ਪੰਜਾਬੀ ਦੇ ਚਮਤਕਾਰੀ ਲੇਖਕ (ਕਿਸ਼ਤ 2)

ਰਾਮ ਸਰੂਪ ਅਣਖੀ ਦਾ ਨਾਵਲ ‘ਕੋਠੇ ਖੜਕ ਸਿੰਘ’ ਛਪਿਆ ਤਾਂ ਪੰਜਾਬੀ ਸਾਹਿਤ ਵਿਚ ਇਕ ਹਨੇਰੀ ਜਿਹੀ ਆ ਗਈ। ਅਣਖੀ ਸਾਹਿਤ ਜਗਤ ਵਿਚ ਸਥਾਪਿਤ ਹੋ ਗਿਆ। ਮਾਲਵੇ ਦੇ ਸਾਹਿਤ ਵਿਚ ਪਹਿਲੀ ਵਾਰ ਕਿਸੇ ਨੇ ‘ਰੋਪ ਐਂਡ ਨੌਟਸ’ ਤਕਨੀਕ ਵਰਤੀ ਸੀ। ਪਾਠਕ ਕਹਾਣੀ ਦੇ ਰੱਸਾ ਦਾ ਇਕ ਸਿਰਾ ਫੜ੍ਹਦਾ ਹੈ ਤਾਂ ਰਹੱਸ ਦੀ ਗੰਢ ਆ ਜਾਂਦੀ ਹੈ। ਪਾਠਕ ਪੜ੍ਹਦਿਆਂ ਇਕ ਗੰਢ ਖੋਲ੍ਹਦਾ ਤਾਂ ਅੱਗੇ ਦੂਜੀ ਆ ਜਾਂਦੀ। ਜੋਸ਼ ਵਿਚ ਆ ਕੇ ਅਣਖੀ ਨਿੱਕੀਆਂ ਕਹਾਣੀਆਂ ਲਿਖਣ ਲੱਗ ਪਿਆ। ਉਸ ਦੀ ਚਰਚਾ ਹੋਣ ਲੱਗੀ।ਉਸਨੇ ਪੰਜਾਬੀ ਕਹਾਣੀ ਵਿਚ ਇਕ ਨਵਾਂ ਟਰੈਂਡ ਸ਼ੁਰੂ ਕਰ ਦਿੱਤਾ। ਬੱਸ ਵਿਚ ਬੈਠੋ।ਲੁਧਿਆਣੇ ਤੋਂ ਥਰੀਕੇ ਜਾਂ ਦਾਖੇ-ਮੁਲਾਪੁਰ ਤੋਂ ਚੌਂਕੀਮਾਨ। ਕਹਾਣੀ ਪੜ੍ਹਨੀ ਸ਼ੁਰੂ ਕਰੋ, ਅੱਗਲੇ ਅੱਡੇ ਤੱਕ ਕਹਾਣੀ ਖਤਮ। ਫਿਰ ਅਣਖੀ ਦੇ ਨਾਵਲ ‘ਪਰਤਾਪੀ’ ਨੇ ਉਸਨੂੰ ਹੋਰ ਪ੍ਰਸਿੱਧ ਕਰ ਦਿੱਤਾ।‘ਪਰਤਾਪੀ’ ਉੱਤੇ ਫਿਲਮ ਵੀ ਬਣੀ। ਅਣਖੀ ਫਿਲਮ ਦੇਖ ਕੇ ਖਿਝਿਆ ਬੜਾ, ਮੈਂ ਫਿਲਮ ਦੀ ਪ੍ਰਸੰਸਾ ਕੀਤੀ ਤਾਂ ਬੋਲਿਆ, “ਹਾਂ, ਸਾਲਿਆਂ ਨੇ ਪਾਣੀ ਪਾ’ਤਾ। ਸਤਿਆਨਾਸ ਮਾਰ’ਤਾ ਪਰਤਾਪੀ ਦਾ।” ਲੇਕਿਨ ਅਣਖੀ ਲਿਖ ਲਿਖ ਧੂੜਾਂ ਪੱਟਣ ਲੱਗ ਪਿਆ। ਪਾਠਕ ਉਸ ਦੀ ਨਵੀਂ ਰਚਨਾ ਉਡੀਕਦੇ। ਕੁਝ ਸਾਲ ਬਾਅਦ ਪੰਜਾਬੀ ਕਹਾਣੀ ਨੂੰ ਉਸਨੇ ਇਕ ਹੋਰ ਦੇਣ ਦਿੱਤੀ। ਤ੍ਰੈਮਾਸਿਕ ਸਾਹਿਤਕ ਮੈਗਜ਼ੀਨ ‘ਕਹਾਣੀ ਪੰਜਾਬ’ ਕੱਢਕੇ।‘ਕਹਾਣੀ ਪੰਜਾਬ’ ਦਿਨਾਂ ਵਿਚ ਪੈਰ ਲਾ ਗਿਆ।ਪਰ ਇਹਦੇ ਰੁਝੇਵੇਂ ਨਾਲ ਅਣਖੀ ਦੇ ਲਿਖਣ ’ਤੇ ਅਸਰ ਪੈ ਗਿਆ।ਉਸਨੂੰ ਖੁਸ਼ੀ ਸੀ ਕਿ ਚੱਲ ਬਥੇਰਾ ਲਿਖ ਲਿਆ ਹੈ। ਸੁਰਖੀਆਂ ਵਿਚ ਹੀ ਰਹਿਣਾ ਹੈ।ਹੁਣ ਉਹੀ ਗੱਲ ‘ਕਹਾਣੀ ਪੰਜਾਬ’ ਰਾਹੀਂ ਬਣੀ ਜਾ ਰਹੀ ਹੈ। ਜਿਨ੍ਹਾਂ ਚਿਰ ਕੋਈ ਕਹਾਣੀਕਾਰ ‘ਕਹਾਣੀ ਪੰਜਾਬ’ ਵਿਚ ਨਾ ਛਪਦਾ ਤਾਂ ਉਸਨੂੰ ਸਥਾਪਿਤ ਕਹਾਣੀਕਾਰ ਨਹੀਂ ਸੀ ਮੰਨਿਆ ਜਾਂਦਾ। ਅਣਖੀ ਨੇ ਲੱਭ ਲੱਭ ਨਵੇਂ ਤੇ ਅਣਗੌਲੇ ਕਹਾਣੀਕਾਰ ਛਾਪੇ, ਜੋ ਇਕੋ ਹੀ ਕਹਾਣੀ ਨਾਲ ਚਰਚਾ ਫੜ੍ਹ ਜਾਂਦੇ।ਅਣਖੀ ਨੇ ਜਿਥੇ ਮਨਮੋਹਨ ਬਾਵਾ, ਪ੍ਰਗਟ ਸਿੱਧੂ ਵਰਗੇ ਬਜ਼ੁਰਗ ਕਹਾਣੀਕਾਰਾਂ ਨੂੰ ਚਰਚਿਤ ਕਰਵਾਇਆ, ਉਥੇ ਮੇਰੇ, ਜਤਿੰਦਰ ਹੰਸ ਅਤੇ ਜਸਵੀਰ ਰਾਣੇ ਵਰਗੇ 23-24 ਸਾਲਾਂ ਦੇ ਨੌਜਵਾਨ ਕਹਾਣੀਕਾਰਾਂ ਦੇ ਘਰੀਂ ਜਾ ਕਹਾਣੀਆਂ ਲਿਖਵਾਈਆਂ ਤੇ ਕਿਹਾ ਆਉ ਦੱਸੀਏ ਪੰਜਾਬੀ ਕਹਾਣੀ ਕਿਥੇ ਖੜ੍ਹੀ ਹੈ। ਮੈਥੋਂ ਧੱਕੇ ਨਾਲ ਕਹਾਣੀ ਉਦੋਂ ਲਿਖਵਾਈ ਜਦੋਂ ਮੇਰੀ ਮਾਨਸਿਕਤਾ ਖੰਡਤ ਸੀ।ਅਣਖੀ ਮੇਰੇ ਨਾਲ ਫੋਨ ’ਤੇ ਲੜਿਆ, “ਤੇਰੀ ਕਹਾਣੀ ਕਦੇ ਕਹਾਣੀ ਪੰਜਾਬ ਨੂੰ ਕਿਉਂ ਨਹੀਂ ਆਈ?”

“ਅਣਖੀ ਜੀ, ਮੈਂ ਥੋੜ੍ਹਾ ਜਿਹਾ ਗਰਮ ਲਿਖਦਾਂ। ਮੇਰੀ ਕਹਾਣੀ ਐਡੇ ਵੱਡੇ ਮੈਗਜ਼ੀਨ ਵਿਚ ਕਿਵੇਂ ਛਪ ਸਕਦੀ ਹੈ?”
“ਸਿਰਜਣਾ, ਅਕਸ, ਕਥਾ ਸਾਗਰ ਤੇ ਜੱਗਬਾਣੀ ਵਿਚ ਕਿਵੇਂ ਛਪਦੀਆਂ? ਤੂੰ ਅੱਜ ਹੀ ਨਵੀਂ ਕਹਾਣੀ ਲਿਖ? ਸੈਕਸ ਦੇ ਵਰਣਨ ਦੀ ਤੈਨੂੰ ਖੁੱਲ੍ਹ ਹੈ। ਪਰ ਰੱਖੀ ਸਹਿੰਦੀ ਸਹਿੰਦੀ ਜਿਹੀ ਪਤੰਦਰਾ। ਲਾਇਬਰੇਰੀਆਂ ਤੇ ਯੂਨੀਵਰਿਸਟੀਆਂ ਨੂੰ ਆਪਣਾ ਪਰਚਾ ਜਾਦੈ। ਸਾਲ ਵਿਚ ਇਕ ਵਾਰੀ ਮਨਮੋਹਨ ਬਾਵੇ ਤੇ ਵੀਨਾ ਵਰਮਾ ਨੂੰ ਛਾਪਦਾਂ।ਤੀਜਾ ਨਾਮ ਤੇਰਾ ਹੋਉ। ਤੇਰੀ ਕਹਾਣੀ ਕਲਾ ਦਾ ਮੈਂ ਲੋਹਾ ਮਨਵਾ ਦਿਉਂ। ਤੈਨੂੰ ਖੜ੍ਹਾ ਕਰਨੈ ਆਪਾਂ।”
ਅਣਖੀ ਦੀ ਹੱਲਾਸ਼ੇਰੀ ਵਿਚ ਆ ਕੇ ਮੈਂ ਉਸੇ ਰਾਤ ਕਹਾਣੀ ਲਿਖੀ। ਕਹਾਣੀ ਪੰਜਾਬ ਵਿਚ ਜਦੋਂ ਛਪੀ ਤਾਂ ਮੈਨੂੰ 52 ਚਿੱਠੀਆਂ ਆਈਆਂ। ਵੱਡੇ ਵੱਡੇ ਕਹਾਣੀਕਾਰਾਂ, ਡਾਕਟਰਾਂ ਆਲੋਚਕਾਂ ਦੀਆਂ ਤੇ ਪਾਠਕਾਂ ਦੀਆਂ। ਯੂਨੀਵਰਸਿਟੀ ਕਾਲਜ਼ਾਂ ਦੇ ਮੁੰਡੇ ਕੁੜੀਆਂ ਦੀਆਂ। ਨਾਭੇ ਜੇਲ੍ਹ ਦੇ ਕੈਦੀਆਂ ਦੀਆਂ।ਇਕ ਕੁੜੀ ਨੇ ਤਾਂ ਵੇਗ ਵਿਚ ਆ ਕੇ ਮੇਰੀ ਕਹਾਣੀ ਨਾਲੋਂ ਵੀ ਲੁੱਚੀ ਪਿਆਰ ਭਰੀ 18 ਸਫਿਆਂ ਦੀ ਮੈਨੂੰ ਚਿੱਠੀ ਲਿਖੀ।ਮੇਰੀ ਕਹਾਣੀ ਵਿਚਲੀਆਂ ਉਹ ਗੱਲਾਂ ਉਭਾਰੀਆਂ ਜੋ ਖੁਦ ਮੈਨੂੰ ਵੀ ਨਹੀਂ ਸੀ ਪਤਾ ਤੇ ਨਾ ਹੀ ਕੋਈ ਮਾਈ ਦਾ ਲਾਲ ਆਲੋਚਕ ਉਹ ਨੁਕਤੇ ਫੜ੍ਹ ਸਕਦਾ ਹੈ। ਮੈਂ ਹੈਰਾਨ ਰਹਿ ਗਿਆ।
ਸਾਡੇ ਨਵੇਂ ਪੋਚ ਦੇ ਨੌਜਵਾਨ ਕਹਾਣੀਕਾਰਾਂ ਵਿਚੋਂ ਜਦੋਂ ਜਸਵੀਰ ਰਾਣੇ ਦੀ ਕਹਾਣੀ ਛਪੀ ਤਾਂ ਕਈ ਵੱਡੇ ਵੱਡੇ ਮਹਾਂਰਥੀ ਮੂਧੇਮੂੰਹ ਡਿੱਗ ਪਏ।ਜਸਵੀਰ ਦੀ ਕਹਾਣੀ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕਹਾਣੀ ਲਿਖਣੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹਦੇ ਬਰਾਬਰ ਦੀ ਕਹਾਣੀ ਲਿਖਣਾ ਕਿਸੇ ਦੇ ਬਸ ਦਾ ਰੋਗ ਨਹੀਂ। ਕਈ ਕਹਾਣੀਕਾਰਾਂ ਮਖੌਲ ਵਿਚ ਅਣਖੀ ਨੂੰ ਇਹ ਵੀ ਕਹਿ ਜਾਂਦੇ, “ਅਣਖੀ ਤੈਨੂੰ ਹਟਾਉਣ ਪੈਣੈ। ਨਵੇਂ ਨਵੇਂ ਤੀਰ ਛੱਡੀ ਜਾਨੈ। ਪਾੜ੍ਹਨੈ ਸਾਨੂੰ।”
ਕੁਝ ਵਰ੍ਹੇ ਬੀਤਣ ਬਾਅਦ ਅਣਖੀ ਦੇ ਦਿਮਾਗ ਵਿਚ ਆਇਆ ਕਿ ਯਾਰ ਲੋਕਾਂ ਦੀ ਚਰਚਾ ਕਰਵਾਈ ਜਾਂਦੇ ਹਾਂ। ਹੁਣ ਤਾਂ ਸਮਾਂ ਬਹੁਤ ਹੋ ਗਿਆ। ‘ਕੋਠੇ ਖੜਕ ਸਿੰਘ’ ਵਾਲਾ ਨਸ਼ਾ ਜਿਹਾ ਲਹਿੰਦਾ ਜਾਂਦੈ। ਕੁਝ ਨਵਾਂ ਕਰੀਏ।ਪਰ ਹੋਵੇ ‘ਕੋਠੇ ਖੜਕ ਸਿੰਘ’ ਵਾਲੀ ਗੱਲ। ਹੁਣ ਤਾਂ ਆਪਣਾ ਕਰਾਂਤੀ ਪਾਲ ਵੀ ਸਥਾਪਿਤ ਹੋ ਗਿਆ ਹੈ। ‘ਕਹਾਣੀ ਪੰਜਾਬ’ ਦਾ ਪਲੇਟ ਫਾਰਮ ਵੀ ਹੈ ਤੇ ਪੰਜ ਸੱਤ ਚੋਟੀ ਦੇ ਆਲੋਚਕ ਵੀ ਗੋਡੇ ਫੜ੍ਹਦੇ ਨੇ। ਅਣਖੀ ਨੇ ‘ਕੋਠੇ ਖੜਕ ਸਿੰਘ’ ਨੂੰ ਮੌਡਰਨ ਟਰੀਟਮੈਂਟ ਦੇ ਕੇ ਦੁਬਾਰਾ ਲਿਖ ਦਿੱਤਾ ਤੇ ਇੰਝ ਨਵਾਂ ਨਾਵਲ ਪਾਠਕਾਂ ਦੇ ਹੱਥ ਵਿਚ ਸੀ।ਇਕ ਵਾਰ ਮੈਂ ਇੰਟਰਵਿਊ ਕਰਦਿਆਂ ਪੁੱਛ ਬੈਠਾ, “ਅਣਖੀ ਸਾਹਿਬ ਇਹ ‘ਕੋਠੇ ਖੜਕ ਸਿੰਘ’ ਨੂੰ ਨਵੇਂ ਲਿਫਾਫੇ ਵਿਚ ਪਾਉਣ ਦੀ ਕੀ ਲੋੜ੍ਹ ਪੈ ਗਈ ਸੀ?”
ਅਣਖੀ ਨੇ ਜੁਆਬ ਦਿੱਤਾ, “ਯਾਰ ਉਦੋਂ ਦੋ ਕੁ ਗੱਲਾਂ ਰਹਿਗੀਆਂ ਸੀ ਲਿਖਣ ਵਾਲੀਆਂ।ਨਾਲੇ ਪਾਠਕਾਂ ਨੂੰ ਨਵਾਂ ਨਾਵਲ ਵੀ ਤਾਂ ਦੇਣਾ ਸੀ। ਨਿੱਤ ਨਵਾਂ ਸੌਦਾ ਕਿਥੋਂ ਕੱਢੀ ਜਾਈਏ? ਪਰ ਤੂੰ ਇਹ ਇੰਟਰਵਿਉ ਵਿਚ ਲਿਖਣਾ ਨ੍ਹੀਂ।”
ਅਣਖੀ ਦੇ ਪਾਤਰ ਗੇਲੋ, ਗਿੰਦਰ, ਦੁੱਲਾ, ਹਰਨਾਮੀ, ਅਰਜਨ, ਚਰਨਦਾਸ, ਨੰਦ ਕੁਰ, ਮੀਤੋ, ਜੀਤੋ, ਮੱਲਣ, ਸਰਦਾਰੋ, ਸੱਜਣ, ਪੁਸ਼ਪਿੰਦਰ, ਮੁਕੰਦ, ਮੈਂਗਲ, ਜਲ ਕੁਰ, ਗ੍ਹੀਰਾ, ਚੰਦ ਲੁੱਧੜ ਆਦਿ ਤੁਹਾਨੂੰ ਆਮ ਜਨਜੀਵਨ ਵਿਚ ਤੁਰੇ ਫਿਰਦੇ ਰੋਜ਼ ਲੱਭਦੇ ਹਨ, ਪਰ ਕੋਠੇ ਖੜਕ ਸਿੰਘ, ਪਰਤਾਪੀ, ਹਮੀਰਗੜ੍ਹ ਅਤੇ ਦੁੱਲੇ ਦੀ ਢਾਬ ਪੜ੍ਹਦਿਆਂ ਰਚਨਾਵਾਂ ਦਾ ਨਿਖੇੜਾ ਕਰਨ ਲਈ ਪਾਠਕ ਨੂੰ ਦਿਮਾਗ ਦੀਆਂ ਨਸ਼ਾਂ ਉੱਤੇ ਜ਼ੋਰ ਪਾਉਣਾ ਪੈਂਦਾ ਹੈ।
ਅਣਖੀ ਦੂਜੀ ਵਾਰ ਇੰਗਲੈਂਡ ਆਇਆ ਤਾਂ ਮੇਰੇ ਘਰੇ ਰਾਤ ਨੂੰ ਬੈਠਿਆਂ ਉਹਨੇ ਆਪਣੇ ਬੈਗ ਵਿਚੋਂ ਆਪਣੇ ਕਹਾਣੀ ਸੰਗ੍ਰਹਿ ਦੀ ਪੰਜ ਸੌ ਤੋਂ ਵੱਧ ਸਫਿਆਂ ਦੀ ਸੈਂਚੀ ‘ਚਿੱਟੀ ਕਬੂਤਰੀ’ ਮੈਨੂੰ ਭੇਂਟ ਕਰਦਿਆਂ ਕਿਹਾ, “ਇਹ ਤੈਨੂੰ ਮੇਰੇ ਵੱਲੋਂ ਤੋਹਫੈ। ਮੇਰੇ ਕੋਲ ਇਕ ਹੀ ਕਾਪੀ ਸੀ। ਇੰਡੀਆਂ ਤੋਂ ਆਉਣ ਲੱਗਿਆ ਮੈਂ ਇਹ ਸੋਚ ਕੇ ਲਿਆਇਆ ਸੀ ਕਿ ਇਹ ਮੈਂ ਉਹਨੂੰ ਦੇਉਂਗਾ, ਜਿਹੜਾ ਮੈਨੂੰ ਵਧੀਆ ਪਾਠਕ ਲੱਗਿਆ।”
ਸਵੇਰ ਹੋਈ ਤਾਂ ਮੈਂ ਚਾਹ ਲੈ ਕੇ ਅਣਖੀ ਕੋਲ ਗਿਆ ਤਾਂ ਉਹ ‘ਚਿੱਟੀ ਕਬੂਤਰੀ’ ਚੁੱਕੀ ਨਿਹਾਰੀ ਜਾ ਰਿਹਾ ਸੀ।
“ਇਹ ਮੇਰੀਆਂ ਸਾਰੀਆਂ ਚੋਣਵੀਆਂ ਕਹਾਣੀਆਂ ਦੀ ਕਿਤਾਬ ਹੈ। ਭਾਪਾ ਪ੍ਰੀਤਮ ਸਿੰਘ ਤੇ ਮੈਂ ਇਸ ’ਤੇ ਬੜੀ ਮਿਹਨਤ ਕੀਤੀ ਹੈ। ਪੜ੍ਹੀਂ ਜ਼ਰੂਰ।”
“ਮੈਂ ਰਾਤ ਹੀ ਪੜ੍ਹ ਲਈ ਸੀ।”
“ਹੈਂਅ ਐਡੀ ਛੇਤੀ ਕਿਵੇਂ?”
“ਮੇਰੀ ਸਪੀਡ ਬਹੁਤ ਹੈ। ਮੈਂ ਤਿੰਨ ਸੌ ਸਫੇ ਦੀ ਕਿਤਾਬ ਇਕ ਘੰਟੇ ਵਿਚ ਪੜ੍ਹ ਲੈਂਦਾ ਹਾਂ ਤੇ ਫਿਰ ਉਸ ਕਿਤਾਬ ਬਾਰੇ ਮੈਥੋਂ ਜੋ ਮਰਜੀ ਪੁੱਛ ਲਉ।”
ਅਣਖੀ ਹੈਰਤਅੰਗੇਜ਼ ਹੋ ਗਿਆ, “ਫੇਰ ਤਾਂ ਤੈਨੂੰ ਗਿਨਿਸ ਬੁੱਕ ਵਿਚ ਨਾਮ ਲਿਖਵਾਉਣਾ ਚਾਹੀਦੈ।”
“ਲਿਖਵਾਵਾਂਗੇ। ਮੌਜੂਦਾ ਰਿਕਾਰਡ 316 ਸਫੇ ਇਕ ਘੰਟਾ 23 ਮਿੰਟ ਵਿਚ ਪੜ੍ਹਨ ਦਾ ਹੈ। ਮੈਂ ਸਟੈਮਨਾ ਬਣਾ ਰਿਹਾ ਹਾਂ ਤੇ ਉਦਣ ਰਿਕਾਰਡ ਬਣਾ ਕੇ ਦਰਜ਼ ਕਰੂੰ, ਜਦੋਂ ਮੈਨੂੰ ਯਕੀਨ ਹੋ ਗਿਆ ਕਿ ਮੇਰਾ ਰਿਕਾਰਡ ਮੇਰੇ ਜਿਉਂਦੇ ਜੀਅ ਕਿਸੇ ਤੋਂ ਟੁੱਟੇ ਨਾ।” 
“ਪੂਰੇ ਛੇ ਮਹੀਨੇ ਲਾ ਕੇ ਮੈਂ ਖੁਦ ਇਸਦੇ ਪਰੂਫ ਪੜ੍ਹੇ ਨੇ। ਇਸ ਵਿਚ ਇਕ ਵੀ ਗਲਤੀ ਨਹੀਂ।”
“ਅਣਖੀ ਜੀ, ਇਹਦੇ ਤਤਕਰਾ ਪੰਨੇ ’ਤੇ ਇਕ ਕਹਾਣੀ ਦਾ ਨਾਮ ਜੋ ਲਿਖਿਆ ਹੈ। ਅੰਦਰ ਅਸਲ ਪੰਨੇ ਉਤੇ ਸਿਰਲੇਖ ਕੁਝ ਹੋਰ ਹੈ ਤੇ ਕਹਾਣੀ ਕੋਈ ਹੋਰ ਹੈ। ਬਾਕੀ ਗਲਤੀਆਂ ਵੀ ਮੈਂ ਅੰਡਰਲਾਇਨ ਕਰ ਦਿੱਤੀਆਂ ਦੇਖ ਲਉ।”
“ਅੱਛਾ? ਇਹ ਕਿਵੇਂ ਹੋ ਗਿਆ।” ਅਣਖੀ ਦੇ ਮੂੰਹ ਵਿਚੋਂ ਚਾਹ ਦੀ ਘੁੱਟ ਬਾਹਰ ਆਉਂਦੀ ਆਉਂਦੀ ਮਸਾਂ ਬਚੀ। ਅਣਖੀ ‘ਚਿੱਟੀ ਕਬੂਤਰੀ’ ਚੁੱਕੀ ਕਿੰਨਾ ਚਿਰ ਗਲਤੀਆਂ ਦਾ ਮਾਤਮ ਮਨਾਉਂਦਾ ਰਿਹਾ।
ਮੈਂ ਬਰਨਾਲੇ ਗਿਆ ਤੇ ਸੋਚਿਆ ਕਿਉਂ ਨਾ ਅਣਖੀ ਨੂੰ ਮਿਲ ਚੱਲੀਏ? ਕੱਚਾ ਕਾਲਜ ਰੋਡ ’ਤੇ ਮੈਂ ਅਣਖੀ ਦੇ ਘਰ ਗਿਆ।ਅਣਖੀ ਕੁਰਸੀ ’ਤੇ ਬੈਠਾ ਚਾਰ ਪੰਜ ਸਫਿਆਂ ਦਾ ਲੇਖ ਪੜ੍ਹੀ ਜਾਵੇ ਜੋ ਉਸ ਨੂੰ ਮੇਰੇ ਤੋਂ ਪਹਿਲਾਂ ਸਾਡੇ ਇੰਗਲੈਂਡ ਦਾ ਹੀ ਇਕ ਪ੍ਰਸਿਧ ਲੇਖਕ ‘ਕਹਾਣੀ ਪੰਜਾਬ’ ਵਿਚ ਛਪਣ ਲਈ ਦੇ ਕੇ ਗਿਆ ਸੀ।ਮੈਂ ਪੁੱਛ ਲਿਆ, “ਕੀ ਪੜ੍ਹਦੇ ਸੀ?” ਅਣਖੀ ਨੇ ਮੈਨੂੰ ਉਸ ਲੇਖਕ ਦਾ ਨਾਮ ਦੱਸ ਕੇ ਕਿਹਾ ਕਿ ਉਹਦਾ ਲੇਖ ਹੈ ਸ਼ੈਕਸਪੀਅਰ ਉੱਤੇ ਲਿਖਿਆ ਹੋਇਆ ਹੈ। ਬੜਾ ਵਧੀਆ। ਅਗਲੇ ਅੰਕ ਵਿਚ ਲਾਵਾਂਗੇ।
ਮੈਂ ਸੋਚਿਆ ਜਿਹੜਾ ਬੰਦਾ ਪੰਜਾਬੀ ਦੇ ਲੇਖਕਾਂ ਨੂੰ ਨਹੀਂ ਪੜ੍ਹਦਾ। ਆਖਦਾ ਹੈ ਦੂਜਿਆਂ ਨੂੰ ਪੜ੍ਹਣ ਨਾਲ ਮੌਲਿਕਤਾ ਨਹੀਂ ਰਹਿੰਦੀ। ਕੱਸੀ ਨਾ ਟੱਪਣ ਵਾਲੇ ਨੇ ਐਡੀ ਵੱਡੀ ਛਾਲ ਮਾਰੀ ਕਿ ਨਹਿਰਾਂ ਟੱਪਣ ਲੱਗ ਪਿਆ?
ਮੈਂ ਅਣਖੀ ਨੂੰ ਉਂਗਲ ਲਾਈ ਕਿ ਇਹਨੇ ਜ਼ਰੂਰ ਕਿਸੇ ਤੋਂ ਗੱਲਾਂ ਸੁਣ ਸੁਣਾ ਕੇ ਲੇਖ ਲਿਖਿਆ ਹੋਣਾ ਹੈ। ਇਹਨੇ ਸ਼ੈਕਸਪੀਅਰ ਕਿਥੋਂ ਪੜ੍ਹ ਲਿਆ? ਇਹ ਤਾਂ ਨਵੀਂ ਅੰਗਰੇਜ਼ੀ ਤੋਂ ਵੀ ਪੈਦਲ ਹੈ ਤੇ ਸ਼ੈਕਸਪੀਅਰ ਪੁਰਾਣੀ ਅੰਗਰੇਜ਼ੀ ਵਿਚ ਲਿਖਦਾ ਸੀ, ਜਿਸ ਵਿਚ ਲਤੀਨੀ ਦੇ ਸ਼ਬਦਾਂ ਦੀ ਭਰਮਾਰ ਹੁੰਦੀ ਸੀ।
ਅਣਖੀ ਦੇ ਇਹ ਗੱਲ ਖਾਨੇ ਵੜ੍ਹ ਗਈ। ਉਹਨੇ ਮੈਨੂੰ ਲੇਖ ਪੜ੍ਹਾਇਆ।ਮੈਂ ਤਿੰਨ ਚਾਰ ਗੱਲਾਂ ਵਿਚੋਂ ਫੜ੍ਹ ਲਈਆਂ। ਇਕ ਤਾਂ ਉਹ ਲੇਖਕ ਸ਼ੈਕਸਪੀਅਰ ਨੂੰ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਪੁੱਤ ਦੱਸੀ ਜਾਂਦਾ ਸੀ। ਦੂਜਾ ਉਹਨੇ ‘ਸੰਨਜ਼ ਐਂਡ ਲਵਰ’ ਨਾਵਲ ਤੇ ਚਾਰਲਸ ਡਿਕਨਜ਼ ਦਾ ਨਾਵਲ ‘ਓਲੀਵਰ ਟਵਿਸਟ’ ਸ਼ੈਕਸਪੀਅਰ ਦੇ ਖਾਤੇ ਵਿਚ ਪਾਇਆ ਪਿਆ ਸੀ। ਮੈਂ ਅਣਖੀ ਨੂੰ ਦੱਸ ਦਿੱਤਾ ਕਿ ਸ਼ੈਕਸਪੀਅਰ ਆਜੜੀ ਦਾ ਪੁੱਤ ਸੀ ਤੇ ਨਾਟਕਕਾਰ ਸੀ।‘ਸੰਨਜ਼ ਐਂਡ ਲਵਰਜ਼’ ਡੀ. ਐਚ. ਲੌਰੰਸ ਦਾ ਨਾਵਲ ਉਸਦੀ ਆਪਣੀ ਜ਼ਿੰਦਗੀ ਉੱਤੇ ਅਧਾਰਤ ਸੀ ਤੇ ਉਹ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਮੁੰਡਾ ਸੀ, ਜੋ ਨੌਟਿੰਘਮ ਵਿਖੇ ਰਹਿੰਦਾ ਸੀ।
ਅਣਖੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸ਼ੈਕਸਪੀਅਰ ਨੂੰ ਪੜ੍ਹਿਆ ਹੈ ਤਾਂ ਮੈਂ ਕਿਹਾ, “ਹਾਂ ਜੀ, ਘੋਲ ਕੇ ਪੀਤਾ ਹੋਇਆ ਹੈ। ਕਿਉਂਕਿ ਸ਼ੈਕਸਪੀਅਰ ਮੇਰੇ ਇੰਗਲੀਸ਼ ਲਿਟਰੇਚਰ ਦੇ ਏ ਲੈਵਲ ਦੇ ਸਲੇਬਸ ਵਿਚ ਲੱਗਿਆ ਹੋਇਆ ਸੀ।ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਰੂਪਾਂਤਰਣ ਕਰਕੇ ਅਸੀਂ ਡਰਾਮੇ ਖੇਡਦੇ ਹੁੰਦੇ ਸੀ।”
ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੀਆਂ ਰਚਨਾਵਾਂ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈ, ਤੁਸੀਂ ਉਸ ਬਾਰੇ ਉਸਨੂੰ ਪੁਛਿਉ।ਮੈਂ ਅਣਖੀ ਨੂੰ ਨੁਕਸ ਦੱਸ ਦਿੱਤਾ ਤਾਂ ਅਣਖੀ ਨੂੰ ਚਾਅ ਚੜ੍ਹ ਗਿਆ,“ਹੁਣ ਆਪਾਂ ਇਹਨਾਂ ਡਾਕਟਰਾਂ ਜਿਹਾ ਨੂੰ ਕਹਿ ਸਕਦੇ ਹਾਂ ਬਈ ਐਡੇ ਵੱਡੇ ਲਿਖਾਰੀ ਵੀ ਗਲਤੀਆਂ ਕਰਦੇ ਹੁੰਦੇ ਸੀ। ਇਹ ਲੇਖ ਛਪਵਾ ਕੇ ਤਾਂ ਸਾਲੇ ਨੇ ਮਰਵਾ ਦੇਣਾ ਸੀ।ਲਿਆ ਉਹਨੂੰ ਫੋਨ ਕਰੀਏ।”
ਫੇਰ ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੇ ਰੋਮੀਉ ਜੁਲੀਅਟ ਅਤੇ ਹੀਰ ਵਾਰਿਸ ਸ਼ਾਹ ਵਿਚ 35 ਸਮਾਨਤਾਵਾਂ ਹਨ, ਤੁਸੀਂ ਉਹਨਾਂ ਬਾਰੇ ਉਸਨੂੰ ਪੁਛਿਉ? ਅਣਖੀ ਦੇ ਪੁੱਛੇ ਉੱਤੇ ਮੈਂ ਉਹ ਸਮਾਨਤਾਵਾਂ ਗਿਣਾ ਦਿੱਤੀਆਂ। ਜਿਨ੍ਹਾਂ ਵਿਚੋਂ ਪਾਠਕਾਂ ਦੀ ਦਿਲਚਸਪੀ ਲਈ ਇਕ ਦੱਸ ਰਿਹਾ ਹਾਂ ਕਿਉਂਕਿ ਸਾਰੀਆਂ ਵੱਖਰੇ ਲੇਖ ਦੀ ਮੰਗ ਕਰਦੀਆਂ ਹਨ।
ਹੀਰ ਦੇ ਪੇਕੇ ਸਿਆਲਾਂ ਅਤੇ ਰਾਝੇ ਦੇ ਪਰਿਵਾਰ ਤਖਤਹਜ਼ਾਰੇ ਵਾਲਿਆਂ ਵਿਚ ਆਪੋ ਆਪਣੇ ਦਰਜ਼ੇ ਨੂੰ ਲੈ ਕੇ ਹਾਉਮੇ ਸੀ। ਹੀਰ ਦੀ ਪਹਿਲੀ ਮੁਲਾਕਾਤ ਰਾਂਝੇ ਨਾਲ ਬੇੜੀ ਤੇ ਫਿਰ ਬਾਰਾਂਦਰੀ ਵਿਚ ਹੁੰਦੀ ਹੈ ਜੋ ਉਸਦੀ ਵਿਹਲਾ ਸਮਾਂ ਬਤੀਤ ਕਰਨ ਦੀ ਜਗ੍ਹਾ ਸੀ। ਪਹਿਲੀ ਮਿਲਣੀ ਵਿਚ ਹੀਰ ਰਾਂਝੇ ਦੇ ਛਮਕਾਂ ਮਾਰਦੀ ਹੈ।ਝਗੜੇ ਉਪਰੰਤ ਉਹਨਾਂ ਵਿਚ ਪਿਆਰ ਉਤਪਨ ਹੁੰਦਾ ਹੈ।ਇਵੇਂ ਹੀ ਜੁਲੀਅਟ ਅਤੇ ਰੋਮੀਉ ਦੋ ਮੌਨਟੀਗੀਉ ਅਤੇ ਕੈਪਲਟ ਘਰਾਨਿਆਂ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਵਿਚ ਵੀ ਉਹੀ ਖਾਨਾਜੰਗੀ ਸੀ।ਜੁਲੀਅਟ ਦੇ ਵਿਹਲਾ ਵਕਤ ਗੁਜ਼ਾਰਨ ਦਾ ਸਥਾਨ ਬਾਲਕੋਨੀ ਹੁੰਦਾ ਹੈ ਜਿਥੇ ਉਸਦੀ ਰੋਮੀਉ ਨਾਲ ਪ੍ਰਥਮ ਮਿਲਣੀ ਹੁੰਦੀ ਹੈ। ਦੋਨਾਂ ਦਾ ਤਕਰਾਰ ਹੁੰਦਾ ਹੈ ਜੋ ਬਾਅਦ ਵਿਚ ਮੁਹੱਬਤ ਵਿਚ ਤਬਦੀਲ ਹੋ ਜਾਂਦਾ ਹੈ।ਬਾਲਕੋਨੀ ਵਾਲੇ ਸੀਨ ਵਿਚਲਾ ਇਕ ਜੂਲੀਅਟ ਦਾ ਡਾਇਲੌਗ ਬਹੁਤ ਮਸ਼ਹੂਰ ਹੋਇਆ ਸੀ, ਜੋ ਐਕਟ ਦੋ ਦੇ ਸੀਨ ਦੋ ਵਿਚ ਆਉਂਦਾ ਹੈ, O Romeo, Romeo! Wherefore art thou Romeo” ਭਾਵ ਰੋਮੀਉ ਤੂੰ ਕਿਥੇ ਹੈਂ?
ਅਣਖੀ ਨੇ ਉਸ ਲੇਖਕ ਨੂੰ ਫੋਨ ਲਾ ਕੇ ਸਵਾਲ ਕੀਤੇ।ਉਸਨੂੰ ਇਕ ਦਾ ਵੀ ਜੁਆਬ ਨਾ ਆਇਆ। ਪਹਿਲਾਂ ਕਹੇ ਮੈਂ ਅੰਗਰੇਜ਼ੀ ਵਿਚ ਪੜ੍ਹਿਆ ਹੈ। ਫਿਰ ਮੁੱਕਰ ਗਿਆ ਕਿ ਮੈਂ ਅਨੁਵਾਦ ਪੜ੍ਹਿਆ ਹੈ।ਉਸ ਨੂੰ ਸ਼ੈਕਸਪੀਅਰ ਦੀ ਰਚਨਾ ਦਾ ਤਾਂ ਯਾਦ ਸੀ, ਪਰ ਅਨੁਵਾਦਕ ਦਾ ਨਾਮ ਭੁੱਲ ਚੁੱਕਾ ਸੀ! 
ਮੈਂ ਗੱਲਾਂਬਾਤਾਂ ਕਰਕੇ ਅਣਖੀ ਕੋਲੋਂ ਆ ਗਿਆ। ਹਫਤੇ ਬਾਅਦ ਅਣਖੀ ਦਾ ਫੋਨ ਆਇਆ, “ਉਹ ਬਈ ਉਹਦੀ ਥੋਡੇ ਇੰਗਲੈਂਡੀਏ ਦੀ ਚੋਰੀ ਫੜ੍ਹ’ਲੀ ਆਪਾਂ। ਹਿੰਦੀ ਦੇ ਰਸਾਲੇ ’ਚੋਂ ਚੋਰੀ ਕਰਕੇ ਲਿਖ ਲਿਆਇਆ ਸੀ। ਕਲਕੱਤੇ ਦੇ ਲੇਖਕ ਨੇ ਚਾਰ ਅੰਗਰੇਜ਼ੀ ਦੇ ਲੇਖਕਾਂ ਬਾਰੇ ਲਿਖਿਆ ਸੀ। ਇਹ ਉਹਦੇ ’ਚੋਂ ਸ਼ੈਕਸਪੀਅਰ ਨੂੰ ਬਾਹੋਂ ਫੜ੍ਹ ਕੇ ਖਿੱਚ ਲਿਆਇਆ ਸੀ।… ਲੀਰਾਂ ’ਕੱਠੀਆਂ ਕਰਕੇ ਲੇਖ ਬਣਾਇਆ। ਤੋਪੇ ਟੰਕੇ ਵੀ ਨ੍ਹੀ ਚੱਜ ਨਾਲ ਲਾ ਹੋਏ।”
ਲੇਖ ਨਾ ਛਪ ਸਕਿਆ ਤੇ ਉਹ ਮਹਾਨ ਲੇਖਕ ਜਦੋਂ ਕਦੇ ਮੌਕਾ ਮਿਲਦਾ ਹੈ ਮੇਰੇ ਬਾਰੇ ਰੱਜ ਕੇ ਭੜਾਸ ਕੱਢਦਾ ਹੈ। ਮੇਰਾ ਜ਼ਿਕਰ ਕਰਨ ’ਤੇ ਇੰਗਲੈਂਡ ਦਾ ਜਿਹੜਾ ਲੇਖਕ ਜ਼ਿਆਦਾ ਲੋਹਾ ਲਾਖਾ ਹੋਵੇ ਸਮਝ ਲੈਣਾ ਇਹ ਉਹੀ ਲੇਖਕ ਹੈ।
‘ਜੇ ਮੁੰਡਿਆ ਵੇ ਮੇਰੀ ਤੋਰ ਤੂੰ ਦੇਖਣੀ ਗੜ੍ਹਵਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੇ ਮਜ਼ਾਜਣ ਜਾਂਦੀ ਦਾ।’ ਗੀਤ ਦਾ ਰਚਿਆਰਾ ਇੰਦਰਜੀਤ ਹਸਨਪੁਰੀ ਇੰਗਲੈਂਡ ਆਇਆ। ਗੜ੍ਹਵਾ ਚਾਂਦੀ ਦਾ ਗੀਤ ਉਹਦਾ ਸਿਰਨਾਵਾਂ ਬਣ ਗਿਆ ਸੀ। ਅਸੀਂ ਇਕ ਮੁਸ਼ਾਇਰੇ ਵਿਚ ਮਿਲੇ। ਮੈਂ ਗੀਤਕਾਰ ਸੁਖਜੀਤ ਥਾਂਦੀ ਨੂੰ ਕਿਹਾ, “ਇਹ ਆਪਣਾ ਸੀਨੀਅਰ ਹੈ। ਚੱਲ ਰੇਸਟੋਰੈਂਟ ’ਚ ਲੈ ਕੇ ਚੱਲਦੇ ਹਾਂ। ਮੈਂ ਆਪਣੇ ਕਾਲਮ ‘ਲਫਜ਼ਾਂ ਦੇ ਦਰਵੇਸ਼’ (ਪੰਜਾਬ ਟਾਇਮਜ਼, ਯੂ. ਕੇ. ਵਿਚ ਛਪਿਆ ਲੜ੍ਹੀਵਾਰ ਕਾਲਮ) ਵਿਚ ਇਹਦਾ ਸ਼ਬਦ ਚਿੱਤਰ ਲਿਖੂੰਗਾ। ਨਾਲੇ ਪਤਾ ਕਰੀਏ ਇਹਨੇ ਕਿਹੜੇ ਕਿਹੜੇ ਪੈਂਤਰ ਖੇਡੇ ਨੇ।”
ਮੈਂ ਔਫ ਲਾਇਸੈਂਸ ਤੋਂ ਲਿੱਟਰ ਦੀ ਤਿੱਤਰ ਮਾਰਕਾ ਫੇਮਸ ਗਰੌਸ ਬੋਤਲ ਖਰੀਦੀ ਤੇ ਸਾਡੀਆਂ ਰੈਸਟੋਰੈਂਟ ਵਿਚ ਬੈਠਿਆਂ ਗੱਲਾਂਬਾਤਾਂ ਹੋਈਆਂ।ਉਨ੍ਹੀਂ ਦਿਨੀਂ ਜੱਗਬਾਣੀ ਵਿਚ ਹਸਨਪੁਰੀ ਲੇਖਕਾਂ ਦੇ ਕਾਵਿਕ ਰੇਖਾ ਚਿੱਤਰ ਲਿਖਦਾ ਹੁੰਦਾ ਸੀ ‘ਮੋਤੀ ਪੰਜ ਦਰਿਆਵਾਂ ਦੇ’।ਜੋ ਹਰ ਐਤਵਾਰ ਲਗਾਤਾਰ ਛਪਦੇ ਹੁੰਦੇ ਸਨ।ਜਦੋਂ ਤੀਜੇ ਕੁ ਪੈੱਗ ਨਾਲ ਹਸਨਪੁਰੀ ਲੋਰ ਜਿਹੀ ਵਿਚ ਆਇਆ ਤਾਂ ਮੈਂ ਉਹਨਾਂ ਰੇਖਾ ਚਿੱਤਰਾਂ ਦੀ ਤਾਰੀਫ ਕਰਨ ਦੀ ਗੁਸਤਾਖੀ ਕਰ ਬੈਠਾ।ਹਸਨਪੁਰੀ ਦੱਸਣ ਲੱਗਿਆ, “ਉਹ ਇੰਡੀਆ ਵਿਚ ਬਹੁਤ ਮਕਬੂਲ ਹੋਏ ਨੇ। ਤੁਹਾਡੇ ਇਥੋਂ ਦੇ ਤਿੰਨ ਲੇਖਕਾਂ ’ਤੇ ਵੀ ਲਿਖੇ ਨੇ। ਸੌ ਸੌ ਪੌਂਡ ਲਿਐ ਤਿੰਨਾਂ ਤੋਂ। ਤੁਸੀਂ ਵੀ ਕੱਢੋ ਤੁਹਾਡੇ ’ਤੇ ਵੀ ਲਿਖ ਦਿੰਦਾ ਹਾਂ।” 
“ਮੈਨੂੰ ਜੀ ਐਨੀ ਆਫਤ ਨਹੀਂ ਆਈ ਹੋਈ।ਮੈਂ ਨਾ ਤਾਂ ਕਦੇ ਕਿਤਾਬ ਦਾ ਮੁੱਖਬੰਦ ਲਿਖਵਾਇਐ, ਨਾ ਪਰਚੇ। ਮੈਂ ਤਾਂ ਆਪ ਦੂਜੇ ਲੇਖਕਾਂ ਬਾਰੇ ਲਿਖਦਾ ਹਾਂ। 167 ਲੇਖਿਕਾਂ ਬਾਰੇ ਲਿਖ ਚੁੱਕਿਆ ਹਾਂ। ਦੂਜੇ ਬਾਰੇ ਲਿਖਦਾ ਲਿਖਦਾ ਮੱਲਕ ਦੇਣੇ ਚੁਸਤੀ ਨਾਲ ਮੈਂ ਆਪਣੀ ਗੱਲ ਵੀ ਕਰ ਜਾਨਾਂ। ਅਗਲੇ ਦਾ ਪੱਜ ਮੇਰਾ ਰੱਜ।… ਨਾਲੇ ਜਿਦਣ ਮੈਨੂੰ ਆਪਣੇ ਬਾਰੇ ਲਿਖਵਾਉਣ ਦਾ ਦੌਰਾ ਪਿਆ। ਇਹ ਨਿੱਕਾ ਜਿਹਾ ਕੰਮ ਤਾਂ ਮੈਂ ਆਪ ਹੀ ਆਪਣੇ ’ਤੇ ਸਵੈਰੇਖਾ ਚਿੱਤਰ ਲਿਖ ਕੇ ਕਰ ਲੈਣਾ ਹੈ। ਮੈਨੂੰ ਮੇਰੇ ਨਾਲੋਂ ਵੱਧ ਕੌਣ ਜਾਣ ਸਕਦਾ ਹੈ? ਦੂਜਾ ਪਤਾ ਨਹੀਂ ਤੁਹਾਡੇ ਬਾਰੇ ਕੀ ਲਿਖੂਗਾ। ਏਦੂੰ ਚੰਗਾਂ ਨਹੀਂ ਕਿ ਆਪੇ ਆਪਣਾ ਸਿਰ ਪਲੋਸ ਕੇ ਆਪੇ ਬੁੱਢ ਸੁਹਾਗਣ ਕਹਿ ਲਵੋ।”
ਮੇਰਾ ਜੁਆਬ ਸੁਣ ਕੇ ਹਸਨਪੁਰੀ ਠੰਢਾਸੀਲਾ ਜਿਹਾ ਹੋ ਗਿਆ।ਜਦੋਂ ਅਸੀਂ ਬੋਤਲ ਦਾ ਥੱਲਾ ਵੇਹਲਾ ਕਰ ਦਿੱਤਾ ਤਾਂ ਹਸਨਪੁਰੀ ਦੇ ਫੇਰ ਵੱਟ ਉੱਠਿਆ, “ਮੇਰੀ ਮੰਨ ਮੈਂ ਉਹਨਾਂ ਰੇਖਾ ਚਿੱਤਰਾਂ ਦੀ ਕਿਤਾਬ ਛਾਪ ਦੇਣੀ ਐ। ਨਾਲੇ ਮੇਰੇ ਰੇਖਾ ਚਿੱਤਰ ਕਾਵਿਕ ਨੇ। ਕਿਸੇ ਨੇ ਲਿਖੇ ਨੇ ਅੱਜ ਤੱਕ ਪੰਜਾਬੀ ਵਿਚ ਇਹੋ ਜਿਹੇ? ਐਨਿਆਂ ਵਿਚੋਂ ਕਿਸੇ ਦੀ ਕੋਈ ਗੱਲ ਨਹੀਂ ਰਲਦੀ।ਦੱਸ ਪੈਹੇ ਘੱਟ ਕਰਲੂੰ?”
ਮੈਂ ਫੇਰ ਹਸਨਪੁਰੀ ਨੂੰ ਉਸਦੇ ਕਾਵਿਕ ਰੇਖਾ ਚਿੱਤਰਾਂ ਵਿਚੋਂ ਤਿੰਨ ਲੇਖਕਾਂ ਦੇ ਨਾਮ ਗਿਣਾ ਕੇ ਜੁਆਬ ਦਿੱਤਾ, “ਉਹਨਾਂ ’ਚੋਂ ਤਿੰਨਾਂ ਲੇਖਕਾਂ ਬਾਰੇ ਤੁਸੀਂ ‘ਬੀਬਾ’ ਸ਼ਬਦ ਵਰਤਿਆ ਹੈ ਤੇ ਤਿੰਨਾਂ ਦੀ ਪੱਗ ਬਾਰੇ ਵੀ ਇਕੋ ਜਿਹਾ ਵਰਣਨ ਕੀਤਾ ਹੈ ਤੇ ਤਿੰਨਾਂ ਦੀਆਂ ਪੱਗਾਂ ਦੇ ਸਟਾਇਲ ਵੱਖਰੇ ਹਨ।”
“ਅੱਛਾ ਮੈਨੂੰ ਨ੍ਹੀ ਪਤਾ? ਇਹ ਕਿਵੇਂ ਹੋ ਗਿਐ?” ਹਸਨਪੁਰੀ ਨੇ ਹੈਰਾਨੀ ਪ੍ਰਗਟ ਕੀਤੀ।
ਗਾਇਕ ਬਲਵਿੰਦਰ ਸਫਰੀ ਨੇ ਚੂੜ੍ਹੀਆਂ ਫਿਲਮ ਵਿਚ ਹਸਨਪੁਰੀ ਦਾ ਇਕ ਗੀਤ ਉਸ ਤੋਂ ਪੁੱਛੇ ਬਿਨਾ ਰਿਕਾਰਡ ਕਰਵਾ ਦਿੱਤਾ। ਉਸ ਗੀਤ ਦਾ ਜ਼ਿਕਰ ਆਇਆ ਤਾਂ ਹਸਨਪੁਰੀ ਤਪ ਗਿਆ, “ਮੈਂ ਸਫਰੀ ’ਤੇ ਕੇਸ ਕਰ ਦੇਣੈ।”
ਮੈਂ ਉਹਨੂੰ ਸਮਝਾਇਆ, “ਤੁਸੀਂ ਇਉਂ ਨਾ ਕਰੋ। ਸਫਰੀ ਆਪਣਾ ਮਿੱਤਰ ਹੀ ਹੈ। ਸਾਡਾ ਖਾਣ ਪੀਣ ’ਕੱਠਾ ਹੈ। ਤੁਹਾਨੂੰ ਤੁਹਾਡਾ ਮਿਹਨਤਾਨਾ ਦਿਵਾ ਦਿੰਦੇ ਹਾਂ।”
ਅਸੀਂ ਹਸਨਪੁਰੀ ਦੀ ਰੇਡੀਉ ’ਤੇ ਇੰਟਰਵਿਉ ਕੀਤੀ ’ਤੇ ਉਹੀ ਗੀਤ ਵਜਾਇਆ ਤਾਂ ਗੀਤ ਸੁਣ ਕੇ ਹਸਨਪੁਰੀ ਦਾ ਪਾਰਾ ਉਤਰ ਗਿਆ। ਉਸਨੂੰ ਸਫਰੀ ਨਾਲ ਕੋਈ ਗਿਲਾ ਨਹੀਂ ਸੀ ਰਿਹਾ। 
ਗੀਤਕਾਰ ਭੱਟੀਭੜ੍ਹੀ ਵਾਲੇ ਦਾ ਇਕ ਗੀਤ ਦੁਰਗੇ ਰੰਗੀਲੇ ਨੇ ਗਾਇਆ ਸੀ, ‘ਗਾਗਰ ਪਿਆਰ ਵਾਲੀ ਨੱਕੋ ਨੱਕ ਭਰੀ, ਕਿਸੇ ਠੀਕਰਾ ਬਣਾ ਕੇ ਦੇਣੀ ਧਰ ਸੱਜਣਾ। ਕਾਲਜ ਦੇ ਮੁੰਡਿਆਂ ਤੋਂ ਰੱਖੀ ਤੂੰ ਲੁਕਾ ਕੇ ਮੈਨੂੰ ਲੱਗੇ ਬਦਨਾਮੀ ਕੋਲੋ ਡਰ ਸੱਜਣਾ।’ ਗੀਤ ਚੱਲ ਗਿਆ ਤੇ ਭੱਟੀ ਦੀ ਸੰਗੀਤ ਮਾਰਕੀਟ ਵਿਚ ਗੀਤਾਂ ਵਾਲੀ ਗਾਗਰ ਵੀ ਭਰਨ ਲੱਗੀ। ਭੱਟੀ ਮਕਬੂਲੀਅਤ ਦੇ ਨਸ਼ੇ ਵਿਚ ਆ ਗਿਆ ਤੇ ਉਸ ਨੇ ਮਨ ਵਿਚ ਭਰਮ ਪਾਲ ਲਿਆ ਕਿ ਹੁਣ ਉਹ ਜੋ ਵੀ ਲਿਖੂਗਾ, ਉਹ ਸ਼ਾਹਕਾਰ ਹੀ ਹੋਵੇਗਾ।ਸਰੋਤੇ ਉਸਨੂੰ ਮੂਲ-ਮੰਤਰ ਵਾਂਗ ਜਪੀ ਜਾਣਗੇ।ਉਸਨੇ ਗੀਤ ਲਿਖ ਮਾਰਿਆ, ‘ਫੋਟੋ ਖਿਚਣੀ ਗਵਾਂਡਣੇ ਤੇਰੀ ਨੀ ਕੰਧ ਉੱਤੇ ਰੱਖ ਕੈਮਰਾ।’
ਇਕ ਸਾਹਿਤਕ ਸਮਾਗਮ ਵਿਚ ਅਜੌਕੀ ਗੀਤਕਾਰੀ ਦਾ ਜ਼ਿਕਰ ਹੋਇਆ ਤਾਂ ਸਤਿਕਾਰਯੋਗ ਬਾਈ ਦੇਵ ਥਰੀਕਿਆਂ ਵਾਲੇ ਨੇ ਫੜ੍ਹ ਕੇ ਮਾੜੇ ਗੀਤਾਂ ਦੀ ਤੈਅ ਲਾ ਦਿੱਤੀ। ਭੱਟੀ ਦੇ ਉਪਰੋਕਤ ਗੀਤ ਉੱਤੇ ਟਿਪਣੀ ਕਰਦੇ ਹੋਏ ਉਹ ਕਹਿਣ ਲੱਗੇ, “ਸਾਡੇ ਪਿੰਡਾਂ ਵਿਚ ਜਦੋਂ ਦੋ ਭਰਾਵਾਂ ਦੀ ਵੰਡ ਹੁੰਦੀ ਹੈ ਤਾਂ ਘਰ ਵਿਚ ਵਿਚਾਲੇ ਕੰਧ ਕੱਢ ਦਿੱਤੀ ਜਾਂਦੀ ਹੈ। ਗੁਆਂਢੀ ਘਰ ਚਾਚੇ ਤਾਏ ਦਾ ਹੁੰਦਾ ਹੈ। ਤੁਸੀਂ ਕੰਧ ’ਤੇ ਕੈਮਰਾ ਰੱਖ ਕੇ ਭੈਣਾਂ ਦੀਆਂ ਫੋਟੋਆਂ ਖਿੱਚਣ ਲੱਗ ਪਏ ਹੋ। ਨਾਲੇ ਸਾਡੀ ਪ੍ਰੰਪਰਾ ਤੇ ਸਭਿਆਚਾਰ ਤਾਂ ਇਹ ਹੈ ਕਿ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ। ਇਹ ਕਿਧਰ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਗੀਤਕਾਰੀ ਨੂੰ?”
ਮੈਂ ਤੇ ਨਿੰਦਰ ਘੁੰਗਆਣਵੀ ਚੰਡੀਗੜ੍ਹ ਗਏ। ਨਿੰਦਰ ਕਹਿਣ ਲੱਗਾ ਟ੍ਰਿਬਿਉਨ ਦੇ ਦਫਤਰ ਚੱਲਦੇ ਹਾਂ ਮੈਂ ਲੇਖ ਦੇ ਕੇ ਆਉਣਾ ਹੈ।ਮੈਂ ਕਿਹਾ, “ਚੱਲ, ਟ੍ਰਿਬਿਉਨ ਦਾ ਸਹਾਇਕ ਸੰਪਾਦਕ ਦਲਵੀਰ ਸਿੰਘ ਮੇਰਾ ਮਿੱਤਰ ਹੈ। ਉਹਨੂੰ ਵੀ ਬਹਾਨੇ ਨਾਲ ਮਿਲ ਹੋ ਜਾਊਗਾ।ਉਹਨਾਂ ਨੇ ਪਿਛਲੇ ਹਫਤੇ ਐਤਵਾਰ ਦੀ ਐਡੀਸ਼ਨ ਵਿਚ ਮੇਰਾ ਲੇਖ ‘ਪਿਆਰ ਪਿਆਰ ਪਿਆਰ’ ਬਹੁਤ ਵਧੀਆ ਕਰਕੇ ਛਾਪਿਆ ਸੀ, ਉਸਦਾ ਧੰਨਵਾਦ ਵੀ ਕਰ ਦੇਵਾਂਗੇ।”
ਟ੍ਰਿਬਿਊਨ ਦੇ ਦਫਤਰ ਦੀਆਂ ਪੌੜ੍ਹੀਆਂ ਚੜ੍ਹਦਿਆਂ ਹੋਇਆਂ ਮੈਂ ਨਿੰਦਰ ਨੂੰ ਕਿਹਾ, “ਯਾਰ ਇਥੇ ਤਾਂ ਆਪਣਾ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਵੀ ਕੰਮ ਕਰਦੈ। ਆਪਾਂ ਉਹਨੂੰ ਜ਼ਰੂਰ ਮਿਲ ਕੇ ਜਾਣਾ ਹੈ। ਮੇਰੇ ਇਲਾਕੇ ਦਾ ਹੈ। ਉਹ ਸਿਧਵਾਂ ਬੇਟ ਕੋਲ ਮਦਾਰੇ ਦਾ।”
ਨਿੰਦਰ ਕਹਿੰਦਾ, “ਠੀਕ ਹੈ ਜੇ ਹੋਇਆ ਤਾਂ ਮਿਲ ਲਵਾਂਗੇ।” 
ਅਸੀਂ ਸਿੱਧਾ ਸੰਪਾਦਕ ਦੇ ਦਫਤਰ ਵਿਚ ਦਲਬੀਰ ਸਿੰਘ ਕੋਲ ਜਾ ਬੈਠੇ। ਸਿੰਗਾਰਾ ਸਿੰਘ ਭੁੱਲਰ ਮੁੱਖ ਸੰਪਾਦਕ ਸੀ। ਉਹਨਾਂ ਦਿਨਾਂ ਵਿਚ ਮੈਂ ਇਕ ਪੁਲਿਸ ਕੇਸ ਵਿਚ ਕਸੁਤਾ ਫਸਿਆ ਸੀ। ਮੈਨੂੰ ਕਿਸੇ ਨੇ ਕਿਹਾ ਸੀ।ਭੁੱਲਰ ਤੇਰੀ ਮਦਦ ਕਰ ਸਕਦਾ ਹੈ। ਭੁੱਲਰ ਨੂੰ ਮੈਂ ਪਹਿਲੀ ਵਾਰ ਮਿਲਿਆ ਸੀ। ਗੱਲਾਂਬਾਤਾਂ ਕਰਦੇ ਤੇ ਚਾਹ ਪਾਣੀ ਪੀ ਰਹੇ ਸੀ ਕਿ ਐਨੇ ਨੂੰ ਮੇਰੇ ਪਿਛਿਉਂ ਕਿਸੇ ਨੇ ਆ ਕੇ ਮਾਰਕ ਕਰਨ ਲਈ ਇਕ ਸਫਾ ਮੇਜ਼ ’ਤੇ ਰੱਖ ਦਿੱਤਾ। ਮੈਂ ਪਿਛੇ ਦੇਖਿਆ ਤਾਂ ਇਹ ਸਫਾਰੀ ਸੂਟ ਪਾਈ, ਹਰੀ ਪੱਗ ਬੰਨ੍ਹੀ ਖੜ੍ਹਾ ਬਾਈ ਸ਼ਮਸ਼ੇਰ ਸੰਧੂ ਸੀ।
ਨਿੰਦਰ ਨੂੰ ਤਾਂ ਉਹ ਜਾਣਦਾ ਸੀ। ਪਰ ਮੈਨੂੰ ਉਸ ਨੇ ਨਹੀਂ ਸੀ ਦੇਖਿਆ। ਦਲਬੀਰ ਸਿੰਘ ਨੇ ਸੰਧੂ ਨੂੰ ਮੇਰੇ ਵੱਲ ਇਸ਼ਾਰਾ ਕਰ ਕੇ ਕਿਹਾ, “ਪਤੈ ਇਹ ਮੁੰਡਾ ਕੌਣ ਐ?... ਇੰਗਲੈਂਡ ਦਾ ਚਰਚਿਤ ਕਹਾਣੀਕਾਰ ਬਲਰਾਜ ਸਿੱਧੂ।”
“ਉਹ ਅੱਅਛਾ ਅੱਛਾ।” ਸੰਧੂ ਨੇ ਮੇਰੇ ਵੱਲ ਦੇਖਿਆ।
ਮੈਂ ਅਦਬ ਨਾਲ ਖੜ੍ਹਾ ਹੋ ਕੇ ਮਿਲਾਉਣ ਲਈ ਹੱਥ ਕੱਢਿਆ ਤਾਂ ਸੰਧੂ ਨੇ ਮੇਰਾ ਹੱਥ ਫੜ੍ਹ ਕੇ ਮੈਨੂੰ ਕਲਾਵੇ ਵਿਚ ਲੈ ਲਿਆ, “ਮੇਰਾ ਦਫਤਰ ਹੇਠਲੀ ਮੰਜ਼ਿਲ ’ਤੇ ਹੈ। ਜਾਂਦਾ ਹੋਇਆ ਮਿਲ ਕੇ ਜਾਈਂ।”
“ਜੀ ਜ਼ਰੂਰ, ਮੈਂ ਆਪ ਤੁਹਾਨੂੰ ਮਿਲਣਾ ਚਾਹੁੰਦਾ ਸੀ ਹਜ਼ੂਰ।”
ਸੰਧੂ ਚਲਾ ਗਿਆ ਤੇ ਮੈਂ ਬੈਠ ਗਿਆ।ਮੱਠੀਆਂ ਖਾਹ ਕੇ ਅਸੀਂ ਦਲਬੀਰ ਸਿੰਘ ਤੋਂ ਵਿਦਾਅ ਲੈ ਕੇ ਸੰਧੂ ਦੇ ਦਫਤਰ ਵਿਚ ਜਾ ਬੈਠੇ।ਸਾਹਿਤ, ਸੰਗੀਤ ਅਤੇ ਨਿੱਜੀ ਜ਼ਿੰਦਗੀ ਬਾਰੇ ਸਾਡੀਆਂ ਗੱਲਾਂ ਹੁੰਦੀਆਂ ਰਹੀਆਂ।ਮੈਂ ਸੰਧੂ ਨੂੰ ਦੱਸਿਆ ਕਿ ਮੈਂ ਜਗਰਾਮਾਂ ਦਾ ਹਾਂ ਤੇ ਮੇਰੇ ਦਾਦਕੇ ਤੇ ਨਾਨਕਿਆਂ ਦੇ ਐਨ ਵੱਖੀ ਉੱਤੇ ਉਹਦਾ ਪਿੰਡ ਮਦਾਰਾ ਹੈ। ਇਹ ਸੁਣ ਕੇ ਉਸਦੀਆਂ ਗੱਲਾਂ ਵਿਚ ਹੋਰ ਵੀ ਅਪਨਾਪਨ ਛਲਕ ਪਿਆ। ਮੈਂ ਸੰਧੂ ਦੀਆਂ ਕਈ ਕਹਾਣੀਆਂ ਬਾਰੇ ਉਸ ਕੋਲ ਜ਼ਿਕਰ ਕੀਤਾ। ਉਸਦੀ ਇਕ ਕਹਾਣੀ ‘ਗੱਛਾ ਨਚਾਰ’ ਮੈਨੂੰ ਬਹੁਤ ਪਸੰਦ ਸੀ।ਉਹਦੀਆਂ ਕਹਾਣੀਆਂ ਵਿਚੋਂ ਸਾਡੇ ਪਿੰਡ ਬੋਲਦੇ ਹਨ। ਉਹਨਾਂ ਦਿਨਾਂ ਵਿਚ ਸੰਧੂ ਦਾ ਗੀਤ ‘ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ। ਤੇਰੇ ’ਚੋਂ ਤੇਰਾ ਯਾਰ ਬੋਲਦਾ।’ ਬਹੁਤ ਹਿੱਟ ਹੋਇਆ ਸੀ। ਇਕ ਹੋਰ ਗੀਤ ਸੰਧੂ ਦਾ ਉਦੋਂ ਕਾਫੀ ਚੱਲ ਰਿਹਾ ਸੀ, ‘ਜੱਟ ਦੀ ਪਸੰਦ ਜੱਟ ਨੇ ਵਿਆਹਣੀ ਐ।’ ਇਸ ਗੀਤ ਵਿਚ ਇਕ ਸੱਤਰ ਆਉਂਦੀ ਸੀ, ‘ਬਾਹਮਣਾਂ ਦੀ ਨਹੀਂ ਜੱਟ ਦੀ ਇਹ ਯਾਰੀ ਹੈ।’ ਇਸਦਾ ਪਡੰਤਾਂ ਦੇ ਮੁੰਡਿਆਂ ਨੇ ਕਾਫੀ ਇਤਰਾਜ਼ ਕੀਤਾ ਸੀ।
ਮੈਂ ਸੰਧੂ ਨੂੰ ਸੁਆਲ ਕੀਤਾ, “ਬਾਹਮਣਾਂ ਦੀ ਤਸ਼ਬੀਹ ਦੇਣ ਦੀ ਬਜਾਏ ਕੋਈ ਹੋਰ ਨਹੀਂ ਸੀ ਦਿੱਤੀ ਜਾ ਸਕਦੀ?”
“ਆਪਣੇ ਪਿੰਡਾਂ ਦੀ ਬੋਲੀ ਹੈ ਹੀ ਇਹੋ ਜਿਹੀ ਐ, ਮੈਂ ਕੀ ਕਰਾਂ?”
ਇਸ ਇਤਰਾਜ਼ ਦਾ ਸੰਧੂ ਨੂੰ ਇਕ ਇਹ ਫਾਇਦਾ ਹੋ ਗਿਆ ਕਿ ਲੋਕਾਂ ਦਾ ਧਿਆਨ ਕੇਵਲ ‘ਬਾਹਮਣਾਂ’ ਸ਼ਬਦ ਉੱਤੇ ਕੇਦ੍ਰਿਤ ਹੋ ਕੇ ਰਹਿ ਗਿਆ ਤੇ ਕਿਸੇ ਨੇ ਗੌਰ ਨਹੀਂ ਕੀਤੀ ਕਿ ਇਸ ਗੀਤ ਵਿਚ ਇਕ ਕਾਫੀਆ ਦੋਸ਼ ਵੀ ਹੈ, ਜੋ ਸ਼ਾਇਦ ਸੰਧੂ ਨੂੰ ਵੀ ਨਹੀਂ ਪਤਾ ਹੋਵੇਗਾ। ਜੋ ਹੁਣ ਤੱਕ ਢੱਕਿਆ ਹੀ ਰਹਿ ਗਿਆ ਹੈ।ਸੰਧੂ ਨੇ ‘ਤੂੰ ਨ੍ਹੀਂ ਬੋਲਦੀ ਰਕਾਨੇ ਦਾ’ ਜੁਆਬ ਲਿਖਿਆ ਸੀ ਜੋ ਉਸ ਨੇ ਅਜੇ ਰਿਕਾਰਡ ਕਰਨਾ ਸੀ। ਸੰਧੂ ਸਾਨੂੰ ਉਹ ਸੁਣਾਉਣ ਲੱਗ ਪਿਆ।ਹੋਰ ਵੀ ਉਸਨੇ ਕਈ ਗੀਤ ਸੁਣਾਏ। ਅਸੀਂ ਅੱਧੇ ਪੌਣੇ ਘੰਟੇ ਬਾਅਦ ਸੰਧੂ ਨੂੰ ਅਲਵਿਦਾ ਆਖ ਕੇ ਆ ਗਏ।
ਸੰਧੂ ਦਾ ਮੇਰੇ ’ਤੇ ਕਾਫੀ ਪ੍ਰਭਾਵ ਪੈ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਉਸ ਨੂੰ ਆਕੜਖੋਰ ਸਮਝਦਾ ਹੁੰਦਾ ਸੀ। ਪਰ ਉਹ ਸਾਡੇ ਨਾਲ ਬਹੁਤ ਪਿਆਰ ਅਤੇ ਸਲੀਕੇ ਨਾਲ ਪੇਸ਼ ਆਇਆ ਸੀ। ਗੱਡੀ ਵਿਚ ਬੈਠਦਿਆਂ ਹੀ ਮੈਂ ਨਿੰਦਰ ਕੋਲ ਸੰਧੂ ਦਾ ਗੁਣਗਾਨ ਸ਼ੂਰੂ ਕਰ ਦਿੱਤਾ, “ਨਿੰਦਰਾ, ਇਹ ਤਾਂ ਬੜ੍ਹਾ ਨਾਇਸ ਬੰਦੈ ਯਾਰ।… ਇਹ ਪਹਿਲਾਂ ਕਹਾਣੀਕਾਰ ਬਣ ਕੇ ਉਭਰਿਆ। ਫਿਰ ਇਹ ਰੇਖਾ ਚਿੱਤਰ ਲਿਖਣ ਲੱਗ ਪਿਆ। ਇਹਦਾ ਗਾਇਕਾਂ ਨਾਲ ਸੰਪਰਕ ਬਣ ਗਿਆ ਤੇ ਇਹ ਗੀਤਕਾਰ ਬਣ ਗਿਆ।ਮੇਰੇ ਨਾਲ ਵੀ ਏਕਣ ਹੀ ਹੋਇਆ। ਨਾਲੇ ਅਖਬਾਰਾਂ ਦੀਆਂ ਨੌਕਰੀਆਂ। ਮੇਰੀਆਂ ਤੇ ਇਹਦੀਆਂ ਕਈ ਗੱਲਾਂ ਰਲਦੀਆਂ। ਸਾਡੇ ਗੋਤਾਂ ਵਿਚ ਵੀ ਸੇਮ ਹੀ ਅੱਖਰ ਨੇ ਬਸ ਲਗਾਂ ਮਾਤਰਾ ਦਾ ਵੀ ਫਰਕ ਐ।… ਸੰਧੂ, ਬਿੰਦਰਖੀਏ ਤੇ ਅਤੁਲ ਸ਼ਰਮੇ ਦੀ ਤਿਕੜੀ ਏਸ ਵੇਲੇ ਚੋਟੀ ’ਤੇ ਐ। ਕੋਈ ਗੀਤ ਭੁੰਜੇ ਨ੍ਹੀਂ ਡਿੱਗਣ ਦਿੰਦੇ। ਧੂੜਾਂ ਪੱਟੀ ਜਾਂਦੇ ਨੇ।…”
ਨਿੰਦਰ ਬਿਮਾਰ ਕੁਕੜੀ ਵਾਂਗ ਗਰਦਨ ਢਿੱਲੀ ਕਰਕੇ ਅੱਧਸੁੱਤਾ ਜਿਹਾ ਹੋ ਗਿਆ।
ਮੈਂ ਥਰੀਕੇ ਗਿਆ ਤਾਂ ਸੰਧੂ ਬਾਰੇ ਗੱਲ ਚੱਲ ਪਈ। ਬਾਈ ਦੇਵ ਕਹਿਣ ਲੱਗਾ, “ਸੰਧੂ ਦਾ ਲੇਖ ਪੜ੍ਹਿਐ? ਲਿਖਦੈ ਮਲਕੀਤ ਦੀ ਅਵਾਜ਼ ਜ਼ੁਕਾਮੀ ਹੋਈ ਐ।”
ਮੈਂ ਸੁਣ ਕੇ ਹੈਰਾਨ ਹੋ ਗਿਆ।ਐਨਾ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਕਿਵੇਂ ਲਿਖ ਸਕਦਾ ਹੈ? ਐਮ ਬੀ ਈ (Member of British Empire) ਗੋਲਡਨ ਸਟਾਰ ਮਲਕੀਤ ਤਾਂ ਕਈ ਵਰ੍ਹਿਆਂ ਤੋਂ ਗਾਇਕੀ ’ਤੇ ਰਾਜ ਕਰ ਰਿਹਾ ਹੈ। ਉਸਦਾ ਨਾਂ ਤਾਂ ਗਿਨੀਜ਼ ਬੁੱਕ ’ਚ ਦਰਜ਼ ਹੈ। ਮੈਂ ਅਚਾਨਕ ਬੋਲ ਪਿਆ, “ਭਲਾਂ ਮਲਕੀਤ ਨੇ ਸੰਧੂ ਦਾ ਕੋਈ ਗੀਤ ਗਾਇਐ?”
“ਮੈਨੂੰ ਨ੍ਹੀਂ ਲਗਦੈ।”
“ਬਸ ਫੇਰ। ਇਕ ਚੋਟੀ ਦਾ ਗੀਤਕਾਰ, ਦੂਜਾ ਪੱਤਰਕਾਰ, ਤੀਜਾ ਟੌਪ ਦੇ ਅਖਬਾਰ ਦੀ ਨੌਕਰੀ ਤੇ ਚੌਥਾ ਜੱਟ ਤੇ ਫੇਰ ਉਹਵੀ ਮਾਲਵੇ ਦਾ। ਸੰਧੂ ’ਚ ਜੱਟਵਾਦ ਆ ਗਿਆ ਹੋਣੈ। ਕਹਿੰਦਾ ਹੋਊ ਵੱਡਿਆ ਗਾਇਕਾ ਲਿਆ ਤੈਨੂੰ ਕਲਮ ਦੀ ਤਾਕਤ ਦਿਖਾਈਏ… ਮਲਕੀਤ ਨੂੰ ਇੰਗਲੈਂਡ ਜਾ ਕੇ ਕਹੂੰ ਸੰਧੂ ਦਾ ਇਕ ਗੀਤ ਕਰ ਲੈ। ਆਪੇ ਅਗਲੇ ਲੇਖ ਵਿਚ ਉਹਨੂੰ ਨੁਸਰਤ ਦੇ ਸਿਰ ’ਤੇ ਬਹਾ’ਦੂ।”
ਅਸੀਂ ਹੱਸ ਪਏ। 
ਸਾਡਾ ਇਕ ਕਵੀ ਕਈ ਸਾਲਾਂ ਤੋਂ ਲਗਾਤਾਰ ਇੰਗਲੈਂਡ ਦੇ ਅਖਬਾਰਾਂ ਦੇ ਸਪੈਸ਼ਲ ਅੰਕਾਂ ਵਿਚ ਛਪਦਾ ਸੀ। ਇਕ ਵਾਰ ਉਹਦੀ ਕਵਿਤਾ ਕਿਸੇ ਕਾਰਨ ਛਪਣ ਤੋਂ ਰਹਿ ਗਈ।ਉਸ ਅੰਕ ਵਿਚ ਮੇਰੀ ਛੇ ਸਫਿਆਂ ਦੀ ਕਹਾਣੀ ਲੱਗੀ ਸੀ। ਕਵੀ ਨੇ ਦੂਜੇ ਲੇਖਕਾਂ ਨੂੰ ਫੋਨ ਕਰਕੇ ਆਪਣੀ ਭੜਾਸ ਮੇਰੇ ’ਤੇ ਕੱਢੀ, “ਪੇਪਰ ਚੁੱਕ ਕੇ ਦੇਖੋ ਛੇ ਸਫੇ ਖਰਾਬ ਕਰ’ਤੇ।ਬੇੜਾ ਈ ਗਰਕ ਹੋਇਆ ਪਿਐ। ਨਿਕੰਮਿਆਂ ਨੂੰ ਕੁਸ਼ ਆਉਂਦਾ ਈ ਨ੍ਹੀਂ। ਮੇਰੀ ਐਡੀ ਵਧੀਆ ਛੋਟੀ ਜਿਹੀ ਕਵਿਤਾ ਨਹੀਂ ਲਾਈ।” ਜਦੋਂ ਉਹਦੀ ਕਵਿਤਾ ਛਪਦੀ ਸੀ ਉਦੋਂ ਉਹੀ ਅਖਬਾਰ ਵਾਲੇ ਉਹਦੇ ਕਹਿਣ ਮੁਤਾਬਿਕ ‘ਬੜ੍ਹੇ ਪਾਰਖੂ’ ਸਨ।ਪੰਜਾਬੀ ਲੇਖਕਾਂ ਦੇ ਸਬਰ ਦੀ ਹੱਦ ਦੇਖੋ।

ਬਾਕੀ ਅਗਲੇ ਹਫ਼ਤੇ....

Print this post

1 comment:

DHARMINDER BHANGOO said...

Balraj g bahut khoob...
agle post di udeek hai.