ ਪਰੋਈ ਹੁੰਦੀ ਹੈ।
ਆਉ ਹੁਣ ਜੁਗਨੀ ਬਾਰੇ ਥੋੜਾ ਜਿਹਾ ਮੈਂ ਚਾਨਣਾ ਪਾਵਾਂ। ਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀ। ਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਪਾਇਆ ਕਰਦੇ ਸਨ। ਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨ।ਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜ਼ਿਲ ’ਤੇ ਜਾ ਕਿਆਮ ਕਰਦੇ ਸਨ। ਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇ। ਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈ। ਨਾਥਾਂ ਦੀ ਪ੍ਰੰਮਪਰਾ ਦਾ ਇਕ ਅੰਗ।ਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈ। ਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆ। ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫੀ ਸੰਪਰਦਾਏ ਦਾ ਜਨਮ ਹੋਇਆ।ਸੂਫੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨ। ਇਸ ਕਾਰਨ ਸੂਫੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆ।ਸੂਫੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆ। ਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲ੍ਹੇ ਉੱਤੇ ਬੰਨ੍ਹਣ ਲੱਗ ਪਏ।ਨਾਥਾਂ ਨਾਲੋਂ ਸੂਫੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ। ਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇ। ਜਿਹੜਾ ਸੂਫੀ ਦਰਵੇਸ਼ ‘ਮਾਰਫਤ’ ਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫਕੀਰ ਨੂੰ ਹੀ ਬਖਸ਼ਦੇ।ਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫਰ ਕਰਵਾਉਂਦੇ। ਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀ। ਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇ। ਚਿੱਲੇ ਕੱਟਦੇ।ਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾ। ਯੋਗਨੀ ਦਾ ਗੁਣਗਾਨ ਕੀਤਾ ਜਾਂਦਾ।ਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੋਸ਼ਨੀ ਪੈਦਾ ਕਰਦਾ ਹੈ। ਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ; ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀ। ਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿੱਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪਸ਼ਟ ਜ਼ਿਕਰ ਆਉਂਦਾ ਹੈ। ਖਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀ। ਅੱਜ ਵੀ ਅਜ਼ਮੇਰ ਸ਼ਰੀਫ ਜਾਵੋ ਤਾਂ ਦਰਗਾਹ ਵਿਚ ਵੜ੍ਹਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫਰੀਦ ਸਾਹਿਬ ਨੇ ਚਿੱਲਾ ਕੱਟਿਆ ਸੀ। ਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਹੈ। ਮੈਂ ਕਈ ਵਾਰ ਜਾ ਚੁੱਕਾ ਹਾਂ। ਤੁਸੀਂ ਜਾ ਕੇ ਦੇਖ ਸਕਦੇ ਹੋ। 
ਉਥੋਂ ਥੋੜ੍ਹੀ ਵਿੱਥ ’ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ ’ਤੇ ਸਥਿਤ ਹੈ। ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ। ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ। ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਤੁਸੀਂ ਅੱਜ ਵੀ ਦੇਖ ਸਕਦੇ ਹੋ। 
ਮੇਰਾ ਜੱਦੀ ਸ਼ਹਿਰ ਜਗਰਾਉਂ ਹੈ।ਪੰਜਾਬੀ ਗੀਤਾਂ ਵਿਚ ਵੀ ਇਸਦਾ ਜ਼ਿਕਰ ਆਉਂਦਾ ਹੈ:-
ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੋਸਨੀ ਭਾਰੀ
ਵੈਅਲੀਆਂ ਦਾ ’ਕੱਠ ਹੋ ਗਿਆ
ਉਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ ’ਚੋਂ ਇਕ ਬਚ’ਗੀ
ਉਹ ਚੁੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਗੋਂ ਦਾ 
ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ 
ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ 
ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ
ਜੇ ਹੁੰਦੀ ਨਾ ਪੁਲਸ ਸਰਕਾਰੀ
ਜਗਰਾਉਂ ਇਕ ਸੂਫੀ ਫਕੀਰ ਜੱਗਰਾਵ ਨੇ ਵਸਾਇਆ ਸੀ। ਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ ‘ਰੋਸਨੀ ਦਾ ਮੇਲਾ’ ਕਿਹਾ ਜਾਂਦਾ ਹੈ। ਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖਾਨਗਾਹ ਵਿਚ ਲੱਗਦਾ ਹੈ।ਇਹ ਮੇਲਾ ਜਹਾਂਗੀਰ ਦੇ ਜਗਰਾਂਉ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈ।ਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ 1840 ਤੋਂ ਜੁਗਨੀ ਗਾਈ ਜਾਂਦੀ ਹੈ। 1857 ਦੇ ਗਦਰ ਤੋਂ ਵੀ ਪਹਿਲਾਂ। ਲੱਗਦੈ ਕਦੇ ਡਾ: ਸਾਹਿਬ ਨੂੰ ‘ਛਪਾਰ ਦਾ ਮੇਲਾ’ ਦੇਖਣ ਦਾ ਅਵਸਰ ਨਹੀਂ ਮਿਲਿਆ, ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨ।ਜੁਗਨੀ ਬਾਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: 900 ਦੇਖੋ। ਇਸ ਤੋਂ ਇਲਾਵਾਂ ਹੇਠ ਲਿਖੀਆਂ ਕਿਤਾਬਾਂ ਪੜ੍ਹਣ ਦੀ ਖੇਚਲ ਕਰੋ। ਜੁਗਨੀ ਬਾਰੇ ਇਤਿਹਾਸਕ ਲੇਖ ਲਿਖਣ ਦਾ ਮਜ਼ਾ ਦੇਖਿਉ ਕਿੰਨਾ ਆਉਂਦਾ ਹੈ:-



1. Sufism by Seyyed and Llewellyn Vaughan-Lee,
2. Kashf al-Mahjûb by Hujwiri
3. The Risâla by Qushayri Hossein Nasr,
4. Sufi practices by Sunil Verma
5. The Sufi movement by Sayyid Muhammad Baba As-Samasi and Alen Gorden
6. Sufism's Many Paths by Dr. Alan Godlas, University of Georgia
7. Gorakshanath Jogis of India by Ramesh Upadiay


ਤਸਲੀਮਾ ਨਸਰੀਨ ਨੇ ਕੁਝ ਔਰਤਾਂ ਦੇ ਹੱਕਾਂ ਬਾਰੇ ਲੇਖ ਲਿਖੇ। ਉਹਨਾਂ ਲੇਖਾਂ ਦਾ ਅਨੁਵਾਦ ਕਰਕੇ ਇਕ ਹਿੰਦੀ ਦੇ ਪ੍ਰਕਾਸ਼ਕ ਨੇ ਕਿਤਾਬ ਛਾਪ ਦਿੱਤੀ, ‘ਔਰਤ ਕੇ ਹੱਕ ਮੇ’ ਉਹ ਕਿਤਾਬ ਸਾਡੀ ਇਕ ਪਟਿਆਲੇ ਦੀ ਵਿਦਵਾਨ ਡਾ: ਕੁਲਵੰਤ ਕੌਰ ਨੇ ਪੜ੍ਹੀ ਤੇ ਚੁੱਕ ਕੇ ਪੰਜਾਬੀ ਵਿਚ ਚੇਪ ਦਿੱਤੀ।ਕੁਝ ਗੱਲਾਂ ਨਾਲ ਆਪਣੇ ਧਰਮ ਨਾਲ ਸਬੰਧਤ ਕਰਕੇ ਲਿਖ ਦਿੱਤੀਆਂ ਗਈਆਂ। ਪੰਜਾਬੀ ਪਾਠਕਾਂ ਲਈ ਇਕ ਨਾਇਯਾਬ ਤੋਹਫਾ ਤਿਆਰ ਹੋ ਗਿਆ। ਸਿੱਖ ਸਾਇਕੀ ਦੀ ਵੀ ਗੱਲ ਹੋ ਗਈ। ਪੁਸਤਕ ਦਾ ਨਾਮਕਰਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੁਕ ਚੁੱਕ ਲਈ, ‘ਦੌਲਤ ਗੁਜ਼ਰਾਨ ਹੈ। ਪੁੱਤਰ ਨਿਸ਼ਾਨ ਹੈ। ਔਰਤ ਇਮਾਨ ਹੈ’ ਪੁਸਤਕ ਇੰਗਲੈਂਡ ਵਿਚ ਆ ਕੇ ਰਿਲੀਜ਼ ਕਰ ਦਿੱਤੀ ਗਈ। ਸਾਊਥਾਲ ਵਿਚ ਹੋਏ ਰਿਲੀਜ਼ ਸਮਾਹਰੋ ਵਿਚ ਇੰਗਲੈਂਡ ਦੇ ਲੇਖਕਾਂ ਦੀ ਕਰੀਮ ਦੇ ਇਕੱਠ (ਜਿਸ ਵਿਚ ਸਾਥੀ ਲੁਧਿਆਣਵੀ ਤੇ ਬਹਾਦਰ ਸਾਥੀ ਸ਼ਾਮਲ ਸਨ।) ਵਿਚ ਪੁਸਤਕ ਸਬੰਧੀ ਇੰਗਲੈਂਡ ਦੇ ਇਕ ਡਾ: ਵਿਦਵਾਨ ਗੁਰਦੀਪ ਸਿੰਘ ਜਗਬੀਰ ਨੇ ਪਰਚਾ ਪੜ੍ਹ ਦਿੱਤਾ।ਉਥੇ ਹਾਜ਼ਰ ਪਤਵੰਤਿਆਂ ਵਿਚੋਂ ਕਿਸੇ ਨੇ ਵੀ ਮੇਰੇ ਤੋਂ ਸਿਵਾਏ (ਜਾਂ ਲੇਖਿਕਾ ਡਾ: ਸਾਹਿਬਾ ਤੋਂ ਬਿਨਾ) ਦੋਨੋਂ ਪੁਸਤਕਾਂ ਨਹੀਂ ਪੜ੍ਹੀਆਂ ਸਨ।ਵਿਦਵਾਨਾਂ ਦੀਆਂ ਟਿਪਣੀਆਂ ਸ਼ੁਰੂ ਹੋ ਜਾਂਦੀਆਂ ਹਨ, “ਔਰਤ ਨੂੰ ਕਿਸੇ ਧਰਮ ਨੇ ਬਰਾਬਰ ਦਾ ਹੱਕ ਦਿੱਤਾ ਹੈ। ਜੇ ਦਿੱਤਾ ਹੈ, ਤਾਂ ਸਿਰਫ ਸਿੱਖ ਧਰਮ ਨੇ ਦਿੱਤਾ ਹੈ…।”
ਮੇਰੇ ਮਨ ਵਿਚ ਪ੍ਰਸ਼ਨ ਖੜ੍ਹੇ ਹੋ ਜਾਂਦੇ ਹਨ। ਸਿੱਖ ਧਰਮ ਨੇ ਔਰਤ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ? ਸਿੱਖਾਂ ਦੇ ਦਸ ਗੁਰੂ ਹੋਏ ਦਸ ਦੇ ਦਸ ਮਰਦ! ਪੰਜ ਪਿਆਰੇ ਪੰਜ ਦੇ ਪੰਜ ਮਰਦ! ਅੱਜ ਵੀ ਔਰਤਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ! ਅਸੀਂ ਆਪਣੇ ਧਾਰਮਿਕ ਗ੍ਰੰਥ ਵਿਚ ਭਗਤਾਂ ਦੀ ਬਾਣੀ ਲੈ ਲਈ। ਭੱਟਾਂ ਦੀ ਬਾਣੀ ਲੈ ਲਈ। ਪਰ ਕਿਸੇ ਇਕ ਔਰਤ ਦੀ ਬਾਣੀ ਨਹੀਂ।ਕੀ ਉਦੋਂ ਔਰਤਾਂ ਨੂੰ ਬਾਣੀ ਰਚਨ ਦੀ ਆਜ਼ਾਦੀ ਨਹੀਂ ਸੀ? ਪਰ ਮੀਰਾ ਬਾਈ ਤਾਂ ਉਸ ਤੋਂ ਬਹੁਤ ਪਹਿਲਾਂ ਹੋਈ ਹੈ ਤੇ ਉਹਦੀ ਬਾਣੀ ਉਪਲਵਧ ਹੈ!… ਸਾਡੇ ਦਰਬਾਰ ਸਾਹਿਬ ਵਿਚ ਔਰਤਾਂ ਨੂੰ ਕੀਰਤਨ ਦੀ ਆਗਿਆ ਦਾ ਮਸਲਾ?... ਇਹ ਵਿਦਵਾਨ ਜੋ ਕਹਿ ਰਹੇ ਨੇ ਠੀਕ ਹੀ ਕਹਿ ਰਹੇ ਹੋਣਗੇ। ਹਾਂ ਬਈ ਸਿੱਖ ਧਰਮ ਵਿਚ ਔਰਤ ਨੂੰ ਬਰਾਬਰ ਦਾ ਅਧਿਕਾਰ ਹੈ।
“ਪੜ੍ਹ ਅੱਖਰ ਇਹੋ ਬੁਝੀਏ, ਮੂਰਖ ਨਾਲ ਨਾ ਲੁਝੀਏ।”
ਸ਼ੈਕਸਪੀਅਰ ਦਾ ਓਪਹੀਲਿਆ ਨਾਂ ਦੀ ਇਕ ਨਾਟ ਮੰਡਲੀ ਦੀ ਅਦਾਕਾਰਾ ਨਾਲ ਧੂੰਆਂ-ਧਾਰ ਇਸ਼ਕ ਚੱਲਦਾ ਸੀ। ਸ਼ੈਕਸਪੀਅਰ ਦੇ ਘਰ ਦੇ ਨੇੜ੍ਹੇ ਹੀ ਕੌਪਲਟਨ ਪਰਿਵਾਰ ਦਾ ਮਹਿਲ ਸੀ। ਉਹਨਾਂ ਦੀਆਂ ਜਾਗੀਰਾਂ ਨੂੰ ਲੂਸੀ ਕੌਪਲਟਨ ਅਸਟੇਟ ਕਿਹਾ ਜਾਂਦਾ ਸੀ। ਸ਼ੈਕਸਪੀਅਰ ਦਾ ਵਿਆਹ ਹੋਣ ਵਿਚ ਇਹ ਪਰਿਵਾਰ ਬਹੁਤ ਵੱਡਾ ਅੜੀਕਾ ਬਣਿਆ ਸੀ। ਉਹਨਾਂ ਦੀ ਲੜਕੀ ਮਾਰਗਰਟ ਕੌਪਲਟਨ ਦਾ ਕਿਸੇ ਸਧਾਰਨ ਲੜਕੇ ਉੱਤੇ ਦਿਲ ਆ ਜਾਂਦਾ ਹੈ ਤੇ ਉਹ ਹਾਸੇ ਵਿਚ ਉਸ ਲੜਕੇ ਨੂੰ ਸਰਕਸ ਵਾਲੇ ਕਿਸੇ ਭਲਵਾਨ ਨਾਲ ਘੁਲਣ ਨੂੰ ਆਖਦੀ ਹੈ ਤੇ ਮੁਕਾਬਲੇ ਵਿਚ ਉਹ ਲੜਕਾ ਮਾਰਿਆ ਜਾਂਦਾ ਹੈ।ਮਾਰਗਰਟ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤੇ ਉਹ ਡੁੱਬ ਕੇ ਮਰ ਜਾਂਦੀ ਹੈ।ਇਸ ਗੱਲ ਉੱਤੇ ਕੌਪਲਟਨ ਪਰਿਵਾਰ ਆਪਣੇ ਅਸਰ ਰਸੂਖ ਨਾਲ ਮਿੱਟੀ ਪਾ ਲੈਂਦਾ ਹੈ। ਸ਼ੈਕਸਪੀਅਰ ਦਾ ਵਿਆਹ ਐਨ ਹੈਥਵੇਅ ਨਾਲ ਹੋ ਜਾਂਦਾ ਹੈ।ਐਨ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਵਰਗੀ ਹੁੰਦੀ ਹੈ, ਉਸਨੂੰ ਸ਼ੈਕਸਪੀਅਰ ਦੇ ਰਚੇ ਸਾਹਿਤ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ।ਸ਼ੈਕਸਪੀਅਰ ਆਪਣੀ ਹਰ ਰਚਨਾ ਮੁਕੰਮਲ ਕਰਨ ਬਾਅਦ ਆਪਣੇ ਜ਼ਿਹਨ ਨੂੰ ਖਾਲੀ ਕਰਨ ਲਈ ਰੱਜ ਕੇ ਜੱਟਾਂ ਵਾਂਗ ਸ਼ਰਾਬ ਪੀਂਦਾ ਤੇ ਕਈ ਕਈ ਦਿਨ ਬੇਸੁਰਤ ਰਹਿੰਦਾ ਸੀ। ਕਈ ਵਾਰ ਤਾਂ ਉਸਨੂੰ ਘੋੜਾਗੱਡੀ ’ਤੇ ਲੱਧ ਕੇ ਉਸਦੇ ਘਰ ਦੇ ਨਜ਼ਦੀਕ ਬਣੇ ਸ਼ਰਾਬਖਾਨੇ ‘ਡਨ ਕਾਉ’ ਵਿਚੋਂ ਦੋਸਤ ਘਰ ਛੱਡਕੇ ਆਉਂਦੇ ਹੁੰਦੇ ਸੀ।ਉਦੋਂ ਸ਼ਰਾਬਖਾਨਿਆਂ ਨੂੰ ਪਬਲਿਕ ਹਾਉਸ ਕਿਹਾ ਜਾਂਦਾ ਸੀ। ਇਸੇ ਪਬਲਿਕ ਹਾਉਸ ਨੂੰ ਸੰਖੇਪ ਕਰ ਕੇ ਮੌਜੂਦਾ ਪੱਬ ਸ਼ਬਦ ਈਜ਼ਾਦ ਹੋਇਆ ਹੈ। ਬਹਰਹਾਲ, ਇਕ ਵਾਰ 1585 ਵਿਚ ਸ਼ੈਕਸਪੀਅਰ ਨੇ ਤੜਕ ਸਾਰ ਇਕ ਨਾਟਕ ਮੁਕੰਮਲ ਕਰ ਲਿਆ। ਉਸ ਤੋਂ ਬਾਅਦ ਆਦਤਨ ਉਸਨੂੰ ਸ਼ਰਾਬ ਪੀਣ ਦੀ ਤਲਬ ਹੋਈ। ਘਰੇ ਆਇਰਸ਼ ਘਰ ਦੀ ਕੱਢੀ ਦੀ ਬੋਤਲ ਪਈ ਸੀ। ਉਹਨੂੰ ਪੀਂਦਿਆਂ ਕਿਤੇ ਸ਼ੈਕਸਪੀਅਰ ਨੂੰ ਮਾਰਗਰਟ ਦਾ ਖਿਆਲ ਆ ਗਿਆ। ਉਹ ਜਾ ਕੇ ਕੌਪਲਟਨ ਹਾਊਸ ਮੂਹਰੇ ਅੰਮ੍ਰਿਤ ਵੇਲੇ ਗਾਲ੍ਹਾਂ ਕੱਢ ਕੇ ਆਪਣੀ ਭੜਾਸ ਕੱਢਣ ਲੱਗ ਪਿਆ।ਮਹਿਲ ਦੇ ਦਰਵਾਜ਼ੇ ਮੂਹਰੇ ਇਕ ਖਰਗੋਸ਼ ਭੱਜਿਆ ਫਿਰਦਾ ਸੀ। ਸ਼ੈਕਸਪੀਅਰ ਨੇ ਉਹ ਫੜ੍ਹ ਲਿਆ ਤੇ ਘਰੇ ਆ ਕੇ ਭੁੰਨ੍ਹ ਕੇ ਮੀਟ ਬਣਾ ਲਿਆ।ਕੌਪਲਟਨ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹਨਾਂ ਨੇ ਅਦਾਲਤੀ ਕਾਰਵਾਈ ਕਰਕੇ ਸ਼ੈਕਸਪੀਅਰ ਨੂੰ ਜੁਰਮਾਨਾ ਕਰਵਾ ਦਿੱਤਾ। ਉਸ ਉਪਰੰਤ ਸ਼ੈਕਸਪੀਅਰ ਦੀਆਂ ਬਦਤਮੀਜ਼ੀਆਂ ਤੋਂ ਤੰਗ ਆ ਕੇ ਉਹਨਾਂ ਨੇ ਸ਼ੈਕਸਪੀਅਰ ਨੂੰ ਆਨੇ-ਬਹਾਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਜ਼ਬੂਰਨ ਸ਼ੈਕਸਪੀਅਰ ਨੂੰ ਸਟੈਟਫਰਡ ਛੱਡਣਾ ਪਿਆ। ਪਰ ਉਹਨੇ ਪਿਉ ਦੇ ਪੁੱਤ ਨੇ ਫਿਰ ਆਪਣੀਆਂ ਰਚਨਾਵਾਂ ਵਿਚ ਇਸ ਲੂਸੀ ਕੌਪਲਟਨ ਪਰਿਵਾਰ ਦੀ ਉਹ ਮਿੱਟੀ ਪਲੀਤ ਕੀਤੀ ਰਹੇ ਰੱਬ ਦਾ ਨਾਂ।ਨਮੂਨਾ ਦੇਖੋ:-


A Parliament member, a Justice of the Peace,
At home a poor scarecrow, in London an ass;
If lousy is Lucy, as some folk miscall it,
Then Lucy is lousy, whatever befall it.
He think himself great,
Yet an ass in his state
We allow by his ears
With but asses to mate.

ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਵਿਚ ਸ਼ੈਕਸਪੀਅਰ ਨੇ ਐਨਾ ਕੁਝ ਲਿਖਿਆ ਹੈ ਕਿ ਉਸਦਾ ਸਹੀ ਤਰਜ਼ਮਾ ਪੰਜਾਬੀ ਵਿਚ ਕਰੀਏ ਤਾਂ ਉਹ ਲਿਖਣ ਤੇ ਛਾਪਣਯੋਗ ਨਹੀਂ। ਉਹ ਕਿੱਸੇ ਯਾਰਾਂ ਦੋਸਤਾਂ ਦੀ ਢਾਣੀ ਵਿਚ ਬੈਠ ਕੇ ਚੁਟਖਾਰੇ ਲੈ ਕੇ ਸੁਣਾਏ ਜਾ ਸਕਦੇ ਹਨ।

ਸਾਡੇ ਪੰਜਾਬੀ ਲੇਖਕ ਵੀ ਅਜਿਹੇ ਕੰਮਾਂ ਵਿਚ ਪਿਛੇ ਨਹੀਂ ਰਹੇ।ਕੋਈ ਸੱਪ ਦੀ ਪੂਛ ਉੱਤੇ ਤਾਂ ਪੈaਰ ਰੱਖ ਕੇ ਸੱਪ ਤੋਂ ਤਾਂ ਬਚ ਸਕਦਾ ਹੈ। ਪਰ ਪੰਜਾਬੀ ਲੇਖਕ ਤੋਂ ਨਹੀਂ।ਪੰਜਾਬੀ ਲੇਖਕ ਤਾਂ ਤੁਰੇ ਫਿਰਦੇ ਪ੍ਰਮਾਣੂ ਬੰਬ ਹਨ। ਇਕ ਪੰਜਾਬੀ ਗੀਤਕਾਰ ਦੀ ਗੁਆਡੀਆਂ ਨਾਲ ਨਹੀਂ ਸੀ ਬਣਦੀ।ਉਹਨੇ ਗੀਤਾਂ ਵਿਚ ਉਹਨਾਂ ਦੀ ਕੁੜੀ ਦਾ ਨਾਮ ਤੱਕ ਲਿਖ ਕੇ ਐਨੀ ਜੱਖਣਾ ਪੱਟੀ ਕਿ ਵਿਚਾਰਿਆਂ ਦੀ ਕੁੜੀ ਦਾ ਪੱਕਾ ਹੋਇਆ ਰਿਸ਼ਤਾ ਟੁੱਟ ਗਿਆ ਤੇ ਫਿਰ ਜਿਹੜਾ ਸਾਕ ਹੋਣ ਲੱਗਿਆ ਕਰੇ। ਆਡੋਂ-ਗੁਆਡੋਂ ਲੜਕੀ ਵਾਲਿਆਂ ਬਾਰੇ ਪੁੱਛ-ਪੜਤਾਲ ਕਰਕੇ ਪੂਠੇ ਪੈਰੀਂ ਮੁੜ ਜਾਇਆ ਕਰੇ। ਅੱਕ ਕੇ ਵਿਚਾਰਿਆਂ ਸ਼ਹਿਰ ਛੱਡ ਦਿੱਤਾ ਆਪਣੇ ਪਿੰਡ ਰਹਿ ਕੇ ਆਪਣੀ ਲੜਕੀ ਵਿਆਹੀ।

ਬਾਕੀ ਅਗਲੇ ਹਫ਼ਤੇ....

Print this post

No comments: